ਪਟਨਾ ਪੁੱਜੇ PM ਮੋਦੀ, ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਕੀਤਾ ਉਦਘਾਟਨ, ਫਿਰ ਕੱਢਿਆ ਰੋਡ ਸ਼ੋਅ

ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪਟਨਾ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਅਤੇ ਸ਼ਹਿਰ ਦੇ ਬਾਹਰਵਾਰ ਬਿਹਟਾ ਹਵਾਈ ਅੱਡੇ ‘ਤੇ ਇੱਕ ਨਵੇਂ ਸਿਵਲ ਐਨਕਲੇਵ ਦਾ ਨੀਂਹ ਪੱਥਰ ਰੱਖਿਆ। ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਵੀਂ ਯਾਤਰੀ ਟਰਮੀਨਲ ਇਮਾਰਤ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ, ਜਦੋਂ ਕਿ ਬਿਹਟਾ ਵਿੱਚ ਹਵਾਈ ਸੈਨਾ ਦੇ ਅੱਡੇ ‘ਤੇ ਸਿਵਲ ਐਨਕਲੇਵ 1,410 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਲਗਭਗ 1,200 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਨਵਾਂ ਟਰਮੀਨਲ ਪ੍ਰਤੀ ਸਾਲ 1 ਕਰੋੜ ਯਾਤਰੀਆਂ ਨੂੰ ਸੰਭਾਲ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਪਟਨਾ ਹਵਾਈ ਅੱਡੇ ‘ਤੇ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਸਮੇਤ ਹੋਰਾਂ ਦੀ ਮੌਜੂਦਗੀ ਵਿੱਚ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਮੋਦੀ ਬਿਹਾਰ ਦੇ ਦੋ ਦਿਨਾਂ ਦੌਰੇ ‘ਤੇ ਪੱਛਮੀ ਬੰਗਾਲ ਤੋਂ ਇੱਥੇ ਪਹੁੰਚੇ ਸਨ। ਉਦਘਾਟਨ ਤੋਂ ਬਾਅਦ ਪੀਐੱਮ ਮੋਦੀ ਵਲੋਂ ਪਟਨਾ ਹਵਾਈ ਅੱਡੇ ਦੇ ਨੇੜੇ ਅਰਣਿਆ ਭਵਨ ਤੋਂ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਲੋਕਾਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਵਿਚਕਾਰ ਪ੍ਰਧਾਨ ਮੰਤਰੀ ਦੇ ਕਾਫਲੇ ‘ਤੇ ਫੁੱਲਾਂ ਦੀ ਵਰਖਾ ਕੀਤੀ।