ਐਡੀਲੇਡ – ਆਸਟਰੇਲੀਆ ਦੇ ਸਲਾਮੀ ਬੱਲੇਬਾਜ ਜੋ ਬਰਨਜ਼ ਦਾ ਮੰਨਣਾ ਹੈ ਕਿ ਭਾਰਤ ਵਿਰੁੱਧ 26 ਦਸੰਬਰ ਤੋਂ ਮੈਲਬੋਰਨ ‘ਚ ਸ਼ੁਰੂ ਹੋਣ ਵਾਲਾ ਦੂਜਾ ਟੈੱਸਟ ਕ੍ਰਿਕਟ ਮੈਚ ਚਾਰ ਮੈਚਾਂ ਦੀ ਲੜੀ ਦੀ ਕਿਸਮਤ ਤੈਅ ਕਰਨ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਣ ਹੋਵੇਗਾ ਅਤੇ ਇਸ ਲਈ ਉਸ ਦੀ ਟੀਮ ਇਸ ‘ਚ ਕੋਈ ਕਸਰ ਨਹੀਂ ਛੱਡੇਗੀ।
ਭਾਰਤੀ ਟੀਮ ਪਹਿਲੇ ਟੈੱਸਟ ਮੈਚ ‘ਚ 8 ਵਿਕਟਾਂ ਦੀ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਆਪਣੇ ਪਹਿਲੇ ਬੱਚੇ ਦਨ ਜਨਮ ਕਾਰਣ ਵਤਨ ਪਰਤਣ ਵਾਲੇ ਵਿਰਾਟ ਕੋਹਲੀ ਦੇ ਬਿਨਾਂ ਦੂਜੇ ਮੈਚ ਵਿੱਚ ਉਤਰੇਗੀ। ਲੜੀ ਦੇ ਬਾਕੀ ਮੈਚਾਂ ‘ਚ ਅਜਿੰਕਯ ਰਹਾਨੇ ਟੀਮ ਦੀ ਅਗਵਾਈ ਕਰੇਗਾ। ਬਰਨਜ਼ ਨੇ ਪੱਤਰਕਾਰ ਸੰਮੇਲਨ ‘ਚ ਕਿਹਾ, ”ਸਾਨੂੰ ਵੀ ਆਪਣੀ ਟੀਮ ‘ਚ ਕੁੱਝ ਕਮੀਆਂ ਨਜ਼ਰ ਆਈਆਂ ਹਨ। ਅਸੀਂ ਸਿਰਫ਼ ਚੰਗੀ ਤਿਆਰੀ ਕਰਨੀ ਹੈ, ਚੰਗੀ ਸ਼ੁਰੂਆਤ ਕਰਨੀ ਹੈ ਅਤੇ ਪਿਛਲੇ ਮੈਚ ਦੀ ਲੈਅ ਨੂੰ ਅੱਗੇ ਵਧਾਉਣਾ ਹੈ।”
ਉਸ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਟੀਮ ਅਗਲੇ ਟੈੱਸਟ ‘ਚ ਵਾਪਸੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਇਹ ਮੈਚ ਲੜੀ ਦੀ ਕਿਸਮਤ ਤੈਅ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।” ਬਰਨਜ਼ ਨੇ ਮੰਨਿਆ ਕਿ ਕੋਹਲੀ ਅਤੇ ਜ਼ਖ਼ਮੀ ਮੁਹੰਮਦ ਸ਼ਾਮੀ ਦੀ ਗ਼ੈਰ-ਹਾਜ਼ਰੀ ਵੱਡਾ ਨੁਕਸਾਨ ਹੈ, ਪਰ ਉਸ ਨੂੰ ਭਾਰਤ ਤੋਂ ਦਮਦਾਰ ਵਾਪਸੀ ਦੀ ਉਮੀਦ ਹੈ। ਉਸ ਨੇ ਕਿਹਾ, ”ਨਿਸ਼ਚਿਤ ਤੌਰ ‘ਤੇ ਸ਼ਾਮੀ ਅਤੇ ਵਿਰਾਟ ਦੀ ਗੈਰ-ਹਾਜਰੀ ਭਾਰਤ ਲਈ ਵੱਡਾ ਨੁਕਸਾਨ ਹੈ, ਪਰ ਭਾਰਤੀ ਟੀਮ ‘ਚ ਬਹੁਤ ਚੰਗੇ ਖਿਡਾਰੀ ਹਨ ਅਤੇ ਇਸ ਲਈ ਉਹ ਅਜੇ ਵੀ ਸਖ਼ਤ ਚੁਣੌਤੀ ਪੇਸ਼ ਕਰਨਗੇ।” ਬਰਨਜ਼ ਨੇ ਕਿਹਾ, ”ਉਨ੍ਹਾਂ ਵਰਗੇ ਵਿਸ਼ਵ ਪੱਧਰੀ ਖਿਡਾਰੀਆਂ ਦੀ ਜਗ੍ਹਾ ਭਰਨਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਦੇਖਦੇ ਹਾਂ ਕਿ ਉਨ੍ਹਾਂ ਦੀ ਜਗ੍ਹਾ ਕੌਣ ਖਿਡਾਰੀ ਲੈਣ ਵਾਲਾ ਹੈ ਤਾਂ ਫ਼ਿਰ ਅਸੀਂ ਅਗਲੇ ਮੈਚ ਲਈ ਬਹੁਤ ਚੰਗੀ ਤਿਆਰੀ ਕਰਾਂਗੇ। ਅਸੀਂ ਜਾਣਦੇ ਹਾਂ ਕਿ ਭਾਰਤ ਮਜ਼ਬੂਤ ਵਾਪਸੀ ਕਰੇਗਾ।”
ਪਹਿਲੇ ਟੈੱਸਟ ਮੈਚ ਦੌਰਾਨ ਸ਼ਾਮੀ ਦੀ ਬਾਂਹ ‘ਚ ਫ਼੍ਰੈਕਚਰ ਹੋ ਗਿਆ ਜਿਸ ਨਾਲ ਉਹ ਲੜੀ ਦੇ ਬਾਕੀ ਮੈਚਾਂ ‘ਚੋਂ ਬਾਹਰ ਹੋ ਗਿਆ। ਬਰਨਜ਼ ਲੜੀ ਤੋਂ ਪਹਿਲਾਂ ਖ਼ਰਾਬ ਫ਼ਾਰਮ ਵਿੱਚ ਚੱਲ ਰਿਹਾ ਸੀ, ਪਰ ਐਡੀਲੇਡ ਓਵਲ ‘ਚ ਦੂਜੀ ਪਾਰੀ ‘ਚ ਅਰਧ ਸੈਂਕੜਾ ਲਾ ਕੇ ਉਸ ਨੇ ਚੰਗੀ ਵਾਪਸੀ ਕੀਤੀ। ਬਰਨਜ਼ ਨੇ ਕਿਹਾ ਕਿ ਤੇਜ ਗੇਂਦਬਾਜ ਉਮੇਸ਼ ਯਾਦਵ ਦੀ ਗੇਂਦ ‘ਤੇ ਖੇਡੇ ਗਏ ਪੁਲ ਸ਼ੌਟ ਤੋਂ ਬਾਅਦ ਉਹ ਆਪਣੀ ਪੁਰਾਣੀ ਲੈਅ ‘ਚ ਆ ਗਿਆ।” ਉਸ ਨੇ ਕਿਹਾ, ”ਇਹ ਕਿੰਨਾ ਦਿਲਚਸਪ ਹੈ ਕਿ ਅਕਸਰ ਇੱਕ ਸ਼ਾਟ ਤੁਹਾਨੂੰ ਉਹ ਦੇ ਦਿੰਦੀ ਹੈ ਜੋ ਇੱਕ ਬੱਲੇਬਾਜ ਦੇ ਤੌਰ ‘ਤੇ ਤੁਸੀਂ ਲੱਭ ਰਹੇ ਹੁੰਦੇ ਹੋ। ਉਮੇਸ਼ ਯਾਦਵ ‘ਤੇ ਮੇਰੀ ਪਹਿਲਾ ਪੁਲ ਸ਼ਾਟ ਅਜਿਹੀ ਹੀ ਸੀ, ਜਿਸ ਤੋਂ ਬਾਅਦ ਮੈਂ ਬਹੁਤ ਕੁੱਝ ਮਹਿਸੂਸ ਕਰ ਰਿਹਾ ਸੀ।”
ਦੁਧੀਆ ਰੌਸ਼ਨੀ ‘ਚ ਖੇਡੇ ਗਏ ਪਹਿਲੇ ਟੈੱਸਟ ਦੀ ਦੂਜੀ ਪਾਰੀ ‘ਚ ਜੋਸ਼ ਹੇਜਲਵੁਡ (8 ਦੌੜਾਂ ਦੇ ਕੇ 5 ਵਿਕਟਾਂ) ਅਤੇ ਪੈਟ ਕਮਿਨਜ਼ (21 ਦੌੜਾਂ ਦੇ ਕੇ 4 ਵਿਕਟਾਂ) ਦੀ ਘਾਤਕ ਗੇਂਦਬਾਜੀ ਦੇ ਸਾਹਮਣੇ ਭਾਰਤੀ ਟੀਮ ਆਪਣੇ ਸਭ ਤੋਂ ਘੱਟ ਸਕੋਰ 36 ਦੌੜਾਂ ‘ਤੇ ਆਊਟ ਹੋ ਗਈ ਸੀ। ਬਰਨਜ਼ ਨੇ ਕਿਹਾ, ”ਸਾਡੀ ਟੀਮ ਦੁਨੀਆ ‘ਚ ਸਰਵਸ੍ਰੇਸ਼ਠ ਹੈ। ਅਸੀਂ ਹਰ ਕਿਸੇ ਵਿਰੁੱਧ ਕਿਸੇ ਵੀ ਸਥਾਨ ‘ਤੇ ਆਤਮਵਿਸ਼ਵਾਸ ਦੇ ਨਾਲ ਖੇਡਦੇ ਹਾਂ। ਸਾਡੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਅਵਿਸ਼ਵਾਸਯੋਗ ਰਿਹਾ। ਉਨ੍ਹਾਂ ਨੇ ਪਹਿਲੀ ਪਾਰੀ ‘ਚ ਵੀ ਚੰਗੀ ਗੇਂਦਬਾਜੀ ਕੀਤੀ ਸੀ।”
ਭਾਰਤ ਦਾ ਨੌਜਵਾਨ ਸਲਾਮੀ ਬੱਲੇਬਾਜ ਪ੍ਰਿਥਵੀ ਸ਼ਾਹ ਦੌੜਾਂ ਬਣਾਉਣ ਲਈ ਜੂਝ ਰਿਹਾ ਹੈ, ਪਰ ਬਰਨਜ਼ ਨੇ ਉਸ ਨੂੰ ਕਿਸੇ ਤਰ੍ਹਾਂ ਦੀ ਸਲਾਹ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਉਸ ਦੇ ਖ਼ਿਲਾਫ਼ ਖੇਡ ਰਿਹਾ ਹੈ। ਉਸ ਨੇ ਕਿਹਾ, ”ਮੈਂ ਉਸ ਨੂੰ ਕੋਈ ਸਲਾਹ ਨਹੀਂ ਦੇਵਾਂਗਾ। ਮੈਂ ਉਸ ਦੇ ਵਿਰੁੱਧ ਖੇਡ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਉਹ ਅਸਲ ‘ਚ ਕਿਸ ਤਰ੍ਹਾਂ ਦੀ ਫ਼ਾਰਮ ‘ਚ ਹੈ। ਉਹ ਭਾਰਤ ਵਲੋਂ ਖੇਡ ਰਿਹਾ ਹੈ ਤੇ ਚੰਗਾ ਖਿਡਾਰੀ ਹੋਵੇਗਾ। ਪਾਰੀ ਦੀ ਸ਼ੁਰੂਆਤ ਕਰਨਾ ਚੁਣੌਤੀਪੂਰਨ ਹੁੰਦਾ ਹੈ, ਪਰ ਮੈਂ ਲੜੀ ਦੇ ਆਖਿਰ ‘ਚ ਉਸ ਨੂੰ ਕੁੱਝ ਸਲਾਹ ਦੇ ਸਕਦਾ ਹਾਂ ਪਰ ਅਜੇ ਨਹੀਂ।”












