ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਅਮੀਰ ਬੋਰਡ ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਹੋਣ ਦੇ ਰਾਹ ‘ਚ ਰੋੜਾ ਬਣਿਆ ਹੋਇਆ ਹੈ। ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਮੰਗ ਪਹਿਲਾਂ ਤੋਂ ਹੁੰਦੀ ਰਹੀ ਹੈ ਪਰ ਇਸ ਨੂੰ ਕਾਫ਼ੀ ਗੰਭੀਰਤਾ ‘ਚ ਨਹੀਂ ਲਿਆ ਗਿਆ। ਇਸ ਵਾਰ ਜਦੋਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਖੁਦ ਇਸ ਲਈ ਕੋਸ਼ਿਸ਼ ਕਰ ਰਹੀ ਹੈ ਤਾਂ ਬੀ. ਸੀ. ਸੀ. ਆਈ. ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਲ ਕਰਨ ‘ਚ ਰੁਕਾਵਟ ਬਣ ਰਹੀ ਹੈ।
ਬੀ. ਸੀ. ਸੀ. ਆਈ. ਨੂੰ ਆਪਣੇ ਰੁਤਬੇ ਦੇ ਖੋਹਣ ਦਾ ਡਰ
(ਆਈ. ਸੀ. ਸੀ.) ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਟੀ-20 ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਕਰਨਾ ਚਾਹੁੰਦੇ ਹਨ ਪਰ ਬੀ. ਸੀ. ਸੀ. ਆਈ. ਇਸ ਲਈ ਸਹਿਮਤ ਨਹੀਂ ਹੈ। ਬੀ. ਸੀ. ਸੀ. ਆਈ. ਦੇ ਓਲੰਪਿਕ ‘ਚ ਸ਼ਾਮਲ ਨਾ ਹੋਣ ਦਾ ਮੁੱਖ ਕਾਰਣ ਉਸ ਦੀ ਮੁਖਤਿਆਰੀ ਖਤਮ ਹੋਣਾ ਹੈ। ਬੀ. ਸੀ. ਸੀ. ਆਈ. ਨਹੀਂ ਚਾਹੁੰਦੀ ਕਿ ਉਸ ਦੀ ਰੁਤਬੇ ‘ਤੇ ਕੋਈ ਖਤਰਾ ਪੈਦਾ ਹੋਵੇ।
ਆਈ. ਓ. ਏ. ਨਾਲ ਆਪਣੀ ਕਮਾਈ ਸਾਂਝਾ ਨਹੀਂ ਕਰਨਾ ਚਾਹੁੰਦੀ ਬੀ. ਸੀ. ਸੀ.ਆਈ.
ਬੀ. ਸੀ. ਸੀ. ਆਈ. ਦੇ ਵਿਰੋਧ ਦਾ ਦੂਜਾ ਕਾਰਨ ਉਸ ਦੀ ਕਮਾਈ ਹੈ, ਜੇਕਰ ਬੀ. ਸੀ. ਸੀ. ਆਈ., ਇੰਟਰਨੈਸ਼ਲ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਆਪਣੀ ਕਮਾਈ ਵੰਡਣੀ ਪਵੇਗੀ, ਜੋ ਉਹ ਬਿਲਕੁਲ ਵੀ ਨਹੀਂ ਚਾਹੁੰਦਾ। ਆਈ. ਸੀ. ਸੀ., ਬੀ. ਸੀ. ਸੀ. ਆਈ. ਨੂੰ ਰਾਜੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੀ. ਸੀ. ਸੀ. ਆਈ. ਜਿਹੇ ਅਮੀਰ ਬੋਰਡ ਅਤੇ ਭਾਰਤ ਜਿਹੀ ਵੱਡੀ ਟੀਮ ਦੇ ਬਿਨਾ ਕ੍ਰਿਕਟ ਦੇ ਕਿਸੇ ਵੀ ਵੱਡੇ ਟੂਰਨਾਮੈਂਟ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ।
ਆਈ. ਸੀ. ਸੀ. ਕੋਲ ਸਤੰਬਰ ਤਕ ਦਾ ਸਮਾਂ
ਆਈ. ਸੀ. ਸੀ. ਕੋਲ ਸਤੰਬਰ ਤੱਕ ਦਾ ਸਮਾਂ ਹੈ, ਜਿਸ ਦੇ ਅੰਦਰ ਉਸ ਨੂੰ ਆਈ. ਓ. ਸੀ. ਨੂੰ ਆਪਣਾ ਫ਼ੈਸਲਾ ਦੱਸਣਾ ਹੈ ਤਾਂ ਜੋ ਇਸ ਦੇ ਅੱਗੇ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ। ਸੁਪਰੀਮ ਕੋਰਟ ਵਲੋਂ ਗਠਿਤ ਪ੍ਰਬੰਧਕਾਂ ਦੀ ਕਮੇਟੀ ਨੇ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਨਾਲ ਕ੍ਰਿਕਟ ਨੂੰ ਓਲੰਪਿਕ ‘ਚ ਸ਼ਾਮਲ ਕਰਨ ਸੰਬੰਧਿਤ ਰਿਪੋਰਟ ਮੰਗੀ ਹੈ।
ਬੀ. ਸੀ. ਸੀ. ਆਈ. ਜੇਕਰ ਸਹਿਮਤ ਹੁੰਦਾ ਹੈ ਤਾਂ 2024 ਦੇ ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਓਲੰਪਿਕ ‘ਚ ਕ੍ਰਿਕਟ ਦਾ ਆਯੋਜਨ 1900 ਪੈਰਿਸ ਓਲੰਪਿਕ ‘ਚ ਕੀਤਾ ਗਿਆ ਸੀ।












