ਗਾਲੇਂ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਆਲਰਾਊਂਡਰ ਹਾਰਦਿਕ ਪਾਂਡਯਾ ਭਾਰਤ ਦਾ ਬੇਨ ਸਟੋਕਸ ਬਣ ਸਕਦਾ ਹੈ। ਵਿਰਾਟ ਨੇ 23 ਸਾਲਾ ਪੰਡਯਾ ਦੇ ਪ੍ਰਭਾਵਸ਼ਾਲੀ ਟੈਸਟ ਡੈਬਿਊ ਨੂੰ ਦੇਖਦੇ ਹੋਏ ਕਿਹਾ ਕਿ ਜਦੋਂ ਤੁਸੀਂ ਆਪਣੇ ਘਰ ‘ਚੋਂ ਬਾਹਰ ਵਿਦੇਸ਼ੀ ਧਰਤੀ ‘ਤੇ ਖੇਡਦੇ ਹੋ ਤਾਂ ਇੱਕ ਆਲਰਾਊਂਡਰ ਤੁਹਾਨੂੰ ਕਾਫ਼ੀ ਸੰਤੁਲਨ ਦਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਹਾਰਦਿਕ ‘ਚ ਉਹ ਪ੍ਰਤਿਭਾ ਮੌਜੂਦ ਹੈ।
ਪੰਡਯਾ ਨੇ ਸ਼੍ਰੀਲੰਕਾ ਵਿਰੁੱਧ ਗਾਲੇ ‘ਚ ਪਹਿਲੇ ਟੈਸਟ ਵਿੱਚ ਆਪਣਾ ਟੈਸਟ ਡੈਬਿਊ ਕੀਤਾ। ਉਸ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ 49 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ ਸਨ ਤੇ ਸ਼੍ਰੀਲੰਕਾ ਦੀ ਪਹਿਲੀ ਪਾਰੀ ‘ਚ ਇੱਕ ਵਿਕਟ ਲਈ ਸੀ। ਉਸ ਨੂੰ ਸ਼੍ਰੀਲੰਕਾ ਦੀ ਦੂਜੀ ਪਾਰੀ ਵਿੱਚ ਕੋਈ ਵਿਕਟ ਨਹੀਂ ਮਿਲੀ ਪਰ ਉਸ ਨੇ ਆਪਣੀਆਂ ਸ਼ਾਰਟ ਪਿੱਚ ਗੇਂਦਾਂ ਨਾਲ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਸੀ।
ਭਾਰਤ ਦੀ ਪਹਿਲੇ ਟੈਸਟ ਵਿੱਚ 304 ਦੌੜਾਂ ਦੀ ਰਿਕਾਰਡ ਜਿੱਤ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਜੇਕਰ ਹਾਰਦਿਕ ਦਾ ਆਤਮ-ਵਿਸ਼ਵਾਸ ਵਧਦਾ ਰਿਹਾ ਤਾਂ ਉਹ ਸਟੋਕਸ ਵਰਗਾ ਬਣ ਸਕਦਾ ਹੈ। ਸਟੋਕਸ ਇੰਗਲੈਂਡ ਦੀ ਟੀਮ ਨੂੰ ਇੱਕ ਸੰਤੁਲਨ ਦਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਹਾਰਦਿਕ ਵੀ ਭਾਰਤੀ ਟੀਮ ਲਈ ਉਹੀ ਕੰਮ ਕਰ ਸਕਦਾ ਹੈ।
ਭਾਰਤੀ ਕਪਤਾਨ ਨੇ ਕਿਹਾ ਕਿ ਪਹਿਲੀ ਪਾਰੀ ਵਿੱਚ ਹਾਰਦਿਕ ਨੂੰ ਜ਼ਿਆਦਾ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ ਪਰ ਦੂਜੀ ਪਾਰੀ ਵਿੱਚ ਉਸ ਨੇ ਅਜਿਹੀ ਵਿਕਟ ‘ਤੇ ਬਿਹਤਰੀਨ ਗੇਂਦਬਾਜ਼ੀ ਕੀਤੀ, ਜਿਸ ਤੋਂ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ। ਉਸ ਨੇ ਬਾਊਂਸਰਾਂ ਦਾ ਚੰਗਾ ਇਸਤੇਮਾਲ ਕੀਤਾ। ਉਸਦੀਆਂ ਗੇਂਦਾਂ ਦੀ ਰਫ਼ਤਾਰ 135 ਕਿ. ਮੀ. ਪ੍ਰਤੀ ਘੰਟਾ ਸੀ। ਉਹ ਸਾਡੇ ਲਈ ਇੱਕ ਬੇਸ਼ਕੀਮਤੀ ਖਿਡਾਰੀ ਹੈ ਤੇ ਮੈਂ ਇਹ ਜ਼ਿਕਰ ਪਹਿਲਾਂ ਵੀ ਕਰ ਚੁੱਕਾ ਹਾਂ।
ਪੰਡਯਾ ਦੀ ਬੱਲੇਬਾਜ਼ੀ ਦੇ ਵੀ ਮੁਰੀਦ ਨਜ਼ਰ ਆ ਰਹੇ ਵਿਰਾਟ ਨੇ ਕਿਹਾ ਕਿ ਉਸ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਉਸ ਨੇ ਤੇਜ਼ੀ ਨਾਲ 50 ਦੌੜਾਂ ਬਣਾਈਆਂ ਤੇ ਸਾਡਾ ਸਮਾਂ ਵੀ ਬਚਾਇਆ। ਇਸ ਨਾਲ ਤੁਹਾਨੂੰ ਵਿਰੋਧੀ ਟੀਮ ਵਿਰੁੱਧ ਸੁੱਟਣ ਲਈ 15 ਓਵਰ ਹੋਰ ਮਿਲ ਜਾਂਦੇ ਹਨ। ਨਾਲ ਹੀ ਉਸ ਦੀ ਫ਼ੀਲਡਿੰਗ ਵੀ ਜ਼ਬਰਦਸਤ ਹੈ। ਮੈਨੂੰ ਉਸ ‘ਤੇ ਕਾਫ਼ੀ ਭਰੋਸਾ ਹੈ। ਟੈਸਟ ਕ੍ਰਿਕਟ ਲਈ ਉਸ ਦੇ ਕੋਲ ਤਕਨੀਕ ਹੈ। ਉਹ ਨਿਸ਼ਚਿਤ ਤੌਰ ‘ਤੇ ਇੱਕ ਚੰਗਾ ਬੱਲੇਬਾਜ਼ ਹੈ।















