ਕੈਨੇਡਾ : ਕੈਨੇਡਾ ‘ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ਦੌਰਾਨ ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਜੀ ਦਾ ਦੇਹਾਂਤ ਹੋ ਗਿਆ। ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ ਦੀ ਸਵੇਰ ਨੂੰ ਕਰੀਬ 5 ਵਜੇ ਕਾਰ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਬਾਬਾ ਜੀ ਦੇ ਦੇਹਾਂਤ ਦੀ ਪੁਸ਼ਟੀ ਨਿਰੰਕਾਰੀ ਸਮਾਜ ਵਲੋਂ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਨਿਰੰਕਾਰੀ ਸੰਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਬਾਬਾ ਹਰਦੇਵ ਸਿੰਘ ਜੀ ਦਾ ਜਨਮ ਦਿੱਲੀ ‘ਚ 23 ਫਰਵਰੀ, 1954 ‘ਚ ਗੁਰਬਚਨ ਸਿੰਘ ਅਤੇ ਕੁਲਵੰਤ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਘਰ ‘ਚ ਹੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ 1963 ‘ਚ ਯਾਦਵਿੰਦਰ ਪਬਲਿਕ ਸਕੂਲ (ਬੋਰਡਿੰਗ ਸਕੂਲ), ਪਟਿਆਲਾ ‘ਚ ਦਾਖਲਾ ਲੈ ਲਿਆ। ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਬਾਬਾ ਜੀ ਨੇ ਦਿੱਲੀ ਯੂਨੀਵਰਸਿਟੀ ‘ਚ ਅਧਿਐਨ ਕੀਤਾ ਅਤੇ 1971 ‘ਚ ਨਿਰੰਕਾਰੀ ਸੇਵਾ ਦਲ ‘ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ 1975 ‘ਚ ਉਨ੍ਹਾਂ ਨੇ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੌਰਾਨ ਮਾਤਾ ਸਵਿੰਦਰ ਕੌਰ ਨਾਲ ਵਿਆਹ ਕਰ ਲਿਆ।















