ਡੇਵਿਡ ਵਾਰਨਰ ਅਤੇ ਹੇਲੀ ਮੈਥਿਊਜ਼ ਚੁਣੇ ਗਏ ICC ਦੇ ਸਰਵਸ੍ਰੇਸ਼ਠ ਪੁਰਸ਼ ਅਤੇ ਮਹਿਲਾ ਕ੍ਰਿਕਟਰ

ਦੁਬਈ (ਭਾਸ਼ਾ) – ਆਸਟਰੇਲੀਆ ਦੇ ਹਮਲਾਵਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਵੈੱਸਟ ਇੰਡੀਜ਼ ਦੀ ਆਲਰਾਊਂਡਰ ਹੇਲੀ ਮੈਥਿਊਜ਼ ਨਵੰਬਰ ਮਹੀਨੇ ਲਈ ICC ਦੇ ਸਰਵਸ੍ਰੇਸ਼ਠ ਪੁਰਸ਼ ਅਤੇ ਮਹਿਲਾ ਕ੍ਰਿਕਟਰ ਚੁਣੇ ਗਏ ਹਨ। ਵਾਰਨਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਆਬਿਦ ਅਲੀ ਅਤੇ ਨਿਊ ਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੂੰ ਪਛਾੜਿਆ। ਮੈਥਿਊਜ਼ ਨੇ ਪਾਕਿਸਤਾਨ ਦੀ ਅਨਮ ਅਮੀਨ ਅਤੇ ਬੰਗਲਾਦੇਸ਼ ਦੀ ਨਾਹਿਦਾ ਅਖ਼ਤਰ ਨੂੰ ਮਾਤ ਦਿੱਤੀ। ਵਾਰਨਰ ਨੂੰ ਹਾਲ ਹੀ ‘ਚ ਖ਼ਤਮ ਹੋਏ T-20 ਵਿਸ਼ਵ ਕੱਪ ‘ਚ ਪਲੇਅਰ ਔਫ਼ ਦਾ ਟੂਰਨਾਮੈਂਟ ਚੁਣਿਆ ਗਿਆ ਸੀ।
ਉਨ੍ਹਾਂ ਨੇ ਨਿਊ ਜ਼ੀਲੈਂਡ ਖ਼ਿਲਾਫ਼ ਫ਼ਾਈਨਲ ‘ਚ 53 ਅਤੇ ਪਾਕਿਸਤਾਨ ਖ਼ਿਲਾਫ਼ ਸੈਮੀ ਫ਼ਾਈਨਲ ਵਿੱਚ 49 ਦੌੜਾਂ ਬਣਾਈਆਂ ਸਨ। ਉਹ ਵੈੱਸਟ ਇੰਡੀਜ਼ ਦੇ ਖ਼ਿਲਾਫ਼ ਸੁਪਰ 12 ਪੜਾਅ ਦੇ ਮੈਚ ‘ਚ ਵੀ ਪਲੇਅਰ ਔਫ਼ ਦਾ ਮੈਚ ਰਹੇ ਸੀ ਜਿਸ ਵਿੱਚ ਉਨ੍ਹਾਂ ਨੇ 56 ਗੇਂਦਾਂ ਵਿੱਚ ਅਜੇਤੂ 89 ਦੌੜਾਂ ਬਣਾਈਆਂ ਸਨ। ਵਾਰਨਰ ਨੇ ਇਸ ਮਿਆਦ ‘ਚ ਚਾਰ T-20 ਮੈਚਾਂ ‘ਚ 209 ਦੌੜਾਂ ਬਣਾਈਆਂ। ਮੈਥਿਊਜ਼ ਨੇ ਦੂਜੀ ਵਾਰ ਨਾਮਜ਼ਦਗੀ ਮਿਲਣ ‘ਤੇ ਇਹ ਪੁਰਸਕਾਰ ਜਿੱਤਿਆ। ਉਹ ਜੁਲਾਈ ‘ਚ ਵੀ ਪੁਰਸਕਾਰ ਦੀ ਦੌੜ ‘ਚ ਸੀ, ਜਦੋਂ ਉਨ੍ਹਾਂ ਦੀ ਕਪਤਾਨ ਸਟੈੱਫ਼ਨੀ ਟੇਲਰ ਜੇਤੂ ਰਹੀ। ਮੈਥਿਊਜ਼ ਨੇ 141 ਦੌੜਾਂ ਬਣਾਈਆਂ ਅਤੇ 9 ਵਿਕਟਾਂ ਲਈਆਂ। ਪਾਕਿਸਤਾਨ ਖ਼ਿਲਾਫ਼ ਸੀਰੀਜ਼ ‘ਚ ਮਿਲੀ ਜਿੱਤ ਦੀ ਉਹ ਸੂਤਰਧਾਰ ਰਹੀ।