ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਪਹਿਲੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਗੱਲ ਕੇਂਦਰ ਸਰਕਾਰ ਵਲੋਂ ਗਠਿਤ ਪੈਨਲ ਦੀ ਰਿਪੋਰਟ ਵਿਚ ਸਾਹਮਣੇ ਆਈ ਹੈ। ਵੈਕਸੀਨ ਦੀ ਵਜ੍ਹਾ ਕਰ ਕੇ 68 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋਈ ਹੈ। ਬਜ਼ੁਰਗ ਇਕ ਗੰਭੀਰ, ਸੰਭਾਵਿਤ ਤੌਰ ’ਤੇ ਜਾਨਲੇਵਾ ਐਲਰਜੀ ਵਾਲੀ ਪ੍ਰਕਿਰਿਆ (ਐਨਾਫਾਈਲੈਕਸਿਸ) ਜਦੋਂ ਉਸ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਾਇਆ ਗਿਆ ਸੀ। ਟੀਕਾ ਲੱਗਣ ਤੋਂ ਬਾਅਦ ਉਸ ਦੀ ਐਨਾਫਾਈਲੈਕਸਿਸ ਨਾਲ ਮੌਤ ਹੋ ਗਈ। ਵੈਕਸੀਨ ਲੱਗਣ ਤੋਂ ਬਾਅਦ ਕੋਈ ਗੰਭੀਰ ਬੀਮਾਰੀ ਜਾਂ ਮੌਤ ਹੋਣ ਨੂੰ ਵਿਗਿਆਨਕ ਭਾਸ਼ਾ ਵਿਚ ਐਡਵਰਸ ਇਵੈਂਟ ਫਾਲੋਇੰਗ ਇਮਊਨਾਈਜੇਸ਼ਨ (ਏ. ਈ. ਐੱਫ. ਆਈ.) ਕਿਹਾ ਜਾਂਦਾ ਹੈ। ਏ. ਈ. ਐੱਫ. ਆਈ. ਲਈ ਕੇਂਦਰ ਸਰਕਾਰ ਨੇ ਇਕ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਨੇ ਵੈਕਸੀਨ ਲੱਗਣ ਤੋਂ ਬਾਅਦ ਅਜਿਹੇ 31 ਮਾਮਲਿਆਂ ਦੀ ਜਾਂਚ ਕੀਤੀ ਅਤੇ ਇਕ ਮੌਤ ਵੈਕਸੀਨ ਕਾਰਨ ਹੋਈ ਇਸ ਗੱਲ ਦੀ ਪੁਸ਼ਟੀ ਕੀਤੀ।
ਦੱਸ ਦੇਈਏ ਕਿ ਐਨਾਫਿਲੇਕਸਿਸ ਇਕ ਗੰਭੀਰ ਅਤੇ ਜ਼ਿੰਦਗੀ ਲਈ ਜਾਨਲੇਵਾ ਐਲਰਜੀ ਪ੍ਰਤੀਕਰਮ ਹੈ। ਦਰਅਸਲ ਪਹਿਲੀ ਵਾਰ ਕਿਸੇ ਦੀ ਮੌਤ ਨੂੰ ਕੋਵਿਡ ਵੈਕਸੀਨ ਨਾਲ ਜੋੜਿਆ ਗਿਆ ਹੈ। ਕਮੇਟੀ ਦੇ ਚੇਅਰਪਰਸਨ ਡਾ. ਐੱਨ. ਕੇ. ਅਰੋੜਾ ਨੇ ਦੱਸਿਆ ਕਿ ਇਹ ਪਹਿਲੀ ਮੌਤ ਹੈ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਡਾ. ਅਰੋੜਾ ਨੇ ਕਿਹਾ ਕਿ ਹਜ਼ਾਰਾਂ ਵਿਚ ਇਕ ਜਾਂ ਦੋ ਐਲਰਜੀ ਨਾਲ ਜੁੜੇ ਰਿਐਕਸ਼ਨ ਹੁੰਦੇ ਹਨ। ਜੇਕਰ ਵੈਕਸੀਨੇਸ਼ਨ ਮਗਰੋਂ ਐਨਾਫਾਈਲੈਕਸਿਸ ਦੇ ਲੱਛਣ ਦਿੱਸਦੇ ਹਨ ਤਾਂ ਤੁਰੰਤ ਇਲਾਜ ਦੀ ਲੋੜ ਹੈ। 50 ਹਜ਼ਾਰ ਲੋਕਾਂ ਵਿਚੋਂ ਕਿਸੇ 1 ਨੂੰ ਐਨਾਫਿਲੇਕਸਿਸ ਜਾਂ ਗੰਭੀਰ ਐਲਰਜੀ ਦੇ ਪ੍ਰਭਾਵ ਦਿੱਸਦੇ ਹਨ।
ਰਿਪੋਰਟ ਮੁਤਾਬਕ ਬਜ਼ੁਰਗ ਨੂੰ 8 ਮਾਰਚ 2021 ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਲੱਗੀ ਸੀ ਅਤੇ ਕੁਝ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਹੋਰ ਦੋ ਲੋਕਾਂ ਜਿਨ੍ਹਾਂ ’ਚ ਵੈਕਸੀਨ ਲਗਵਾਉਣ ਤੋਂ ਬਾਅਦ ਐਨਾਫਾਈਲੈਕਸਿਸ ਦੇ ਲੱਛਣ ਵੇਖੇ ਗਏ। ਉਨ੍ਹਾਂ ’ਚ ਇਕ ਦੀ ਉਮਰ 22 ਸਾਲ ਜਦਕਿ ਇਕ ਕੁੜੀ ਹੈ, ਜਿਸ ਦੀ ਉਮਰ 21 ਸਾਲ ਸੀ। ਦੋਵੇਂ ਹੀ ਹਸਪਤਾਲ ’ਚ ਇਲਾਜ ਮਗਰੋਂ ਸਿਹਤਯਾਬ ਹੋ ਗਏ। ਇਨ੍ਹਾਂ ’ਚੋਂ ਇਕ ਨੂੰ ਕੋਵਿਸ਼ੀਲਡ ਅਤੇ ਇਕ ਨੂੰ ਕੋਵੈਕਸੀਨ ਦੀ ਖ਼ੁਰਾਕ ਦਿੱਤੀ ਗਈ ਸੀ।















