ਚੇਨਈ/ਨਵੀਂ ਦਿੱਲੀ : ਭਾਰਤੀ ਖ਼ੁਫੀਆ ਏਜੰਸੀਆਂ ਨੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ 6 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੁਰੱਖਿਆ ਏਜੰਸੀਆਂ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਤਮਿਲਨਾਡੂ ਤੋਂ ਇਨ੍ਹਾਂ 6 ਸ਼ੱਕੀਆਂ ਨੂੰ ਦਬੋਚਿਆ ਹੈ, ਜੋ ਕਥਿਤ ਤੌਰ ‘ਤੇ ਪਾਕਿਸਤਾਨੀ ਖ਼ੁਫੀਆ ਏਜੰਸੀ ISI ਅਤੇ ਬੰਗਲਾਦੇਸ਼ੀ ਅੱਤਵਾਦੀ ਨੈੱਟਵਰਕ ਦੇ ਇਸ਼ਾਰੇ ‘ਤੇ ਭਾਰਤ ਵਿੱਚ ਵੱਡੀ ਤਬਾਹੀ ਮਚਾਉਣ ਦੀ ਵਿਉਂਤਬੰਦੀ ਕਰ ਰਹੇ ਸਨ। ਤਮਿਲਨਾਡੂ ਤੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਸਾਰੇ ਸ਼ੱਕੀਆਂ ਨੂੰ ਸਖ਼ਤ ਸੁਰੱਖਿਆ ਹੇਠ ਪੁੱਛਗਿੱਛ ਲਈ ਦਿੱਲੀ ਲਿਆਂਦਾ ਗਿਆ ਹੈ।
ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ
ਜਾਂਚ ਏਜੰਸੀਆਂ ਮੁਤਾਬਕ ਫੜੇ ਗਏ ਮੁਲਜ਼ਮਾਂ ਵਿੱਚ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਜੋ ਜਾਅਲੀ ਦਸਤਾਵੇਜ਼ਾਂ (Fake Documents) ਦੇ ਸਹਾਰੇ ਭਾਰਤ ਵਿੱਚ ਰਹਿ ਰਹੇ ਸਨ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸਰਗਰਮ ਸਨ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਸ਼ੱਕੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਕ ਸੰਗਠਿਤ ਮਾਡਿਊਲ ਬਣਾ ਕੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਇਨ੍ਹਾਂ ਨੂੰ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਤੋਂ ਲਗਾਤਾਰ ਨਿਰਦੇਸ਼ ਮਿਲ ਰਹੇ ਸਨ। ਛਾਪੇਮਾਰੀ ਦੌਰਾਨ ਏਜੰਸੀਆਂ ਨੇ ਇਨ੍ਹਾਂ ਕੋਲੋਂ ਦਰਜਨਾਂ ਮੋਬਾਈਲ ਫ਼ੋਨ, ਕਈ ਸਿਮ ਕਾਰਡ, ਡਿਜੀਟਲ ਡਿਵਾਈਸਾਂ ਬਰਾਮਦ ਕੀਤੀਆਂ ਹਨ।
ਸਥਾਨਕ ਮਦਦਗਾਰਾਂ ਦੀ ਭਾਲ ਜਾਰੀ
ਰਿਪੋਰਟਾਂ ਅਨੁਸਾਰ, ਇਨ੍ਹਾਂ ਡਿਵਾਈਸਾਂ ਰਾਹੀਂ ਹੀ ਇਹ ਮੁਲਜ਼ਮ ਆਪਣੇ ਵਿਦੇਸ਼ੀ ਆਕਾਵਾਂ ਦੇ ਸੰਪਰਕ ਵਿੱਚ ਸਨ। ਜਾਂਚ ਏਜੰਸੀਆਂ ਨੇ ਸਾਰੇ ਇਲੈਕਟ੍ਰਾਨਿਕ ਯੰਤਰਾਂ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਹੋਰ ਸੰਭਾਵੀ ਸੰਪਰਕਾਂ ਅਤੇ ਸਾਜ਼ਿਸ਼ਾਂ ਦਾ ਪਤਾ ਲਗਾਇਆ ਜਾ ਸਕੇ। ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੀ ਕੋਈ ਸਥਾਨਕ ਵਿਅਕਤੀ ਇਨ੍ਹਾਂ ਦੀ ਮਦਦ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ, ਜਿਸ ਦੇ ਆਧਾਰ ‘ਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।















