ਨਵੀਂ ਦਿੱਲੀ – ਤਿੰਨ ਦਿਨ ਪਹਿਲਾਂ ਡੋਪਿੰਗ ਦੇ ਚਲਦੇ ਚਾਰ ਮਹੀਨਿਆਂ ਲਈ ਬੈਨ ਹੋਏ ਅਹਿਮਦ ਸ਼ਾਹਜ਼ਾਦ ਦੇ ਕੇਸ ‘ਚ ਨਵਾਂ ਮੋੜ ਆਇਆ ਹੈ। ਸ਼ਾਹਜ਼ਾਦ ਦੇ ਡੋਪਿੰਗ ਟੈੱਸਟ ‘ਚ ਫ਼ੇਲ ਹੋਣ ਪਿੱਛੇ ਦੀ ਵਜ੍ਹਾ ਉਸ ਦੀ ਪਤਨੀ ਨੂੰ ਦੱਸਿਆ ਗਿਆ ਹੈ। ਮਈ ਮਹੀਨੇ ‘ਚ ਪੰਜ ਟੀਮਾਂ ਦੇ ਵਨ ਡੇ ਟੂਰਨਾਮੈਂਟ ਦੌਰਾਨ ਸ਼ਾਹਜ਼ਾਦ ਦਾ ਯੂਰਿਨ ਸੈਂਪਲ ਲਿਆ ਗਿਆ ਸੀ ਜਿਸ ਦੇ ਜਾਂਚ ‘ਚ ਉਹ ਇੱਕ ਪਾਬੰਦੀਸ਼ੁਦਾ ਦਵਾਈ ਖਾਣ ਦਾ ਦੋਸ਼ੀ ਪਾਇਆ ਗਿਆ। 11 ਜੂਨ ਨੂੰ ਪਾਕਿਸਤਾਨ ਬੋਰਡ ਨੂੰ ਇਸ ਦੀ ਜਾਣਕਾਰੀ ਮਿਲੀ। ਅਹਿਮਦ ਨੂੰ ਪਾਕਿਸਤਾਨ ਕੱਪ ਟੂਰਨਾਮੈਂਟ ‘ਚ 3 ਮਈ ਨੂੰ ਬਲੋਚਿਸਤਾਨ ਲਈ ਮੈਚ ਖੇਡਣਾ ਸੀ ਜਿਸ ਟੀਮ ਦੀ ਉਹ ਅਗਵਾਈ ਵੀ ਕਰ ਰਿਹਾ ਸੀ। ਮੈਚ ਵਾਲੇ ਦਿਨ ਜਦੋਂ ਉਹ ਸਵੇਰੇ ਸੌਂ ਕੇ ਉੱਠਆ ਤਾਂ ਉਨ੍ਹਾਂ ਨੂੰ ਚੱਕਰ ਆਇਆ ਅਤੇ ਉਸ ਦਾ ਮਨ ਘਬਰਾਉਣ ਲੱਗਾ। ਸ਼ਾਹਜ਼ਾਦ ਨੇ ਆਪਣੀ ਪਤਨੀ ਤੋਂ ਦਵਾਈ ਮੰਗੀ। ਉਸ ਦੀ ਪਤਨੀ ਨੇ ਗ਼ਲਤੀ ਨਾਲ ਉਸ ਨੂੰ ਮਾਂ ਵਲੋਂ ਲਈ ਜਾਣ ਵਾਲੀ ਕੈਂਸਰ ਦੀ ਦਵਾਈ ਦੇ ਦਿੱਤੀ। ਸ਼ਾਹਜ਼ਾਦ ਇਸ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਆਮਤੌਰ ‘ਤੇ ਗ੍ਰੈਵੀਨੈਟ ਹੀ ਖਾਂਦਾ ਸੀ।
ਅਹਿਮਦ ਸ਼ਾਹਜ਼ਾਦ ਨੇ ਆਪਣੇ ਦਾਵਿਆਂ ਦੀ ਪੁਸ਼ਟੀ ਲਈ ਪੀ.ਸੀ.ਬੀ. ਨੂੰ ਆਪਣੀ ਮਾਂ ਦੀਆਂ ਦਵਾਈਆਂ ਵਾਲੀ ਪਰਚੀ ਅਤੇ ਕਈ ਮੈਡੀਕਲ ਰਿਕਾਰਡ ਪੇਸ਼ ਕੀਤੇ। ਉਸ ਨੇ ਆਪਣਾ ਚਰਿਤਰ ਪ੍ਰਮਾਣ ਪੱਤਰ ਵੀ ਪੀ.ਸੀ.ਬੀ. ਦੇ ਸਾਹਮਣੇ ਪੇਸ਼ ਕੀਤਾ ਜਿਸ ‘ਤੇ ਉਨ੍ਹਾਂ ਨੂੰ ਡੋਪ ਟੈੱਸਟਿੰਗ ਦੇ ਸਮੇਂ ਮੌਜੂਦਾ ਰਹੇ ਫ਼ਿਜੀਓਥੈਰੇਪਿਸਟ, ਮੁੱਖ ਕੋਚ ਮਿਕੀ ਆਰਥਰ, ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਅਤੇ ਆਲਰਾਊਂਡਰ ਸ਼ੋਇਬ ਮਲਿਕ ਨੇ ਹਸਤਾਖਰ ਕੀਤੇ ਸਨ, ਇਸ ਤੋਂ ਬਾਅਦ ਪੀ.ਸੀ.ਬੀ. ਨੇ ਇਹ ਗੱਲ ਸਾਫ਼ ਕੀਤੀ ਕਿ ਸ਼ਾਹਜ਼ਾਦ ਦੀ ਅਜਿਹਾ ਕਰਨ ਦੀ ਇੱਛਾ ਨਹੀਂ ਸੀ, ਉਸ ਤੋਂ ਅਣਜਾਣੇ ‘ਚ ਹੋਇਆ ਅਤੇ ਇਸੇ ਕਾਰਨ ਉਨ੍ਹਾਂ ‘ਤੇ ਲਗਾਇਆ ਗਿਆ ਬੈਨ ਬੈਕਡੇਟ ਤੋਂ ਲਾਗੂ ਹੋਇਆ।











