ਪਹਿਲੀ ਵਾਰ ਕਿਸੇ ਵਿਦੇਸ਼ੀ ਫੌਜ ਨੇ ਪਰੇਡ ‘ਚ ਲਿਆ ਹਿੱਸਾ
ਨਵੀਂ ਦਿੱਲੀ : ਸਮੁੱਚੇ ਦੇਸ਼ ਨੇ ਅੱਜ 67ਵਾਂ ਗਣਤੰਤਰ ਦਿਵਸ ਮਨਾਇਆ ਹੈ। ਮੁੱਖ ਸਮਾਗਮ ਦਿੱਲੀ ਵਿੱਚ ਰਾਜ ਪੱਥ ‘ਤੇ ਹੋਇਆ। ਇਸ ਵਾਰ ਦੀ ਪਰੇਡ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਬਣੇ । ਇਸ ਨੂੰ ਲੈ ਕੇ ਸੁਰੱਖਿਆ ਦੇ ਕਾਫ਼ੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਵਾਰ ਦੇ ਗਣਤੰਤਰ ਦਿਵਸ ਦੀ ਖ਼ਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਕਿਸੇ ਵਿਦੇਸ਼ੀ ਸੈਨਾ ਨੇ ਪਰੇਡ ਵਿੱਚ ਹਿੱਸਾ ਲਿਆ।
ਫਰਾਂਸ ਦੇ ਰਾਸ਼ਟਰਪਤੀ ਔਲਾਂਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਫਰੈਂਚ ਸੈਨਾ ਦੇ 130 ਜਵਾਨਾਂ ਨੇ ਪਰੇਡ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਖ਼ਾਸ ਤੌਰ ਉੱਤੇ ਫਰਾਂਸ ਦੀ ਸੈਨਾ ਦੇ ਬੈਂਡ ਨੇ ਵੀ ਪਰੇਡ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ 2009 ਵਿੱਚ ਫਰਾਂਸ ਭਾਰਤੀ ਸੈਨਾ ਨੂੰ ਇਹ ਸਨਮਾਨ ਦੇ ਚੁੱਕਾ ਹੈ। ਸੈਨਾ ਦਾ ਡੌਗ ਦਸਤਾ ਵੀ ਦਰਸ਼ਕਾਂ ਲਈ ਖਾਸ ਤੌਰ ਉਤੇ ਖਿੱਚ ਦਾ ਕੇਂਦਰ ਰਿਹਾ। ਅੱਤਵਾਦੀਆਂ ਦੇ ਹਮਲੇ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਕਾਫ਼ੀ ਸਖਤ ਸੀ।















