ਨੌਜਵਾਨਾਂ ਲਈ ਨਵੀਂ ਲੀਹ ਪਾ ਰਿਹੈ ਪਿੰਡ ਕੰਡਾਲਾ ਦਾ ਡੇਅਰੀ ਫਾਰਮਰ ਸੁਖਵਿੰਦਰ ਸਿੰਘ

ਡੇਅਰੀ ਫਾਰਮਿੰਗ ਦੇ ਧੰਦੇ ‘ਚੋਂ ਖਰਚੇ ਕੱਢ ਕੇ ਬਚਾ ਰਿਹਾ ਹੈ 50 ਤੋਂ 60 ਹਜ਼ਾਰ ਪ੍ਰਤੀ ਮਹੀਨਾ
ਮੰਡੀਕਰਨ ਖ਼ੁਦ ਕਰਨ ਸਦਕਾ ਮਿਲ ਰਹੀ ਹੈ ਕਾਮਯਾਬੀ
ਪੈਕਿੰਗ ਮਸ਼ੀਨ ਨਾਲ ਤਿਆਰ ਕਰਦਾ ਹੈ ਅੱਧਾ-ਅੱਧਾ ਕਿੱਲੋ ਦੇ ਦੁੱਧ ਦੇ ਪੈਕੇਟ
ਮੁੱਖ ਤੌਰ ‘ਤੇ ਚੰਡੀਗੜ੍ਹ ਵਿਖੇ ਸਿੱਧਾ ਘਰਾਂ ਤੱਕ ਪੁੱਜਦਾ ਕਰਦਾ ਹੈ ਦੁੱਧ
ਐਸ.ਏ.ਐਸ.ਨਗਰ- ਜ਼ਿਲ੍ਹੇ ਦੇ ਪਿੰਡ ਕੰਡਾਲਾ ਦੇ ਨੌਜਵਾਨ ਡੇਅਰੀ ਫਾਰਮਰ ਸੁਖਵਿੰਦਰ ਸਿੰਘ ਨੇ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਨਵੀਆਂ ਲੀਹਾਂ ਪਾ ਕੇ ਜਿੱਥੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ ਹੈ, ਉੱਥੇ ਉਹ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣਿਆ ਹੈ। ਦੁੱਧ ਉਤਪਾਦਨ ਤੋਂ ਲੈ ਕੇ ਪੈਕਿੰਗ ਅਤੇ ਘਰ-ਘਰ ਦੁੱਧ ਪੁੱਜਦਾ ਕਰਨਾ ਦਾ ਕੰਮ ਉਹ ਖ਼ੁਦ ਕਰਦਾ ਹੈ, ਜਿਸ ਨਾਲ ਸਾਰੇ ਖਰਚੇ ਕੱਢਣ ਉਪਰੰਤ ਉਸ ਨੂੰ ਔਸਤਨ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਬੱਚਤ ਹੁੰਦੀ ਹੈ।
ਸੰਨ 2012 ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਹੱਲਾਸ਼ੇਰੀ ਮਿਲਣ ਸਦਕਾ ਇਸ ਨੌਜਵਾਨ ਨੇ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਪੈਰ ਰੱਖਿਆ ਤੇ ਹੁਣ ਉਸ ਕੋਲ 45 ਗਾਵਾਂ ਹਨ ਤੇ ਰੋਜ਼ਾਨਾ ਦਾ ਦੁੱਧ ਉਤਪਾਦਨ 03 ਕੁਇੰਟਲ ਦੇ ਕਰੀਬ ਹੈ। ਉਸ ਨੇ ਇਹ ਧੰਦਾ ਸ਼ੁਰੂ ਕਰਨ ਲਈ ਕਰਜ਼ਾ ਵੀ ਲਿਆ ਸੀ, ਜਿਸ ‘ਤੇ ਉਸ ਨੂੰ ਸਬਸਿਡੀ ਵੀ ਮਿਲੀ। ਇਸ ਦੇ ਨਾਲ-ਨਾਲ ਉਸ ਨੇ ਡੇਅਰੀ ਵਿਕਾਸ ਵਿਭਾਗ ਕੋਲੋਂ 45 ਦਿਨਾਂ ਦੀ ਟ੍ਰੇਨਿੰਗ ਵੀ ਲਈ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਧੰਦੇ ਵਿਚ ਕਾਮਯਾਬੀ ਮਿਲਣ ਦਾ ਸਭ ਤੋਂ ਵੱਡਾ ਕਾਰਨ ਮੰਡੀਕਰਨ ਖੁਦ ਕਰਨਾ ਹੈ। ਉਸ ਕੋਲ 05 ਕੁਇੰਟਲ ਦੀ ਸਮਰੱਥਾ ਵਾਲਾ ਬਲਕ ਮਿਲਕ ਕੂਲਰ (ਬੀ.ਐਮ.ਸੀ) ਅਤੇ ਇੱਕ ਪੈਕਿੰਗ ਮਸ਼ੀਨ ਵੀ ਹੈ, ਜਿਸ ਨਾਲ ਉਹ ਅੱਧਾ-ਅੱਧਾ ਕਿੱਲੋ ਦੇ ਦੁੱਧ ਦੇ ਪੈਕੇਟ ਤਿਆਰ ਕਰ ਕੇ ਮੁੱਖ ਤੌਰ ਉੱਤੇ ਚੰਡੀਗੜ੍ਹ ਵਿਖੇ ਘਰਾਂ ਤੱਕ ਪੁੱਜਦੇ ਕਰਦਾ ਹੈ।
ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਤਪਾਦਾਂ ਦੇ ਮਿਆਰ ਵੱਲ ਧਿਆਨ ਦੇਣਾ ਲਾਜ਼ਮੀ ਹੈ ਕਿਉਂਕਿ ਮਿਆਰੀ ਉਤਪਾਦ ਦੇ ਮੰਡੀਕਰਨ ਵਿੱਚ ਸਮੱਸਿਆ ਨਹੀਂ ਆਉਂਦੀ। ਲੋਕ ਆਪਣੀ ਸਿਹਤ ਸਬੰਧੀ ਜਾਗਰੂਕ ਹੋ ਰਹੇ ਹਨ ਅਤੇ ਚੰਗੇ ਉਤਪਾਦ ਲਈ ਵੱਧ ਪੈਸੇ ਵੀ ਖਰਚ ਕਰਦੇ ਹਨ। ਗਾਵਾਂ ਦੇ ਦੁੱਧ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਕਈ ਵਾਰ ਮੰਗ ਪੂਰੀ ਕਰਨ ਵਿਚ ਵੀ ਦਿੱਕਤ ਆਉਂਦੀ ਹੈ।
ਡੇਅਰੀ ਫਾਰਮਿੰਗ ਦੇ ਧੰਦੇ ਲਈ ਸੁਖਵਿੰਦਰ ਸਿੰਘ ਡੇਅਰੀ ਵਿਕਾਸ ਵਿਭਾਗ ਨਾਲ ਤਾਲਮੇਲ ਕਰ ਕੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਾ ਹੈ ਅਤੇ ਸਮੇਂ ਸਮੇਂ ‘ਤੇ ਵਿਭਾਗੀ ਅਧਿਕਾਰੀਆਂ ਤੋਂ ਜਾਣਕਾਰੀ ਵੀ ਹਾਸਿਲ ਕਰਦਾ ਰਹਿੰਦਾ ਹੈ। ਉਹ ਆਪਣੇ ਡੇਅਰੀ ਫਾਰਮ ਤੇ ਹਰੇ ਚਾਰੇ ਦਾ ਆਚਾਰ ਅਤੇ ਪਸ਼ੂਆਂ ਦੀ ਫੀਡ ਵੀ ਖ਼ੁਦ ਤਿਆਰ ਕਰਦਾ ਹੈ। ਉਸਨੇ ਦੱਸਿਆ ਕਿ ਗਾਹਕ ਤੱਕ ਸਿੱਧੀ ਪਹੁੰਚ ਸਦਕਾ ਹੀ ਡੇਅਰੀ ਫਾਰਮਰ ਨੂੰ ਚੰਗਾ ਮੁਨਾਫਾ ਹੁੰਦਾ ਹੈ ਤੇ ਇਸ ਵੇਲੇ ਉਹ 46 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦੁੱਧ ਵੇਚ ਰਿਹਾ ਹੈ।
ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਤਰੱਕੀ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਨੌਜਵਾਨ ਇਸ ਗੱਲ ਦਾ ਖਿਆਲ ਰੱਖਣ ਕਿ ਵਿਭਾਗ ਤੋਂ ਢੁੱਕਵੀ ਸਿਖਲਾਈ ਲੈ ਕੇ ਹੀ ਇਸ ਖੇਤਰ ਵਿਚ ਪੈਰ ਧਰਨ ਅਤੇ ਵਿਭਾਗੀ ਸਕੀਮਾਂ ਦੀ ਵੀ ਪੂਰੀ ਜਾਣਕਾਰੀ ਰੱਖਣ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਡੇਅਰੀ, ਐਸ.ਏ.ਐਸ.ਨਗਰ ਸ੍ਰ: ਕੁਲਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਜਾਂ ਦੁੱਧ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਨੂੰ ਵੱਖ-ਵੱਖ ਕਿਸਮ ਦੀਆਂ ਟ੍ਰੇਨਿੰਗਜ਼ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਚਾਰ ਹਫਤਿਆਂ ਦੀ ਡੇਅਰੀ ਉੱਦਮ ਸਿਖਲਾਈ, ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ ਪ੍ਰੋਗਰਾਮ ਅਤੇ ਡੇਅਰੀ ਉਤਪਾਦ ਸਿਖਲਾਈ ਸ਼ਾਮਲ ਹਨ। ਡੇਅਰੀ ਵਿਕਾਸ ਵਿਭਾਗ 02 ਜਾਂ 02 ਤੋਂ ਵੱਧ ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਬੈਂਕਾਂ ਤੋਂ ਕਰਜ਼ਿਆਂ ਦੀ ਸਹੂਲਤ ਸਿਖਲਾਈ ਪ੍ਰਾਪਤ ਲਾਭਪਾਤਰੀਆਂ ਨੂੰ ਦਿਵਾਉਂਦਾ ਹੈ। ਕਰਜ਼ੇ ਦੀ ਰਾਸ਼ੀ ਲਾਭਪਾਤਰੀਆਂ ਦੀ ਪਰਿਵਾਰਕ ਜ਼ਮੀਨ ਦੀ ਮੌਜੂਦਾ ਕੀਮਤ ਦੇ ਬਰਾਬਰ ਆਸਾਨ ਸ਼ਰਤਾਂ ਨਾਲ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਡੇਅਰੀ ਉੱਦਮ ਵਿਕਾਸ ਸਕੀਮ ਤਹਿਤ ਲਾਭਪਾਤਰੀ ਨੂੰ ਦੁੱਧ ਦੀ ਪੈਦਾਵਾਰ ਤੋਂ ਲੈ ਕੇ ਦੁੱਧ ਦੇ ਮੰਡੀਕਰਨ ਤੱਕ ਹਰ ਕੰਪੋਨੈਂਟ ਸਬੰਧੀ ਜਨਰਲ ਕੈਟਾਗਿਰੀ ਲਈ 25 ਫੀਸਦ ਤੇ ਅਨੁਸੂਚਿਤ ਜਾਤੀਆਂ ਲਈ 33 ਫੀਸਦ ਕੈਪੀਟਲ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਲੈਣ ਲਈ ਵਿਭਾਗ ਦੇ ਦਫਤਰ, ਕਮਰਾ ਨੰਬਰ 434-35 ਤੀਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ 76, ਐਸ.ਏ.ਐਸ.ਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।