ਨਾਇਕਾਵਾਂ ‘ਤੇ ਕੇਂਦਰਿਤ ਫ਼ਿਲਮਾਂ ਦੀ ਹੁਣ ਵੁੱਕਤ ਵਧੀ: ਸੋਨਾਕਸ਼ੀ

ਸੋਨਾਕਸ਼ੀ ਸਿਨਹਾ ਨੇ ਆਪਣੇ ਸੱਤ ਸਾਲ ਦੇ ਕਰੀਅਰ ਵਿੱਚ ਲਗਭਗ ਦੋ ਦਰਜਨ ਫ਼ਿਲਮਾਂ ਕੀਤੀਆਂ ਹਨ, ਪਰ ਹਿੱਟ ਦੇ ਮਾਮਲੇ ਵਿੱਚ ਉਸ ਦੀਆਂ ਫ਼ਿਲਮਾਂ ਦੀ ਸੰਖਿਆ ਬੇਹੱਦ ਘੱਟ ਹੈ। ਇੱਥੋਂ ਤਕ ਕਿ ਉਸ ਦੀਆਂ ਪਿਛਲੀਆਂ ਕੁਝ ਫ਼ਿਲਮਾਂ ‘ਫ਼ੋਰਸ 2’, ‘ਅਕੀਰਾ’ ਅਤੇ ‘ਨੂਰ’ ਵੀ ਟਿਕਟ ਖਿੜਕੀ ‘ਤੇ ਮੂਧੇ ਮੂੰਹ ਡਿੱਗੀਆਂ ਜਦੋਂ ਕਿ ਇਨ੍ਹਾਂ ਫ਼ਿਲਮਾਂ ਤੋਂ ਉਸ ਨੂੰ ਕੁਝ ਖ਼ਾਸ ਉਮੀਦਾਂ ਸਨ। ਹਾਲਾਂਕਿ ਇਸ ਦੇ ਬਾਵਜੂਦ ਉਸ ਦੇ ਖਾਤੇ ਵਿੱਚ ਫ਼ਿਲਮਾਂ ਜੁੜ ਰਹੀਆਂ ਹਨ ਅਤੇ ਉਹ ਅਦਾਕਾਰੀ ਵਿੱਚ ਸਰਗਰਮ ਵੀ ਹੈ। ਪੇਸ਼ ਹੈ ਸੋਨਾਕਸ਼ੀ ਸਿਨਹਾ ਨਾਲ ਹੋਈ ਮੁਲਾਕਾਤ ਦੇ ਅੰਸ਼:
‘ਨੂਰ’ ਫ਼ਿਲਮ ਵਿੱਚ ਤੁਸੀਂ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਕਾਫ਼ੀ ਉਮੀਦਾਂ ਸਨ, ਪਰ ਫ਼ਿਲਮ ਫ਼ਲਾਪ ਹੋ ਗਈ। ਤੁਸੀਂ ਕੀ ਕਹੋਗੇ?
-ਫ਼ਿਲਮ ਦਾ ਕਾਰੋਬਾਰ ਬੇਸ਼ੱਕ ਕਿਵੇਂ ਦਾ ਵੀ ਰਿਹਾ ਹੋਵੇ, ਪਰ ‘ਨੂਰ’ ਦਾ ਹਿੱਸਾ ਬਣਕੇ ਮੈਂ ਹਮੇਸ਼ਾਂ ਮਾਣ ਮਹਿਸੂਸ ਕਰਦੀ ਰਹਾਂਗੀ। ਜਿੱਥੇ ਗੱਲ ਪੱਤਰਕਾਰ ਦੀ ਹੋਵੇ ਤਾਂ ਪੱਤਰਕਾਰ ਦਾ ਕਿਰਦਾਰ ਨਿਭਾਉਣ ਦਾ ਅਨੁਭਵ ਵੀ ਬੇਹੱਦ ਮਜ਼ੇਦਾਰ ਰਿਹਾ ਅਤੇ ਇਸ ਕਿਰਦਾਰ ਨੂੰ ਨਿਭਾਉਣਾ ਵੀ ਕਾਫ਼ੀ ਸੌਖਾ ਰਿਹਾ ਕਿਉਂਕਿ ਮੈਂ ਕਈ ਸਾਲਾਂ ਤੋਂ ਪੱਤਰਕਾਰਾਂ ਨੂੰ ਮਿਲ ਰਹੀ ਹਾਂ ਅਤੇ ਜਦੋਂ ਮੈਂ ਕਿਸੇ ਵੀ ਪੱਤਰਕਾਰ ਨੂੰ ਮਿਲਦੀ ਹਾਂ ਤਾਂ ਉਸ ਮੁਲਾਕਾਤ ਵਿੱਚ ਮੈਨੂੰ ਜੇਕਰ ਪੱਤਰਕਾਰ ਦੀ ਕੋਈ ਆਦਤ ਚੰਗੀ ਲੱਗਦੀ ਹੈ ਤਾਂ ਮੈਂ ਉਸ ਨੂੰ ਯਾਦ ਰੱਖਦੀ ਹਾਂ। ਸ਼ਾਇਦ ਮੇਰੀ ਉਸੇ ਆਦਤ ਨੇ ਮੈਨੂੰ ਇਹ ਕਿਰਦਾਰ ਨਿਭਾਉਣ ਵਿੱਚ ਮਦਦ ਕੀਤੀ। ਸੱਚ ਕਹਾਂ ਤਾਂ ਪੱਤਰਕਾਰ ਦਾ ਕਿਰਦਾਰ ਨਿਭਾਉਣ ਦਾ ਅਨੁਭਵ ਬਹੁਤ ਵਧੀਆ ਰਿਹਾ।
ਪਹਿਲਾਂ ‘ਅਕੀਰਾ’ ਅਤੇ ਹੁਣ ‘ਨੂਰ’ ਮਤਲਬ ਤੁਸੀਂ ਮਹਿਲਾ ਕੇਂਦਰਿਤ ਫ਼ਿਲਮਾਂ ਨੂੰ ਤਰਜੀਹ ਦੇ ਰਹੇ ਹੋ?
-ਸਭ ਤੋਂ ਪਹਿਲਾਂ ਤਾਂ ਮੈਂ ਬੋਲਾਂਗੀ ਕਿ ਤੁਸੀਂ ਮਹਿਲਾ ਕੇਂਦਰਿਤ ਫ਼ਿਲਮਾਂ ਬੋਲਣਾ ਬੰਦ ਕਰੋ ਕਿਉਂਕਿ ਕੋਈ ਵੀ ਫ਼ਿਲਮ ਸਭ ਤੋਂ ਪਹਿਲਾਂ ਫ਼ਿਲਮ ਹੁੰਦੀ ਹੈ। ਜਦੋਂ ਕਿਸੇ ਫ਼ਿਲਮ ਵਿੱਚ ਪੁਰਸ਼ ਹੀਰੋ ਹੁੰਦਾ ਹੈ ਤਾਂ ਤੁਸੀਂ ਫ਼ਿਲਮ ਨੂੰ ਪੁਰਸ਼ ਕੇਂਦਰਿਤ ਫ਼ਿਲਮ ਤਾਂ ਨਹੀਂ ਬੋਲਦੇ,ਪਰ ਔਰਤਾਂ ‘ਤੇ ਬਣ ਰਹੀਆਂ ਫ਼ਿਲਮਾਂ ਨੂੰ ਤੁਸੀਂ ਮਹਿਲਾ ਕੇਂਦਰਿਤ ਫ਼ਿਲਮਾਂ ਬੋਲਦੇ ਹੋ। ਮੇਰੇ ਖ਼ਿਆਲ ਵਿੱਚ ਇਹੀ ਤਾਂ ਸ਼ੁਰੂਆਤ ਹੈ। ਦੋਖੋ ਇੱਕ ਅਜਿਹਾ ਵਕਤ ਵੀ ਆਏਗਾ ਜਦੋਂ ਲਗਭਗ ਇੱਕ ਮਹੀਨੇ ਵਿੱਚ ਤਿੰਨ ਮਹਿਲਾ ਕੇਂਦਰਿਤ ਫ਼ਿਲਮਾਂ ਰਿਲੀਜ਼ ਹੋਣਗੀਆਂ ਅਤੇ ਉਦੋਂ ਤੁਸੀਂ ਮੈਨੂੰ ਅਜਿਹੇ ਸੁਆਲ ਨਹੀਂ ਕਰੋਗੇ। ਵੈਸੇ ਆਉਣ ਵਾਲੇ ਸਮੇਂ ਵਿੱਚ ਮਹਿਲਾ ਕੇਂਦਰਿਤ ਫ਼ਿਲਮਾਂ ਦਾ ਭਵਿੱਖ ਕਾਫ਼ੀ ਚੰਗਾ ਹੋਣ ਵਾਲਾ ਹੈ।
ਮਹਿਲਾ ਦੇ ਮੁੱਖ ਕਿਰਦਾਰ ਵਾਲੀਆਂ ਫ਼ਿਲਮਾਂ ਤੋਂ ਹੈ। ਇਸ ਝੁਕਾਅ ‘ਤੇ ਤੁਸੀਂ ਕੀ ਕਹਿਣਾ ਚਾਹੋਗੇ?
-ਇਹੀ ਕਿ ਦੇਰ ਆਏ, ਪਰ ਦਰੁਸਤ ਆਏ। ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਕਿਰਦਾਰ ਕਰੀਏ ਜੋ ਲੋਕਾਂ ਦੇ ਮਨ ਵਿੱਚ ਬੈਠ ਜਾਣ ਅਤੇ ਲੋਕ ਉਸ ਕਿਰਦਾਰ ਨੂੰ ਜ਼ਿੰਦਗੀ ਭਰ ਯਾਦ ਕਰਨ। ਲੋਕ ਸਾਡੇ ਕੰਮ ਦੀ ਉੱਨੀ ਹੀ ਪ੍ਰਸ਼ੰਸਾ ਕਰਨ ਜਿੰਨੀ ਉਹ ਪੁਰਸ਼ ਅਦਾਕਾਰ ਦੀ ਕਰਦੇ ਹਨ। ਇਹ ਬਹੁਤ ਚੰਗੀ ਗੱਲ ਹੈ ਕਿ ਔਰਤਾਂ ‘ਤੇ ਫ਼ਿਲਮਾਂ ਲਿਖੀਆਂ ਜਾ ਰਹੀਆਂ ਹਨ। ਇਹ ਵੀ ਬਹੁਤ ਚੰਗੀ ਗੱਲ ਹੈ ਕਿ ਅਸੀਂ ਵੀ ਕੁਝ ਅਲੱਗ ਕਰ ਰਹੇ ਹਾਂ। ਲੋਕਾਂ ਦਾ ਨਜ਼ਰੀਆ ਬਦਲ ਚੁੱਕਿਆ ਹੈ ਕਿਉਂਕਿ ਤੁਸੀਂ ਜੇਕਰ ਪੈਸੇ ਖ਼ਰਚ ਕਰਕੇ ਫ਼ਿਲਮ ਦੇਖਣ ਜਾ ਰਹੇ ਹੋ ਤਾਂ ਕੁਝ ਗੁਣਵੱਤਾ ਅਤੇ ਸਮੱਗਰੀ ਵਾਲੀਆਂ ਚੀਜ਼ਾਂ ਤਾਂ ਚਾਹੀਦੀਆਂ ਹੀ ਹਨ।
ਹੁਣ ਤਕ ਦੀਆਂ ਤੁਹਾਡੀਆਂ ਫ਼ਿਲਮਾਂ ਇੱਕ ਦੂਜੇ ਤੋਂ ਅਲੱਗ ਰਹੀਆਂ ਹਨ। ਮਤਲਬ ਤੁਸੀਂ ਪ੍ਰਸ਼ੰਸਕਾਂ ਨੂੰ ਹਮੇਸ਼ਾਂ ਹੈਰਾਨ ਕਰਨਾ ਚਾਹੁੰਦੇ ਹੋ?
-ਜਦੋਂ ਤੋਂ ਇੰਡਸਟਰੀ ਵਿੱਚ ਆਈ ਹਾਂ, ਉਦੋਂ ਤੋਂ ਮੈਂ ਉਹੀ ਕੰਮ ਕੀਤਾ ਹੈ ਜੋ ਮੈਂ ਕਰਨਾ ਚਾਹੁੰਦੀ ਹਾਂ। ਮੈਂ ਹਮੇਸ਼ਾਂ ਸੋਚਦੀ ਹਾਂ ਕਿ ਅਜਿਹਾ ਰੋਲ ਕਰਾਂ ਜੋ ਅਦਾਕਾਰ ਦੇ ਤੌਰ ‘ਤੇ ਹਮੇਸ਼ਾਂ ਮੈਨੂੰ ਚੁਣੌਤੀ ਦੇਵੇ ਅਤੇ ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ ਹੋਵੇ। ਇਹੀ ਕਾਰਨ ਹੈ ਕਿ ਮੈਂ ‘ਅਕੀਰਾ’, ‘ਫ਼ੋਰਸ 2’ ਵਿੱਚ ਐਕਸ਼ਨ, ‘ਨੂਰ’ ਵਿੱਚ ਪੱਤਰਕਾਰ ਬਣਨ ਦੀ ਹਾਮੀਂ ਭਰੀ। ‘ਇੱਤੇਫ਼ਾਕ’ ਵਿੱਚ ਵੀ ਦਰਸ਼ਕਾਂ ਨੂੰ ਸੋਨਾਕਸ਼ੀ ਦਾ ਅਲੱਗ ਰੂਪ ਨਜ਼ਰ ਆਏਗਾ।
ਗਾਉਣ ਪ੍ਰਤੀ ਤੁਹਾਡੀ ਰੁਚੀ ਨੇ ਵੀ ਲੋਕਾਂ ਨੂੰ ਹੈਰਾਨ ਕੀਤਾ ਹੈ। ਇਸ ਸ਼ੌਕ ਨੇ ਕਦੋਂ ਮਜਬੂਰ ਕੀਤਾ?
-ਮੈਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਰਿਹਾ ਹੈ। ਸੱਚ ਕਹਾਂ ਤਾਂ ਬਚਪਨ ਵਿੱਚ ਮੇਰਾ ਇਹੀ ਸੁਪਨਾ ਹੁੰਦਾ ਸੀ ਕਿ ਰੌਕਸਟਾਰ ਬਣਾ। ਸਟੇਜ ‘ਤੇ ਪੇਸ਼ਕਾਰੀ ਕਰਾਂ ਅਤੇ ਮੈਂ ਰੌਕਸਟਾਰ ਦੀ ਤਰ੍ਹਾਂ ਰਹਾਂ। ਅਜੇ ਤਾਂ ਇਸ ਤਰਫ਼ ਕਦਮ ਵਧਾਉਣਾ ਸ਼ੁਰੂ ਕੀਤਾ ਹੈ। ਆਪਣੀ ਐਲਬਮ ਰਿਲੀਜ਼ ਕੀਤੀ ਅਤੇ ‘ਅਕੀਰਾ’ ਅਤੇ ‘ਨੂਰ’ ਲਈ ਗਾਇਆ। ਹੁਣ ਆਪਣੇ ਅਗਲੇ ਇੱਕ ਗੀਤ ‘ਤੇ ਕੰਮ ਕਰ ਰਹੀ ਹਾਂ। ਇਸ ਸਭ ‘ਤੇ ਕੰਮ ਕਰਦੀ ਜਾ ਰਹੀ ਹਾਂ ਕਿਉਂਕਿ ਮੈਂ ਇੱਕ ਅਜਿਹੇ ਸਥਾਨ ‘ਤੇ ਹਾਂ ਜਿੱਥੇ ਆਪਣਾ ਹਰ ਸੁਪਨਾ ਪੂਰਾ ਕਰ ਸਕਦੀ ਹਾਂ। ਜੋ ਵੀ ਮਨ ਵਿੱਚ ਸੋਚਿਆ ਹੈ, ਉਹ ਸਭ ਕੁਝ ਕਰਨਾ ਚਾਹੁੰਦੀ ਹਾਂ।
ਪਰ ਰਵਾਇਤੀ ਫ਼ਿਲਮਾਂ ਤੋਂ ਕੁਝ ਅਲੱਗ ਕਰਨ ਲਈ ਹੋਮਵਰਕ ਤਾਂ ਕਰਨਾ ਹੀ ਪੈਂਦਾ ਹੋਏਗਾ?
-ਵੈਸੇ ਤਾਂ ਹਰ ਕਿਰਦਾਰ ਦੇ ਪਿੱਛੇ ਇੱਕ ਹੋਮਵਰਕ ਹੁੰਦਾ ਹੈ, ਪਰ ਮੈਂ ਕੋਈ ਵੀ ਹੋਮਵਰਕ ਨਹੀਂ ਕੀਤਾ। ਦਰਅਸਲ, ਮੈਂ ਕਦੇ ਕੋਈ ਹੋਮਵਰਕ ਨਹੀਂ ਕਰਦੀ। ਇੱਕ ਹੀ ਫ਼ਿਲਮ ਵਿੱਚ ਹੁਣ ਤਕ ਹੋਮਵਰਕ ਕੀਤਾ ਹੈ, ਉਹ ਹੈ ‘ਅਕੀਰਾ’। ‘ਅਕੀਰਾ’ ਲਈ ਮੈਨੂੰ ਮਾਰਸ਼ਲ ਆਰਟਸ ਦੀ ਸਿਖਲਾਈ ਲੈਣੀ ਪਈ ਸੀ। ਉਸ ਤੋਂ ਇਲਾਵਾ ਮੈਂ ਕਿਸੇ ਰੋਲ ਲਈ ਕੋਈ ਵੀ ਤਿਆਰੀ ਨਹੀਂ ਕੀਤੀ ਕਿਉਂਕਿ ਮੇਰਾ ਮੰਨਣਾ ਹੈ ਕਿ ਨਿਰਦੇਸ਼ਕ ਦਾ ਕਿਰਦਾਰ ਨੂੰ ਲੈ ਕੇ ਆਪਣਾ ਨਜ਼ਰੀਆ ਹੁੰਦਾ ਹੈ। ਮੈਂ ‘ਨੂਰ’ ਦੇ ਨਿਰਦੇਸ਼ਕ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਨੂਰ ਨੂੰ ਕਿਵੇਂ ਦਰਸਾਉਣਾ ਚਾਹੁੰਦੇ ਹਨ? ਦਰਅਸਲ ਮੈਂ ਕਿਰਦਾਰ ਨੂੰ ਸਮਝ ਕੇ ਆਪਣੀ ਤਰਫ਼ ਤੋਂ ਬਿਹਤਰੀਨ ਦੇਣ ਦੀ ਕੋਸ਼ਿਸ਼ ਕਰਦੀ ਹਾਂ।
ਅੱਜ ਦੀਪਿਕਾ, ਪ੍ਰਿਅੰਕਾ ਚੋਪੜਾ ਵਰਗੀਆਂ ਅਭਿਨੇਤਰੀਆਂ ਹੌਲੀਵੁੱਡ ਵਿੱਚ ਕੰਮ ਕਰ ਰਹੀਆਂ ਹਨ। ਤੁਹਾਡੀ ਇੱਛਾ ਨਹੀਂ ਹੁੰਦੀ?
-ਮੈਂ ਬੌਲੀਵੁੱਡ ਵਿੱਚ ਹੀ ਖੁ?ਸ਼ ਹਾਂ। ਮੈਂ ਜੋ ਇੱਥੇ ਕੰਮ ਕਰ ਰਹੀ ਹਾਂ, ਉਸ ਤੋਂ ਬਹੁਤ ਖ਼ੁਸ਼ ਹਾਂ। ਮੈਂ ਹੌਲੀਵੁੱਡ ਦੇ ਬਾਰੇ ਨਹੀਂ ਸੋਚਿਆ, ਪਰ ਜੋ ਵੀ ਉੱਥੇ ਜਾ ਰਹੇ ਹਨ, ਮੈਨੂੰ ਉਨ੍ਹਾਂ ਲਈ ਖ਼ੁਸ਼ੀ ਹੈ। ਹਾਲਾਂਕਿ ਮੈਂ ਹੌਲੀਵੁੱਡ ਹੀ ਨਹੀਂ, ਬਲਕਿ ਹੋਰ ਭਾਸ਼ਾਵਾਂ ਜਿਵੇਂ ਤਮਿਲ, ਤੈਲਗੂ ਅਤੇ ਬੰਗਾਲੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਨ ਲਈ ਤਿਆਰ ਹਾਂ। ਬਸ ਸ਼ਰਤ ਇਹ ਹੈ ਕਿ ਮੇਰਾ ਕਿਰਦਾਰ ਦਮਦਾਰ ਹੋਣਾ ਚਾਹੀਦਾ ਹੈ ਅਤੇ ਫ਼ਿਲਮ ਦੀ ਕਹਾਣੀ ਮੈਨੂੰ ਪਸੰਦ ਹੋਣੀ ਚਾਹੀਦੀ ਹੈ।
ਤੁਸੀਂ ਨਵਾਂ ਕੀ ਕਰ ਰਹੋ ਹੋ?
-ਫ਼ਿਲਹਾਲ ‘ਇੱਤੇਫ਼ਾਕ’ ਲਈ ਸ਼ੂਟਿੰਗ ਕਰ ਰਹੀ ਹਾਂ ਜੋ ਖ਼ਤਮ ਹੋਣ ਵਾਲੀ ਹੈ। ਦੋ ਮਹੀਨੇ ਤਾਂ ਬਹੁਤ ਰੁੱਝੀ ਰਹਿਣ ਵਾਲੀ ਹਾਂ ਕਿਉਂਕਿ ‘ਦਿ ਬੈਂਗ ਟੂਅਰ’ ਲਈ ਡਰਬਨ ਵੀ ਜਾਣ ਵਾਲੀ ਹਾਂ।
-ਅੱਜਕੱਲ੍ਹ ਤੁਸੀਂ ਬਹੁਤ ਫ਼ਿੱਟ ਨਜ਼ਰ ਆ ਰਹੇ ਹੋ? ਇਸ ਤਬਦੀਲੀ ਦਾ ਕੀ ਰਾਜ਼ ਹੈ?
-ਦਰਅਸਲ, ਫ਼ਿੱਟਨੈੱਸ ਤੁਹਾਡੀ ਜੀਵਨ ਜਾਚ ‘ਤੇ ਨਿਰਭਰ ਕਰਦੀ ਹੈ। ਮੈਂ ਇੱਕ ਸਮੇਂ ਵਿੱਚ ਇੱਕ ਹੀ ਫ਼ਿਲਮ ਕਰ ਰਹੀ ਹਾਂ। ਲਗਾਤਾਰ ਕਸਰਤ ਕਰਦੀ ਹਾਂ ਅਤੇ ਆਪਣੀ ਡਾਈਟ ਦਾ ਪੂਰਾ ਧਿਆਨ ਰੱਖਦੀ ਹਾਂ। ਇਸ ਦਾ ਅਸਰ ਤੁਹਾਨੂੰ ਲੰਬੇ ਸਮੇਂ ਬਾਅਦ ਹੀ ਮਿਲਦਾ ਹੈ। ਹਾਲਾਂਕਿ ਜੌਹਨ ਅਬਰਾਹਮ ਨਾਲ ‘ਫ਼ੋਰਸ 2’ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਫ਼ਿੱਟਨੈੱਸ ਪ੍ਰਤੀ ਹੋਰ ਵੀ ਸੁਚੇਤ ਹੋ ਗਈ ਹਾਂ।
-ਤੁਹਾਡੇ ਰਿਸ਼ਤੇ ਦੀ ਅਕਸਰ ਚਰਚਾ ਹੁੰਦੀ ਹੈ। ਤੁਸੀਂ ਕੀ ਕਹੋਗੇ?
-ਮੈਂ ਕਈ ਲੋਕਾਂ ਨਾਲ ਦੇਖੀ ਜਾਂਦੀ ਹਾਂ, ਪਰ ਸਿਰਫ਼ ਇੱਕ ਹੀ ਸ਼ਖ਼ਸ ਦਾ ਨਾਂ ਕਿਉਂ ਲਿਆ ਜਾਂਦਾ ਹੈ, ਇਹ ਮੈਨੂੰ ਸਮਝ ਨਹੀਂ ਆਉਂਦਾ। ਮੇਰਾ ਕਿਸ ਨਾਲ ਕੀ ਰਿਸ਼ਤਾ ਹੈ, ਇਹ ਮੇਰਾ ਨਿੱਜੀ ਮਾਮਲਾ ਹੈ। ਕਿਸੇ ਨੂੰ ਇਸ ਵਿੱਚ ਰੁਚੀ ਲੈਣ ਦੀ ਜ਼ਰੂਰਤ ਨਹੀਂ ਹੈ।
-ਸੋਸ਼ਲ ਸਾਈਟਸ ਅੱਜਕੱਲ੍ਹ ਗਾਲੀ ਗਲੋਚ ਦਾ ਪਲੈਟਫ਼ਾਰਮ ਬਣ ਗਿਆ ਹੈ। ਖ਼ਾਸ ਕਰਕੇ ਸਟਾਰਜ਼ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਤੁਸੀਂ ਕੀ ਸੋਚਦੇ ਹੋ?
-ਹਾਂ, ਇਹ ਸੱਚ ਹੈ, ਪਰ ਇਸ ਦੇ ਨਾਲ ਹੀ ਸੋਸ਼ਲ ਸਾਈਟਸ ਨੇ ਇੱਕ ਚੰਗੀ ਸੁਵਿਧਾ ਦਿੱਤੀ ਹੈ ਅਤੇ ਉਹ ਹੈ ਬਲੌਕ ਕਰਨ ਦੀ। ਮੈਨੂੰ ਲੋਕਾਂ ਨੂੰ ਬਲੌਕ ਕਰਨ ਵਿੱਚ ਇੰਨਾ ਮਜ਼ਾ ਆਉਂਦਾ ਹੈ ਕਿ ਮੈਂ ਇਹ ਬਿਆਨ ਨਹੀਂ ਕਰ ਸਕਦੀ। ਲੋਕਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਗੱਲਾਂ ਉਹ ਸਾਹਮਣੇ ਬੈਠ ਕੇ ਨਹੀਂ ਕਹਿ ਸਕਦੇ ਤਾਂ ਉਨ੍ਹਾਂ ਨੂੰ ਇਹ ਗੱਲਾਂ ਔਨਲਾਈਨ ਵੀ ਨਹੀਂ ਕਰਨੀਆਂ ਚਾਹੀਦੀਆਂ। ਜਿੱਥੋਂ ਤਕ ਸਟਾਰਜ਼ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਹੈ ਤਾਂ ਇਹ ਸਾਰੀਆਂ ਚੀਜ਼ਾਂ ਅਸਲ ਵਿੱਚ ਸਾਨੂੰ ਠੇਸ ਪਹੁੰਚਾਉਂਦੀਆਂ ਹਨ।