ਚੰਡੀਗੜ੍ਹ : ਅੱਜ ਤੋਂ ਠੀਕ 22 ਸਾਲ ਪਹਿਲਾਂ ਕੁਝ ਦੇਸ਼ ਅਤੇ ਮਾਨਵਤਾ ਵਿਰੋਧੀ ਤਾਕਤਾਂ ਨੇ ਆਮ ਆਦਮੀ ਦੀ ਆਵਾਜ਼, ਸੱਚ ਦੀ ਆਵਾਜ਼ ਅਤੇ ਦੇਸ਼ ਲਈ ਦੇਸ਼ ਭਗਤੀ ਦੀ ਆਵਾਜ਼ ਨੂੰ ਹਿੰਸਾ ਰਾਹੀਂ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਸੱਚ ਲਈ ਲੜਣ ਵਾਲਾ ਕਲਮ ਦਾ ਇਕ ਸੱਚਾ ਸਿਪਾਹੀ ਹਮੇਸ਼ਾ ਲਈ ਇਸ ਕਰੂਰ ਹਿੰਸਾ ਦਾ ਸ਼ਿਕਾਰ ਤਾਂ ਹੋ ਗਿਆ, ਪਰ ਕੋਈ ਵੀ ਗੋਲੀ, ਬਾਰੂਦ ਉਸ ਦੀ ਆਵਾਜ਼ ਨੂੰ ਚੁੱਪ ਨਹੀਂ ਕਰਾ ਸਕਿਆ। 22 ਸਾਲ ਬਾਅਦ ਪੱਤਰਕਾਰਿਤਾ ਦੇ ਇਸ ਸਿਪਾਹੀ ਸ੍ਰੀ ਰਮੇਸ਼ ਚੰਦਰ ਜੀ ਦੀ ਆਵਾਜ਼ ਅੱਜ ਵੀ ਪੱਤਰਕਾਰਿਤਾ ਜਗਤ ਵਿਚ ਉਸੇ ਤਰ੍ਹਾਂ ਗੂੰਜ ਰਹੀ ਹੈ। ਲੋਕ ਅੱਜ ਵੀ ਉਹਨਾਂ ਨੂੰ ਇਕ ਨਿਡਰ, ਸੱਚੇ, ਸਪਸ਼ਟਵਾਦੀ ਇਨਸਾਨ ਦੇ ਰੂਪ ਵਿਚ ਯਾਦ ਕਰ ਰਹੇ ਹਨ, ਜਿਹਨਾਂ ਨੇ ਦੇਸ਼ ਅਤੇ ਸਮਾਜ ਲਈ ਆਪਣੇ ਜੀਵਨ ਦਾ ਸਰਵਉਚ ਬਲੀਦਾਨ ਕੀਤਾ।
ਪੱਤਰਕਾਰਿਤਾ ਨੂੰ ਇਕ ਨਵਾਂ ਮੋੜ ਦੇਣ ਵਾਲੇ ਰਮੇਸ਼ ਚੰਦਰ ਜੀ ਦੀ ਅੱਜ ਬਰਸੀ ‘ਤੇ ਲੋਕਾਂ ਨੇ ਉਹਨਾਂ ਨੂੰ ਯਾਦ ਕੀਤਾ ਅਤੇ ਗੱਲ ਕੀਤੀ ਉਹਨਾਂ ਦੇ ਪੱਤਰਕਾਰਿਤਾ ਦੇ ਪੱਧਰ ਅਤੇ ਮਾਨਵਤਾ ਲਈ ਉਹਨਾਂ ਦੇ ਸਮਰਪਣ ਦੀ। ਪੰਜਾਬ ਕੇਸਰੀ, ਦਿੱਲੀ ਦੇ ਚੰਡੀਗੜ੍ਹ ਦਫਤਰ ਵਿਚ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਟ੍ਰਾਈਸਿਟੀ ਦੇ ਸੀਨੀਅਰ ਪੱਤਰਕਾਰਾਂ ਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਰਮੇਸ਼ ਜੀ ਨੂੰ ਯਾਦ ਕਰਦੇ ਹੋਏ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮਾਗਮ ਵਿਚ ਪੰਜਾਬ ਲੋਕ ਸੰਪਰਕ ਵਿਭਾਗ ਦੀ ਨਿਰਦੇਸ਼ਕ ਸੇਨੂ ਦੁੱਗਲ ਵਿਸ਼ੇਸ਼ ਰੂਪ ਵਿਚ ਪਹੁੰਚੇ। ਰਮੇਸ਼ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੇਨੂ ਦੁੱਗਲ ਨੇ ਕਿਹਾ ਕਿ ਰਮੇਸ਼ ਜੀ ਨੇ ਪੰਜਾਬ ਦੇ ਉਸ ਕਾਲੇ ਦੌਰ ਵਿਚ ਵੀ ਨਿਰਡਰਤਾ ਨਾਲ ਪੱਤਰਕਾਰਿਤਾ ਦੇ ਨਵੇਂ ਮੋੜ ਸਥਾਪਿਤ ਕੀਤੇ। ਅੱਜ ਦੇ ਨੌਜਵਾਨ ਪੱਤਰਕਾਰਾਂ ਨੂੰ ਉਹਨਾਂ ਦੀ ਸੱਚਾਈ, ਨੈਤਿਕਤਾ ਤੋਂ ਪ੍ਰੇਰਣਾ ਲੈ ਕੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਦੇ ਸੱਚਾਈ ਦੇਰਸਤੇ ‘ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬ ਕੇਸਰੀ, ਦਿੱਲੀ ਚੰਡੀਗੜ੍ਹ ਦੀ ਬਿਊਰੋ ਚੀਫ ਡਾ. ਉਮਾ ਸ਼ਰਮਾ ਨੇ ਰਮੇਸ਼ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਰਮੇਸ਼ ਜੀ ਦਾ ਵਿਅਕਤੀਤਵ ਨਵੀਂ ਪੀੜ੍ਹੀ ਲਈ ਇਕ ਮਾਰਗ ਦਰਸ਼ਕ ਦੇ ਸਮਾਨ ਹੈ। ਉਹਨਾਂ ਨੇ ਦੇਸ਼ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਆਵਾਜ਼ ਬਣ ਕੇ ਪੱਤਰਕਾਰਿਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਉਹ ਜਿੰਨੇ ਮਹਾਨ ਪੱਤਰਕਾਰ ਸਨ, ਉਸ ਤੋਂ ਵੱਡੀ ਉਹਨਾਂ ਦੀ ਇਕ ਇਨਸਾਨ ਦੀ ਸ਼ਾਖ ਸੀ।
ਸੀਨੀਅਰ ਪੱਤਰਕਾਰ ਅਤੇ ਸੰਪਾਦਕ ਡਾ. ਚੰਦਰ ਤ੍ਰਿਪਾ ਨੇ ਵੀ ਸਵ. ਰਮੇਸ਼ ਚੰਦਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਪੱਤਰਕਾਰਿਤਾ ਵਿਚ ਦਿੱਤੇ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਅਜਿਹੇ ਉਲਟ ਹਾਲਾਤਾਂ ਵਿਚ ਆਪਣੀ ਕਲਮ ਦੀ ਤਾਕਤ ਨਾਲ ਅੱਤਵਾਦ ਦਾ ਪੁਰਜ਼ੋਰ ਵਿਰੋਧ ਕੀਤਾ, ਜਿਸ ਕਾਰਨ ਉਹਨਾਂ ਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਦੇਣੀ ਪਈ।
‘ਵਿਸ਼ਵ ਵਾਰਤਾ’ ਦੇ ਡਾਇਰੈਕਟਰ ਦਵਿੰਦਰਜੀਤ ਸਿੰਘ ਦਰਸ਼ੀ ਨੇ ਕਿਹ ਕਿ ਸ੍ਰੀ ਰਮੇਸ਼ ਜੀ ਦਾ ਵਿਅਕਤੀਤਵ ਪੱਤਰਕਾਰਿਤਾ ਦੀ ਸ਼ੈਲੀ ਨੌਜਵਾਨ ਪੀੜ੍ਹੀ ਲਈ ਇਕ ਪ੍ਰੇਰਣਾ ਸ੍ਰੋਤ ਹੈ। ਉਹ ਕੇਵਲ ਇਕ ਸਮੂਹ ਦੇ ਪੱਤਰਕਾਰ ਨਹੀਂ ਸਨ, ਬਲਕਿ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਮਾਰਗਦਰਸ਼ਕ ਸਨ।
ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਸ੍ਰੀ ਰਮੇਸ਼ ਜੀ ਦੇ ਨਾਲ ਕੀਤੇ ਗਏ ਕੰਮ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬੇਹੱਦ ਮਧੂਭਾਸ਼ੀ ਇਨਸਾਨ ਸਨ। ਉਨ੍ਹਾਂ ਦੇ ਲਿਖਣ ਦੀ ਇਕ ਵੱਖਰੀ ਹੀ ਸ਼ੈਲੀ ਸੀ, ਜਿਸ ਕਾਰਨ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਯਾਦ ਕਰਦੇ ਹਨ।















