ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਵਿਚ ਮੋਟੀ ਔਰਤ ਦਾ ਕਿਰਦਾਰ ਨਿਭਾਉਣ ਵਾਲੀ ਅਤੇ ਫ਼ਿਲਮ ‘ਟਾਇਲੈੱਟ : ਏਕ ਪ੍ਰੇਮ ਕਥਾ’ ਵਿਚ ਜ਼ਿੰਦਾਦਿਲ ਲੜਕੀ ਦੀ ਭੂਮਿਕਾ ਅਦਾ ਕਰਨ ਵਾਲੀ ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ, ਉਸ ਨਾਲ ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹੈ। ਖ਼ੂਬਸੂਰਤੀ ਅਤੇ ਸਿਹਤ ਨਾਲ ਸਬੰਧਤ ਪ੍ਰੋਡੈਕਟ ਲਾਂਚ ਕਰਨ ਲਈ ਆਯੋਜਿਤ ਕੀਤੇ ਗਏ ਇਕ ਸਮਾਗਮ ਦੌਰਾਨ ਭੂਮੀ ਨੇ ਕਿਹਾ, ‘ਕਾਰੋਬਾਰੀ ਪੱਖ ਤੋਂ ਜਦੋਂ ਤੁਹਾਡੀਆਂ ਫ਼ਿਲਮਾਂ ਕਾਫ਼ੀ ਵਧੀਆ ਪ੍ਰਦਰਸ਼ਨ ਕਰਦੀਆਂ ਹਨ ਤਾਂ ਤੁਹਾਨੂੰ ਖ਼ੁਸ਼ੀ ਤਾਂ ਹੁੰਦੀ ਹੀ ਹੈ ਪਰ ਮੈਨੂੰ ਜਿਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੂੰ ਲੈ ਕੇ ਮੈਂ ਆਪਣੇ ਆਪ ਨੂੰ ਬੇਹੱਦ ਖ਼ੁਸ਼ਕਿਸਮਤ ਮੰਨਦੀ ਹਾਂ।’ ਭੂਮੀ ਨੇ ਆਪਣੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਭਵਿੱਖ ਵਿਚ ਵੀ ਉਸ ਨੂੰ ਨਿਭਾਉਣ ਲਈ ਚੰਗੇ ਕਿਰਦਾਰ ਮਿਲਣਗੇ। ਉਨ੍ਹਾਂ ਕਿਹਾ, ‘ਮੈਂ ਅਜਿਹੇ ਕਿਰਦਾਰ ਲਗਾਤਾਰ ਮਿਲਦੇ ਰਹਿਣ ਦੀ ਉਮੀਦ ਕਰਦੀ ਹਾਂ। ਜਿਸ ਤਰੀਕੇ ਨਾਲ ਮੇਰੀ ਜ਼ਿੰਦਗੀ ਅੱਗੇ ਵਧ ਰਹੀ ਹੈ, ਉਸ ਨੂੰ ਲੈ ਕੇ ਮੈਂ ਬੇਹੱਦ ਖ਼ੁਸ਼ ਹਾਂ।’ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਭੂਮੀ ਦੇ ਨਵੇਂ ਫ਼ੋਟੋ-ਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਹ ਇਕ ਪਰਫ਼ੈਕਟ ਬ੍ਰਾਈਡ ਲੱਗ ਰਹੀ ਸੀ। ਭੂਮੀ ਨੇ ਜਦੋਂ ਡੈਬਿਊ ਕੀਤਾ ਸੀ ਤਾਂ ਉਹ ਕਾਫ਼ੀ ਮੋਟੀ ਸੀ ਪਰ ਜਦੋਂ ਉਨ੍ਹਾਂ ਨੇ ਆਪਣਾ ਵਜ਼ਨ ਕਾਫ਼ੀ ਘੱਟ ਕਰ ਲਿਆ ਤਾਂ ਉਹ ਲਗਾਤਾਰ ਫ਼ਿਲਮਾਂ ਵਿਚ ਨਜ਼ਰ ਆਉਣ ਲੱਗੀ ਹੈ।












