ਦੱ.ਅਫ਼ਰੀਕਾ ਖ਼ਿਲਾਫ਼ ਵਨ ਡੇਅ ਸੀਰੀਜ਼ ਤੋਂ ਕੋਹਲੀ ਦੇ ਬ੍ਰੇਕ ‘ਤੇ BCCI ਦਾ ਬਿਆਨ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਟੈੱਸਟ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਦੇ ਆਗਾਮੀ ਦੌਰੇ ਦੇ ਇੱਕ ਰੋਜ਼ਾ ਮੈਚਾਂ ਤੋਂ ਬ੍ਰੇਕ ਲਈ ਕੋਈ ਰਸਮੀ ਬੇਨਤੀ ਨਹੀਂ ਕੀਤੀ। ਕੋਹਲੀ 26 ਦਸੰਬਰ ਤੋਂ ਸੈਂਚੁਰੀਅਨ ‘ਚ ਸ਼ੁਰੂ ਹੋਣ ਵਾਲੀ ਤਿੰਨ ਟੈੱਸਟ ਮੈਚਾਂ ਦੀ ਲੜੀ ‘ਚ ਭਾਰਤ ਦੀ ਅਗਵਾਈ ਕਰਨਗੇ। ਟੈੱਸਟ ਸੀਰੀਜ਼ ਕੇਪਟਾਊਨ ‘ਚ 15 ਜਨਵਰੀ ਨੂੰ ਤੀਜੇ ਅਤੇ ਆਖਰੀ ਟੈੱਸਟ ਨਾਲ ਖ਼ਤਮ ਹੋਵੇਗੀ। ਉਸ ਤੋਂ ਬਾਅਦ 19 ਜਨਵਰੀ ਤੋਂ ਤਿੰਨ ਵਨ ਡੇਅ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਅਜਿਹੀਆਂ ਖ਼ਬਰਾਂ ਸਨ ਕਿ ਉੱਪ-ਕਪਤਾਨ ਰੋਹਿਤ ਸ਼ਰਮਾ ਦੇ ਖੱਬੀ ਲੱਤ ਦੀ ਸੱਟ ਕਾਰਨ ਟੈੱਸਟ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਕੋਹਲੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਬ੍ਰੇਕ ਲੈਣਗੇ।
BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ, ”ਕੋਹਲੀ ਨੇ ਇੱਕ ਦਿਨਾ ਮੈਚਾਂ ‘ਚ ਨਾ ਖੇਡਣ ਨੂੰ ਲੈ ਕੇ ਅਜੇ ਤਕ BCCI ਪ੍ਰਧਾਨ ਸੌਰਵ ਗਾਂਗੁਲੀ ਜਾਂ ਸਕੱਤਰ ਜੈ ਸ਼ਾਹ ਨੂੰ ਕੋਈ ਰਸਮੀ ਬੇਨਤੀ ਨਹੀਂ ਭੇਜੀ। ਜੇਕਰ ਬਾਅਦ ‘ਚ ਕੋਈ ਫ਼ੈਸਲਾ ਲਿਆ ਜਾਂਦਾ ਹੈ ਜਾਂ ਰੱਬ ਨਾ ਕਰੇ ਉਹ ਜ਼ਖ਼ਮੀ ਹੋ ਜਾਂਦੇ ਹਨ ਤਾਂ ਵੱਖਰੀ ਗੱਲ ਹੈ। ਉਨ੍ਹਾਂ ਨੇ ਕਿਹਾ, ”ਅੱਜ ਦੀ ਸਥਿਤੀ ਦੇ ਅਨੁਸਾਰ ਉਹ 19, 21 ਅਤੇ 23 ਜਨਵਰੀ ਨੂੰ ਹੋਣ ਵਾਲੇ ਤਿੰਨ ਇੱਕ ਰੋਜ਼ਾ ਮੈਚਾਂ ‘ਚ ਖੇਡਣਗੇ। ਅਧਿਕਾਰੀ ਨੇ ਕਿਹਾ ਕਿ ਜੈਵਿਕ ਤੌਰ ‘ਤੇ ਸੁਰੱਖਿਅਤ ਵਾਤਾਵਰਣ ਨਾਲ ਸਬੰਧਤ ਪਾਬੰਦੀਆਂ ਕਾਰਨ ਖਿਡਾਰੀਆਂ ਦੇ ਪਰਿਵਾਰ ਵੀ ਉਸੇ ਚਾਰਟਰਡ ਜਹਾਜ਼ ਰਾਹੀਂ ਸਫ਼ਰ ਕਰਨਗੇ ਜਿਸ ‘ਚ ਖਿਡਾਰੀ ਅਤੇ ਅਧਿਕਾਰੀ ਸਫ਼ਰ ਕਰਨਗੇ। ਸੂਤਰ ਨੇ ਕਿਹਾ, ”ਕਪਤਾਨ ਆਪਣੇ ਪਰਿਵਾਰ ਨਾਲ ਯਾਤਰਾ ਕਰੇਗਾ, ਪਰ ਜੇਕਰ ਟੈੱਸਟ ਸੀਰੀਜ਼ ਤੋਂ ਬਾਅਦ ਉਹ ਜੈਵਿਕ ਤੌਰ ‘ਤੇ ਸੁਰੱਖਿਅਤ ਮਾਹੌਲ ਤੋਂ ਥੱਕਿਆ ਹੋਇਆ ਮਹਿਸੂਸ ਕਰਦੇ ਹਨ ਅਤੇ ਬ੍ਰੇਕ ਚਾਹੁੰਦੇ ਹਨ ਤਾਂ ਉਹ ਯਕੀਨੀ ਤੌਰ ‘ਤੇ ਚੋਣ ਕਮੇਟੀ ਦੇ ਚੇਅਰਮੈਨ ਅਤੇ ਸਕੱਤਰ (ਸ਼ਾਹ) ਨੂੰ ਸੂਚਿਤ ਕਰਨਗੇ ਜੋ ਚੋਣ ਕਮੇਟੀ ਦੇ ਕੋਔਰਡੀਨੇਟਰ ਹਨ।
ਮੌਜੂਦਾ ਅਟਕਲਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤ ਨੂੰ ਇੱਕ ਵਾਰ ਫ਼ਿਰ ਘਰ ਵਾਪਸੀ ‘ਤੇ ਤਿੰਨ ਹਫ਼ਤਿਆਂ ਤਕ ਜੈਵਿਕ ਤੌਰ ‘ਤੇ ਸੁਰੱਖਿਅਤ ਮਾਹੌਲ ਦਾ ਹਿੱਸਾ ਬਣਨਾ ਹੋਵੇਗਾ ਕਿਉਂਕਿ ਸ਼੍ਰੀ ਲੰਕਾ ਦੀ ਟੀਮ ਟੈੱਸਟ ਅਤੇ T-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖੇਡਣ ਆ ਰਹੀ ਹੈ। ਇਸ ਤਰ੍ਹਾਂ ਦੀਆਂ ਵੀ ਖ਼ਬਰਾਂ ਸਨ ਕਿ ਕੋਹਲੀ ਆਪਣੀ ਧੀ ਵਾਮਿਕਾ ਦੇ ਪਹਿਲੇ ਜਨਮ ਦਿਨ (11 ਜਨਵਰੀ) ਦੇ ਕਾਰਨ ਬ੍ਰੇਕ ਵੀ ਲੈ ਸਕਦੇ ਹਨ। ਕੋਹਲੀ ਉਸ ਦਿਨ ਆਪਣਾ 100ਵਾਂ ਟੈੱਸਟ ਮੈਚ ਖੇਡ ਰਹੇ ਹੋਣਗੇ। ਕੋਹਲੀ ਜੈਵਿਕ ਤੌਰ ‘ਤੇ ਸੁਰੱਖਿਅਤ ਵਾਤਾਵਰਣ ‘ਚ ਕੰਮ ਦੇ ਬੋਝ ਦੇ ਪ੍ਰਬੰਧ ਦੀ ਵਕਾਲਤ ਕਰਦੇ ਰਹੇ ਹਨ, ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤਕ ਇਸ ਦਾ ਹਿੱਸਾ ਬਣਨਾ ਵਿਵਹਾਰਿਕ ਨਹੀਂ ਕਿਉਂਕਿ ਇਸ ਨਾਲ ਮਾਨਸਿਕ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।