ਨਸਲੀ ਟਿੱਪਣੀ ਮਾਮਲੇ ‘ਚ ICC ਨੇ ਸਰਫ਼ਰਾਜ਼ ਅਹਿਮਦ ‘ਤੇ ਲਾਇਆ ਬੈਨ

ਦੁਬਈ – ICC ਨੇ ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਨੂੰ ਨਸਲਵਾਦ ਵਿਰੋਧੀ ਕੋਡ ਤੋੜਨ ਦਾ ਦੋਸ਼ੀ ਮੰਨਦੇ ਹੋਏ ਉਸ ‘ਤੇ ਚਾਰ ਮੈਚਾਂ ਦਾ ਬੈਨ ਲਗਾਇਆ ਹੈ। ਸਰਫ਼ਰਾਜ਼ ਅਹਿਮਦ ਨੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਡਰਬਨ ਵਨ ਡੇ ਦੇ ਦੌਰਾਨ ਏਂਡੇਲ ਫ਼ੇਹਲੁਕਵਾਇਓ ਖ਼ਿਲਾਫ਼ ਨਸਲੀ ਟਿੱਪਣੀ ਕੀਤੀ ਸੀ। ਸਰਫ਼ਰਾਜ਼ ਅਹਿਮਦ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸੀਰੀਜ਼ ਦੇ ਆਖਰੀ ਦੋਹੇਂ ਮੈਚਾਂ ‘ਚ ਹਿੱਸਾ ਨਹੀਂ ਲੈ ਰਿਹਾ। ਨਾਲ ਹੀ ਪ੍ਰੋਟੀਆਜ਼ ਟੀਮ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਦੋ ਮੈਚ ਨਹੀਂ ਖੇਡੇਗਾ। ਹਾਲਾਂਕਿ ਇਸ ਬੈਨ ਤੋਂ ਪਹਿਲਾਂ ਸਰਫ਼ਰਾਜ਼ ਅਹਿਮਦ ਨੇ ਏਂਡੇਲ ਫ਼ੇਹਲੁਕਵਾਇਓ ਤੋਂ ਵੀ ਮੁਆਫ਼ੀ ਮੰਗ ਲਈ ਸੀ।
ICC ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ, ”ICC ਵਲੋਂ ਇਸ ਤਰ੍ਹਾਂ ਦੇ ਵਿਵਹਾਰ ਲਈ ਜ਼ੀਰੋ ਟੌਲਰੈਂਸ ਨੀਤੀ ਅਪਨਾਈ ਗਈ ਹੈ। ਸਰਫ਼ਰਾਜ਼ ਨੇ ਤੁਰੰਤ ਜੁਰਮ ਕਬੂਲ ਕਰ ਲਿਆ, ਅਤੇ ਉਸ ਨੂੰ ਆਪਣੇ ਕੀਤੇ ‘ਤੇ ਪਛਤਾਵਾ ਸੀ ਅਤੇ ਜਨਤਕ ਤੌਰ ‘ਤੇ ਮੁਆਫ਼ੀ ਵੀ ਮੰਗੀ ਹੈ, ਇਸ ਲਈ ਸਜ਼ਾ ਦਾ ਨਿਰਧਾਰਨ ਕਰਦੇ ਹੋਏ ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰਖਿਆ ਗਿਆ ਹੈ।
ਕੀ ਸੀ ਇਹ ਮਾਮਲਾ
ਐਂਡਿਲ ਫ਼ੇਹਲੁਕਵਾਇਓ ਦੇ ਆਲਰਾਊਂਡਰ ਪ੍ਰਦਰਸ਼ਨ ਅਤੇ ਰੇਸੀ ਡਸੇਨ ਦੀ ਬਿਹਤਰੀਨ ਪਾਰੀ ਦੀ ਬਦੌਲਤ ਅਫ਼ਰੀਕਾ ਨੇ ਦੂਜੇ ਵਨ ਡੇ ‘ਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕੀਤੀ। ਅਜਿਹੇ ‘ਚ ਦੂਜੇ ਵਨ ਡੇ ਮੈਚ ਦੌਰਾਨ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨਵੇਂ ਵਿਵਾਦਾਂ ‘ਚ ਘਿਰ ਗਿਆ। ਦਰਅਸਲ, ਸਰਫ਼ਰਾਜ਼ ਅਹਿਮਦ ‘ਤੇ ਸਾਊਥ ਅਫ਼ਰੀਕੀ ਖਿਡਾਰੀ ਐਂਡਿਲ ਫ਼ੇਹਲੁਕਵਾਇਓ ‘ਤੇ ਨਸਲੀ ਟਿੱਪਣੀ ਕਰਨ ਦਾ ਦੋਸ਼ ਲੱਗਾ ਹੈ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਸਰਫ਼ਰਾਜ਼ ‘ਤੇ ਦੋਸ਼ ਹੈ ਕਿ ਉਸ ਨੇ ਦੱਖਣੀ ਅਫ਼ਰੀਕਾ ਦੇ ਅਸ਼ਵੇਤ ਕ੍ਰਿਕਟਰ ਐਂਡਿਲ ‘ਤੇ ਨਸਲੀ ਟਿੱਪਣੀ ਕੀਤੀ ਅਤੇ ਉਸ ਦੀ ਮਾਂ ਲਈ ਅਪਸ਼ਬਦ ਬੋਲੇ। ਸਰਫ਼ਰਾਜ਼ ਅਹਿਮਦ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਸਾਊਥ ਅਫ਼ਰੀਕਾ ਬੈਟਿੰਗ ਕਰ ਰਿਹਾ ਸੀ। ਸਰਫ਼ਰਾਜ਼ ਦੀਆਂ ਅਪਮਾਨਜਨਕ ਗੱਲਾਂ ਸਟੰਪ ‘ਤੇ ਲੱਗੇ ਮਾਈਕ ‘ਚ ਰਿਕਾਰਡ ਹੋ ਗਈਆਂ। ਸਰਫ਼ਰਾਜ਼ ਨੇ ਇਸ ਅਫ਼ਰੀਕੀ ਬੱਲੇਬਾਜ਼ ਨੂੰ ਕਿਹਾ ਸੀ, ”ਵੇ ਕਾਲਿਆ, ਤੇਰੀ ਅੰਮੀ ਅੱਜ ਕਿੱਥੇ ਬੈਠੀ ਹੋਵੇਗੀ? ਇਸ ਟਿੱਪਣੀ ਤੋਂ ਬਾਅਦ ਸਰਫ਼ਰਾਜ਼ ਦੀ ਹਰ ਪਾਸਿਓਂ ਸਖ਼ਤ ਨਿੰਦਾ ਹੋਈ।