‘ਦੇਵਸੈਨਾ’ ਵਰਗੀ ਦਿਖੇਗੀ ਸਨੀ ਲਿਓਨੇ

ਬੌਲੀਵੁੱਡ ਨੂੰ ਆਪਣੀਆਂ ਅਦਾਵਾਂ ਨਾਲ ਦੀਵਾਨਾ ਬਣਾਉਣ ਤੋਂ ਬਾਅਦ ਸਨੀ ਲਿਓਨੀ ਨੇ ਹੁਣ ਦੱਖਣੀ ਭਾਰਤ ਵੱਲ ਦਾ ਰੁਖ਼ ਕਰ ਲਿਆ ਹੈ ਪਰ ਉੱਥੇ ਉਹ ਆਪਣੀਆਂ ਅਦਾਵਾਂ ਨਾਲ ਨਹੀਂ, ਬਲਕਿ ਆਪਣੇ ਤੇਵਰਾਂ ਨਾਲ ਦਰਸ਼ਕਾਂ ਨੂੰ ਜ਼ਖ਼ਮੀ ਕਰੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਫ਼ਿਲਮ ਦੇ ਐਲਾਨ ਦੇ ਨਾਲ ਹੀ ਸਨੀ ਨੇ ਇਕ ਵਾਰ ਫ਼ਿਰ ਇਹ ਗੱਲ ਦੋਹਰਾਈ ਹੈ ਕਿ ਉਹ ਆਪਣੇ ਅਕਸ ਨੂੰ ਲੈ ਕੇ ਬਿਲਕੁਲ ਵੀ ਸ਼ਰਮਿੰਦਾ ਨਹੀਂ ਹੈ, ਬਲਕਿ ਉਸ ਨੂੰ ਆਪਣੇ ਆਪ ਉੱਪਰ ਮਾਣ ਹੈ। ਹੁਣ ਤਕ ਗਾਣਿਆਂ ਵਿਚ ਕੈਮੀਓ ਕਰਦੀ ਆ ਰਹੀ ਸਨੀ ਦੱਖਣੀ ਭਾਰਤ ਦੇ ਸਿਨੇਮਾ ‘ਚ ਬਤੌਰ ਲੀਡ ਲੇਡੀ ਡੈਬਿਊ ਕਰਨ ਵਾਲੀ ਹੈ। ਸਨੀ ਨੇ ਇਸ ਗੱਲ ਦਾ ਐਲਾਨ ਟਵਿਟਰ ਉੱਪਰ ਇਕ ਵੀਡੀਓ ਪੋਸਟ ਜ਼ਰੀਏ ਕੀਤਾ ਹੈ। ਸਨੀ ਦੀ ਇਹ ਫ਼ਿਲਮ ਪੀਰੀਅਡ ਵਾਰ ਫ਼ਿਲਮ ਹੈ ਜੋ ਤੇਲਗੂ ਤੋਂ ਇਲਾਵਾ ਤਮਿਲ, ਮਲਿਆਲਮ ਅਤੇ ਹਿੰਦੀ ਵਿਚ ਵੀ ਬਣਾਈ ਜਾ ਰਹੀ ਹੈ। ਹਿੰਦੀ ਸਿਨੇਮਾ ‘ਚ ਆਪਣੀ ਸੈਂਸੂਅਸਨੈੱਸ ਲਈ ਮਸ਼ਹੂਰ ਰਹੀ ਸਨੀ ਇਸ ਫ਼ਿਲਮ ਵਿੱਚ ਤਲਵਾਰਬਾਜ਼ੀ ਅਤੇ ਘੋੜਸਵਾਰੀ ਕਰਦੀ ਹੋਈ ਵੀ ਵਿਖਾਈ ਦੇਵੇਗੀ। ਵੀਡੀਓ ਵਿਚ ਸਨੀ ਨੇ ਫ਼ਿਲਮ ਬਾਰੇ ਵੀ ਕੁਝ ਜਾਣਕਾਰੀ ਦਿੱਤੀ ਹੈ। ਸਨੀ ਨੇ ਇਸ ਵੀਡੀਓ ਫ਼ਿਲਮ ਵਿਚ ਕਿਹਾ ਹੈ, ‘ਮੈਂ ਇਸ ਪੀਰੀਅਡ ਫ਼ਿਲਮ ਨੂੰ ਸਾਈਨ ਕਰ ਕੇ ਬੇਹੱਦ ਖ਼ੁਸ਼ ਹਾਂ। ਮੈਂ ਅਜਿਹਾ ਹੀ ਕੁਝ ਕਰਨਾ ਚਾਹੁੰਦੀ ਸੀ, ਜਿਸ ਯੁੱਧ ਕਲਾ, ਤਲਵਾਰਬਾਜ਼ੀ ਅਤੇ ਐਕਸ਼ਨ ਸੀਨ ਹੋਣ ਅਤੇ ਮੈਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲੇ। ਸਨੀ ਨੇ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਆਖਿਆ ਕਿ ‘ਇਹ ਪੂਰੀ ਤਰ੍ਹਾਂ ਨਾਲ ਪਹਿਲੀ ਸਾਊਥ ਇੰਡੀਅਨ ਫ਼ਿਲਮ ਹੈ। ਸਿਰਫ਼ ਇਕ ਗਾਣਾ ਦੱਖਣੀ ਭਾਰਤ ਦੇ ਸਭਿਆਚਾਰ ਤੋਂ ਹਟ ਕੇ ਹੈ। ਇਸ ਵਿੱਚ ਮੇਰਾ ਕਿਰਦਾਰ ਵੀ ਕਾਫ਼ੀ ਜ਼ਬਰਦਸਤ ਹੈ ਅਤੇ ਹਰ ਔਰਤ ਅਜਿਹਾ ਕਿਰਦਾਰ ਨਿਭਾਉਣਾ ਪਸੰਦ ਕਰੇਗੀ।’ ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਨੀ ਲਿਓਨੀ ਆਪਣੇ ਅਤੀਤ ਵਾਲੇ ਅਕਸ ਤੋਂ ਛੁਟਕਾਰਾ ਪਾਉਣ ਲਈ ਅਜਿਹੀਆਂ ਫ਼ਿਲਮਾਂ ਕਰ ਰਹੀ ਹੈ ਜਿਨ੍ਹਾਂ ਵਿਚ ਉਸ ਦਾ ਸੈਡਕਟਿਵ ਰੂਪ ਨਜ਼ਰ ਆ ਸਕੇ, ਪਰ ਸਨੀ ਨੇ ਖ਼ਬਰਾਂ ‘ਚ ਕੀਤੇ ਗਏ ਅਜਿਹੇ ਕਿਸੇ ਵੀ ਦਾਅਵੇ ਤੋਂ ਇਨਕਾਰ ਕੀਤਾ ਹੈ। ਸਨੀ ਨੇ ਕਿਹਾ, ‘ਕੁਝ ਮੀਡੀਆ ਰਿਪੋਰਟਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਜ਼ਰੀਏ ਮੈਂ ਆਪਣੇ ਅਕਸ ਨੂੰ ਬਦਲਨਾ ਚਾਹੁੰਦੀ ਹਾਂ। ਪਰ ਮੈਂ ਇਨ੍ਹਾਂ ਗੱਲਾਂ ਵਿਚ ਯਕੀਨ ਨਹੀਂ ਰੱਖਦੀ। ਇਸ ਫ਼ਿਲਮ ਨੂੰ ਸਟੀਵਜ਼ ਕਾਰਨਰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਦਾ ਨਾਮ ਅਜੇ ਨਹੀਂ ਰੱਖਿਆ ਗਿਆ ਹੈ।