ਜ਼ੀਰਕਪੁਰ : ਢਕੌਲੀ ਖੇਤਰ ’ਚ ਰਹਿੰਦੇ ਪਰਵਾਸੀ ਪਰਿਵਾਰ ਦੀ 11 ਸਾਲਾ ਬੱਚੀ ਨਾਲ ਪਿਤਾ ਵੱਲੋਂ ਜਬਰ-ਜ਼ਿਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਢਕੌਲੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਬੱਚੀ ਦੀ ਪਛਾਣ ਕਾਨੂੰਨੀ ਕਾਰਨਾਂ ਕਰਕੇ ਗੁਪਤ ਰੱਖੀ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਕੌਲੀ ਇੰਚਾਰਜ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਢਕੌਲੀ ਖੇਤਰ ’ਚ ਰਹਿੰਦੇ ਪਰਵਾਸੀ ਪਰਿਵਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਵਿਅਕਤੀ ਨੇ ਆਪਣੀ ਹੀ 11 ਸਾਲਾ ਧੀ ਨਾਲ ਜਬਰ-ਜ਼ਿਨਾਹ ਕੀਤਾ ਹੈ।
ਸ਼ਿਕਾਇਤ ਮਿਲਦੇ ਹੀ ਪੁਲਸ ਨੇ ਬਿਨਾਂ ਕਿਸੇ ਦੇਰੀ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਮੁਲਜ਼ਮ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਪਰਿਵਾਰ ਸਮੇਤ ਢਕੌਲੀ ਖੇਤਰ ’ਚ ਰਹਿ ਰਿਹਾ ਸੀ। ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਮਾਮਲੇ ਨਾਲ ਸਬੰਧਿਤ ਹੋਰ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ। ਪੁਲਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਹਿਤਾਂ ਨੂੰ ਧਿਆਨ ’ਚ ਰੱਖਦਿਆਂ ਇਸ ਸਮੇਂ ਇਸ ਤੋਂ ਵੱਧ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।















