ਨਿੰਦਰ ਘੁਗਿਆਣਵੀ
ਨਿਕੇ ਨਿੱਕੇ ਪਲ
ਇਸ ਹਫ਼ਤੇ ਦੀ ਇੱਕ ਤਾਰੀਖ਼ 6 ਜੂਨ ਸੀ। ਘੱਲੂਘਾਰਾ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਦੇ ਨਾਲ ਹੀ ਉਸ ਦਿਨ ਪਿਤਾ ਜੀ ਵੀ ਬੜਾ ਚੇਤੇ ਆਏ। 6 ਜੂਨ ਵਾਲੇ ਦਿਨ ਆਥਣੇ ਉਨਾਂ ਦਾ ਸੰਸਕਾਰ ਕਰ ਕੇ ਆਇਆ ਸਾਂ। 10 ਸਾਲ ਹੋ ਚੱਲੇ ਨੇ, ਕੋਈ ਦਿਨ ਐਸਾ ਨਹੀਂ ਲੰਘਿਆ ਜਦ ਪਿਤਾ ਚੇਤੇ ਨਾ ਆਇਆ ਹੋਵੇ, ਦੁੱਖ ‘ਚ ਵੀ ਅਤੇ ਸੁਖ ‘ਚ ਵੀ।
ਖਰਾ ਬੰਦਾ ਸੀ ਪਿਤਾ ਸਾਡਾ। ਦਿਲ ‘ਚ ਕੁੱਝ ਨਹੀ ਸੀ ਰੱਖਦਾ। ਅੰਤ ਤੀਕ ਖੇਤੀ ਅਤੇ ਹੱਟੀ ਕਰਦਾ ਰਿਹਾ। ਮੈਨੂੰ ਕਹਿੰਦਾ ਰਿਹਾ ਕਿ ਪੁੱਤਰਾ ਸੰਭਲ ਜਾ, ਮੇਰੇ ਮਗਰੋਂ ਪਛਤਾਏਂਗਾ ਤੂੰ, ਕੋਈ ਮਰਦਾ ਹੈ ਤੇ ਤੂੰ ਪਿਟਦਾ ਫ਼ਿਰਦੈਂ, ਕੋਈ ਜੰਮਦੈ ਤਾਂ ਤੂੰ ਭੰਗੜੇ ਪਾਉਂਦਾ ਫ਼ਿਰਦੈਂ। ਜੇਹੜੇ ਏਹ ਕੁਛ ਕੁ ਲੋਕਾਂ ਦਾ ਤੂੰ ਫ਼ਿਕਰ ਕਰਦਾ ਐਂ ਅਤੇ ਇਨਾਂ ਪਿਛੇ ਆਵਦੇ ਘਰੇ ਲੜਦਾ ਐਂ, ਮੇਰੇ ਮਗਰੋਂ ਏਹੀ ਲੋਕ ਤੇਰੇ ਪੈਰਾਂ ਹੇਠ ਕੰਡੇ ਬੀਜਣਗੇ, ਸੰਭਲ ਜਾਹ ਪੁੱਤਰਾ ਤੂੰ। ਪਿਤਾ ਦੀ ਇਹ ਗੱਲ ਸੁਣ ਮੈਂ ਭੜਕ ਜਾਂਦਾ ਅਤੇ ਉਲਟਾ ਉਨ੍ਹਾਂ ਨੂੰ ਵੀ ਬੁਰਾ ਭਲਾ ਆਖ ਜਾਂਦਾ ਸਾਂ।
ਗਾਇਕ ਮਿੱਤਰ ਹਰਦੇਵ ਮਾਹੀਨੰਗਲ ਇੱਕ ਵਾਰ ਨਿਊ ਜ਼ੀਲੈਂਡ ਤੋਂ ਏਧਰ ਆਇਆ ਹੋਇਆ ਸੀ। ਸਾਡੇ ਕੋਲ ਪਿੰਡ ਆ ਕੇ ਇੱਕ ਰਾਤ ਰਹਿੰਦਾ ਹੁੰਦਾ। ਆਖਣ ਲੱਗਿਆ ਕਿ ਅੰਕਲ ਜੀ ਤਾਂ ਚਲੇ ਗਏ ਨੇ, ਤਰੀ ਵਾਲਾ ਚਿਕਨ ਕਿਥੋਂ ਖਾਵਾਂਗੇ? ਮੈਂ ਆਖਿਆ, ਅਹੁ ਦੇਖ, ਬਣਿਆ ਪਿਐ, ਮੈਂ ਬਣਾਇਆ ਐ। ਚੌਬਾਰੇ ਦੀ ਛੱਤ ਉਤੇ ਬੈਠੇ ਸਾਂ। ਮਾਹੀਨੰਗਲ ਨੇ ਉਦਾਸ ਹੋ ਕੇ ਗਾਇਆ:
ਬਾਬਲ ਮਰ ਜਾਵਣ ਦਾ ਦੁਖ ਡਾਹਢਾ ਹੋਇਆ ਏ
ਸੱਪ ਵਾਂਗ ਸ਼ਰੀਕਾ ਵੀ, ਹੁਣ ਉੱਠ ਖਲੋਇਆ ਏ।
ਟਿਕੀ ਰਾਤ, ਗਮਗੀਨ ਗੀਤ ਸੁਣ ਅਸੀਂ ਸਾਰੇ ਰੋਣ ਲੱਗੇ ਅਤੇ ਬਾਪੂ ਨੂੰ ਯਾਦ ਕਰਦੇ ਰਹੇ। ਹੁਣ ਸਮਾਂ ਪੈ ਕੇ ਜਦੋਂ ਵੀ ਤਿੱਖੇ ਤਿੱਖੇ ਕੰਡੇ ਚੁਭੇ ਹਨ, ਪਿਤਾ ਨੂੰ ਚੇਤੇ ਕਰ ਕਰ ਫ਼ਿਰ ਰੋਇਆ ਹਾਂ ਕਿ ਮੈਂ ਬਾਪੂ ਤੇਰਾ ਆਖਿਆ ਮੰਨਿਆ ਹੁੰਦਾ, ਕਿੰਨਾ ਚੰਗਾ ਰਹਿੰਦਾ ਮੈਂ। ਮੈਨੂੰ ਸ਼ਰੀਕਾਂ ਅਤੇ ਰਿਸ਼ਤਿਆਂ ਦੀ ਸਮਝ ਪਿਤਾ ਦੇ ਸੰਸਾਰ ਤੋਂ ਚਲੇ ਜਾਣ ਬਾਅਦ ਹੀ ਆਈ ਹੈ।
ਕਿਹਾ ਕਰਦੇ ਨੇ ਕਿ ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਬਾਅਦ ‘ਚ ਈ ਪਤਾ ਲਗਦਾ ਹੁੰਦੈ। ਬਾਪੂ ਤੇਰਾ ਸੁਰਗੀਂ ਵਾਸਾ ਹੋਵੇ! ਹੁਣ ਮੈਂ ਤੇਰੇ ਆਖੇ ਲੱਗਿਆ ਕਰੂੰਗਾ, ਸੁਪਨੇ ‘ਚ ਆ ਕੇ ਸਮਝਾਇਆ ਕਰੀਂ ਮੈਨੂੰ! ਹੁਣ ਨੀ ਗ਼ਲਤੀ ਕਰਦਾ ਮੈਂ ਬਾਪੂ।
ਤੇਰਾ ਬੇਟਾ ਨਿੰਦਰ।
(ਓਹੜ ਪੋਹੜ)
ਮੇਰੀ ਦਾਦੀ ਦੇ ਓਹੜ ਪੋਹੜ ਅਜੇ ਵਿਸਾਰੇ ਨਹੀਂ ਮੈਂ। ਭਲੀ ਭਾਂਤ ਚੇਤੇ ਨੇ ਮੈਨੂੰ ਦਾਦੀ ਅਤੇ ਦਾਦੀਆਂ ਜਿਹੀਆਂ ਕਈ ਮਾਈਆਂ ਦੇ ਓਹੜ ਪੋਹੜ। ਕਦੇ ਕਦੇ ਹੁਣ ਵੀ ਅਜ਼ਮਾ ਲਈਦੇ ਨੇ ਉਹ। ਤਾਏ ਅਤੇ ਪਿਓ ਦੀ ਗੱਲ ਕਰਾਂ ਤਾਂ ਨਿਆਣਾ ਸਾਂ ਮੈਂ ਓਦੋਂ। ਉਨ੍ਹਾਂ ਨਾਲ ਅਕਸਰ ਈ ਖੇਤ ਚਲਿਆ ਜਾਂਦਾ। ਪੱਠੇ ਵਢਦਿਆਂ ਤਾਏ ਜਾਂ ਪਿਤਾ ਦੇ ਦਾਤਰੀ ਵੱਜ ਜਾਣੀ, ਲਹੂ ਵਗਣਾ, ਉਨਾਂ ਓਦੋਂ ਈ ਵੱਢੀ ਉਂਗਲ ‘ਤੇ ਝਟ ਮੂਤ ਲੈਣਾ। ਲਹੂ ਵਗਣਾ ਬੰਦ ਅਤੇ ਉਂਗਲ ਪੱਕਦੀ ਵੀ ਨਾ। ਸੋਚਦਾ ਸਾਂ ਕਿ ਸ਼ਾਇਦ ਇਥੋਂ ਈ ਇਹ ਮੁਹਾਵਰਾ ਬਣਿਆ ਹੋਵੇ ਕਿ ਫ਼ਲਾਣਾਂ ਤਾਂ ਵੱਢੀ ਉਂਗਲ ‘ਤੇ ਨਹੀਂ ਮੂਤਦਾ।
ਕਮਾਲ ਦੇ ਦਿਨ ਹੁੰਦੇ ਸਨ ਉਹ। ਨਿੱਕੇ ਨਿੱਕੇ ਨੁਸਖ਼ਿਆਂ ਨੂੰ ਓਹੜ ਪੋਹੜ ਆਖਣ ਲੱਗ ਗਏ! ਪੇਂਡੂ ਪਰਿਵਾਰ ਰੋਜ਼ਾਨਾ ਦੀ ਜਿੰਦਗੀ ‘ਚ ਓਹੜ ਪੋਹੜ ਕਰਦੇ ਰਹਿੰਦੇ। ਨਾ ਵੈਦ ਹਕੀਮ ਜਾਣ ਦੀ ਲੋੜ ਅਤੇ ਨਾ ਕੋਈ ਹੋਰ ਤਰੱਦਦ। ਇਨਾਂ ਓਹੜਾਂ ਪੋਹੜਾਂ ‘ਚ ਸਾਡੇ ਅਟੁੱਟ ਵਿਸ਼ਵਾਸ਼, ਸੇਵਾ ਭਰੀ ਭਾਵਨਾ ਅਤੇ ਵੱਡੀ ਆਸ ਹੁੰਦੀ ਸੀ, ਅਤੇ ਆਸ ਪੂਰੀ ਹੁੰਦੀ ਤਾਂ ਲੋਕ ਰਬ ਦਾ ਸੌ ਸੌ ਸ਼ੁਕਰਾਨਾ ਕਰਦੇ।
(ਬਾਕੀ ਫ਼ੇਰ ਸਹੀ)















