ਦੂਜੇ ਦੇਸ਼ ਵੀ ਉਠਾ ਸਕਣਗੇ ਕੋਵਿਨ ਪਲੇਟਫਾਰਮ ਦਾ ਲਾਭ, ਮਿਲੇਗੀ ਕਾਫ਼ੀ ਮਦਦ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਰੋਕੂ ਟੀਕਾਕਰਣ ਲਈ ਭਾਰਤ ਦੇ ਤਕਨੀਕੀ ਮੰਚ ਕੋਵਿਨ ਨੂੰ ਛੇਤੀ ਹੀ ਸਾਰੇ ਦੇਸ਼ਾਂ ਲਈ ਮੁਹੱਈਆ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਮਹਾਮਾਰੀ ਨਾਲ ਨਜਿੱਠਣ ’ਚ ਆਪਣੀ ਮੁਹਾਰਤ ਅਤੇ ਵਸੀਲਿਆਂ ਨੂੰ ਕੌਮਾਂਤਰੀ ਭਾਈਚਾਰੇ ਦੇ ਨਾਲ ਸਾਂਝਾ ਕਰਨ ਲਈ ਵਚਨਬੱਧ ਹੈ। ਕੋਵਿਨ ਕੌਮਾਂਤਰੀ ਸੰਮੇਲਨ ਨੂੰ ਵੀਡੀਓ ਕਾਨਫਰੰਸ ਦੇ ਜਰੀਏ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਤਜ਼ਰਬਾ ਦੱਸਦਾ ਹੈ ਕਿ ਕੋਈ ਵੀ ਰਾਸ਼ਟਰ ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਇਸ ਮਹਾਮਾਰੀ ਵਰਗੀ ਚੁਣੌਤੀ ਨੂੰ ਵੱਖਰਾ ਰਹਿ ਕੇ ਹੱਲ ਨਹੀਂ ਕਰ ਸਕਦਾ ਹੈ।
ਮੋਦੀ ਨੇ ਕਿਹਾ, ‘‘ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਭਾਰਤ ਇਸ ਲੜਾਈ ’ਚ ਆਪਣੇ ਸਾਰੇ ਤਜ਼ਰਬਿਆਂ, ਮੁਹਾਰਤ ਅਤੇ ਵਸੀਲਿਆਂ ਨੂੰ ਕੌਮਾਂਤਰੀ ਭਾਈਚਾਰੇ ਦੇ ਨਾਲ ਸਾਂਝਾ ਕਰਨ ਲਈ ਵਚਨਬੱਧ ਹੈ। ਇਹ ਚਰਚਾ ਕਰਦੇ ਹੋਏ ਕਿ ਤਕਨੀਕੀ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਦਾ ਅਨਿੱਖੜਵਾਂ ਅੰਗ ਹੈ, ਮੋਦੀ ਨੇ ਕਿਹਾ ਕਿ ਸੁਭਾਗ ਨਾਲ ਸਾਫਟਵੇਅਰ ਇਕ ਅਜਿਹਾ ਖੇਤਰ ਹੈ ਜਿਸ ’ਚ ਕੋਈ ਸਰੋਤਾਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ, ‘‘ਇਸ ਲਈ ਅਸੀਂ ਤਕਨੀਕੀ ਰੂਪ ਨਾਲ ਸੰਭਵ ਹੁੰਦੇ ਹੀ ਆਪਣੇ ਕੋਵਿਡ ਟਰੇਸਿੰਗ ਅਤੇ ਟਰੈਕਿੰਗ ਐਪ ਨੂੰ ਓਪਨ ਸੋਰਸ ਬਣਾ ਦਿੱਤਾ।’’ ਰਾਸ਼ਟਰੀ ਸਿਹਤ ਅਥਾਰਿਟੀ (ਐੱਨ. ਐੱਚ. ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਆਰ. ਐੱਸ. ਸ਼ਰਮਾ ਨੇ ਹਾਲ ਹੀ ’ਚ ਕਿਹਾ ਸੀ ਕਿ ਕੈਨੇਡਾ, ਮੈਕਸੀਕੋ, ਨਾਇਜੀਰੀਆ, ਪਨਾਮਾ ਅਤੇ ਯੁਗਾਂਡਾ ਸਮੇਤ ਲੱਗਭਗ 50 ਦੇਸ਼ਾਂ ਨੇ ਆਪਣੀ ਟੀਕਾਕਰਣ ਮੁਹਿੰਮ ਚਲਾਉਣ ਲਈ ਕੋਵਿਨ ਨੂੰ ਅਪਨਾਉਣ ’ਚ ਰੁਚੀ ਵਿਖਾਈ ਹੈ।