ਦੁਬਾਰਾ ਨਾਮਾਂਕਣ ਤੋਂ ਪਹਿਲਾਂ ਹਰੇਕ ਵਿਧਾਇਕ ਦਾ ਪ੍ਰਦਰਸ਼ਨ ਜਾਂਚਿਆ ਜਾਵੇਗਾ: ਕੈਪਟਨ ਅਮਰਿੰਦਰ

5ਬਰਨਾਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੋਣਾਂ ਲਈ ਦੁਬਾਰਾ ਨਾਮਾਂਕਣ ਤੋਂ ਪਹਿਲਾਂ ਪਾਰਟੀ ਦੇ ਹਰੇਕ ਵਿਧਾਇਕ ਦੇ ਬੀਤੇ ਕਾਰਜ਼ਕਾਲ ਦੌਰਾਨ ਰਹੇ ਪ੍ਰਦਰਸ਼ਨ ਨੂੰ ਵੀ ਜਾਂਚਿਆ ਜਾਵੇਗਾ।
ਹਲਕੇ ਵਿਚ ਕੈਪਟਨ ਪ੍ਰੋਗਰਾਮ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਤੇ ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਵੇਂ ਉਹ ਮੌਜ਼ੂਦਾ ਵਿਧਾਇਕ ਹੋਵੇ ਜਾਂ ਕੋਈ ਨਵਾਂ ਆਗੂ, ਉਮੀਦਵਾਰਾਂ ਨੂੰ ਚੁਣਨ ਦਾ ਇਕੋਮਾਤਰ ਅਧਾਰ ਉਨ੍ਹਾਂ ‘ਚ ਜਿੱਤਣ ਦੀ ਕਾਬਲਿਅਤ ਹੋਵੇਗੀ। ਇਸ ਦੌਰਾਨ ਉਨ੍ਹ ਨੇ ਪਾਰਟੀ ਵਰਕਰਾਂ ਦੇ ਸੁਝਾਅ ‘ਤੇ ਹਾਮੀ ਭਰੀ ਕਿ ਕਿਸੇ ਵੀ ਹਲਕੇ ਤੋਂ ਉਮੀਦਵਾਰ ਦੇ ਨਾਮਾਂਕਣ ਤੋਂ ਪਹਿਲਾਂ ਉਨ੍ਹਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਤੁਸੀਂ ਸਲਾਹ ਦੇਓਗੇ ਕਿ ਕਿਹੜਾ ਉਮੀਦਵਾਰ ਚੋਣ ਲੜਨ ਲਈ ਸਹੀ ਹੋਵੇਗਾ ਅਤੇ ਅਸੀਂ ਉਸਦੀ ਪਾਰਟੀ ਹਾਈ ਕਮਾਂਡ ਨੂੰ ਸਿਫਾਰਿਸ਼ ਭੇਜ ਦਿਆਂਗੇ ਤੇ ਆਖਿਰੀ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਲਿਆ ਜਾਵੇਗਾ। ਅਜਿਹੇ ‘ਚ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਪੁਖਤਾ ਕਰਨ ਦੀ ਜ਼ਿੰਮੇਵਾਰੀ ਹਰੇਕ ਕਾਂਗਰਸੀ ਦੀ ਹੋਵੇਗੀ।
ਇਸੇ ਤਰ੍ਹਾਂ, ਟਿਕਟਾਂ ਦੇ ਚਾਹਵਾਨਾਂ ਤੋਂ ਇਹ ਹਲਫਿਆ ਬਿਆਨ ਲੈਣ ਕਿ ਉਹ ਅਧਿਕਾਰਿਕ ਉਮੀਦਵਾਰ ਖਿਲਾਫ ਨਹੀਂ ਲੜਨਗੇ, ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ‘ਚ ਕੁਝ ਗਲਤ ਨਹੀਂ ਹੈ, ਕਿਉਂਕਿ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਤੇ ਅਨੁਸ਼ਾਸਨ ਪਹਿਲੀਆਂ ਸ਼ਰਤਾਂ ਹਨ।
ਇਹ ਪੁੱਛੇ ਜਾਣ ‘ਤੇ ਕਿ ਹਲਫੀਆ ਬਿਆਨ ਦੇਣਾ ਜ਼ਰੂਰੀ ਹੋਵੇਗਾ,’ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਨੂੰ ਮਿੱਲ ਰਹੇ ਸ਼ਾਨਦਾਰ ਸਮਰਥਨ ਦੇ ਮੱਦੇਨਜ਼ਰ ਹਰੇਕ ਨੂੰ ਕਾਂਗਰਸ ਦੀ ਸਰਕਾਰ ਬਣਨ ਦੀ ਉਮੀਦ ਹੈ। ਅਜਿਹੇ ‘ਚ ਪਾਰਟੀ ਟਿਕਟ ‘ਤੇ ਲੜਨ ਦੇ ਚਾਹਵਾਨਾਂ ਦੀ ਗਿਣਤੀ ਵੀ ਬਹੁਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੁਖਤਾ ਕਰੇਗੀ ਕਿ ਇਸ ਵਾਰ ਕੋਈ ਵੀ ਵਿਦ੍ਰੋਹੀ ਨਾ ਹੋਵੇ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਟਿਕਟ ਨਹੀਂ ਮਿਲੇਗੀ, ਉਨ੍ਹਾਂ ਨੂੰ ਸਰਕਾਰ ‘ਚ ਜਗ੍ਹਾ ਦਿੱਤੀ ਜਾਵੇਗੀ।
ਇਸ ਦੌਰਾਨ ਪ੍ਰੋਗਰਾਮ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿੱਲਿਆ ਅਤੇ 5000 ਤੋਂ ਵੱਧ ਲੋਕ ਸ਼ਾਮਿਲ ਹੋਏ। ਇਨ੍ਹਾਂ ‘ਚੋਂ 2300 ਲੋਕਾਂ ਨੇ ਕਾਂਗਰਸ ਦੇ ਵਲੰਟਿਅਰਾਂ ਕੋਲ ਆਪਣੀਆਂ ਸ਼ਿਕਾਇਤਾਂ ਦਰਜ਼ ਕਰਵਾਈਆਂ। ਕੈਪਟਨ ਅਮਰਿੰਦਰ ਕਰੀਬ ਦੋ ਘੰਟੇ ਕੁਝ ਵਿਅਕਤੀਗਤ ਤੇ ਲੋਕ ਭਲਾਈ ਦੇ ਮੁੱਦਿਆਂ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਰਹੇ।
ਜਿਵੇਂ ਹੀ ਕੈਪਟਨ ਅਮਰਿੰਦਰ ਦਾ ਕਾਫਿਲਾ ਭਦੌੜ ਤੇ ਤਪਾ ਸ਼ਹਿਰਾਂ ਤੇ ਉਨ੍ਹਾਂ ਦੇ ਬਜ਼ਾਰਾਂ ‘ਚੋਂ ਨਿਕਲਿਆ, ਤਾਂ ਲੋਕ ਆਪਣੇ ਘਰਾਂ ਤੇ ਦੁਕਾਨਾਂ ਤੋਂ ਬਾਹਰ ਨਿਕਲ ਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਪਹੁੰਚ ਗਏ। ਉਹ ਕਈ ਥਾਂਈਂ ਚੁੱਕੇ ਅਤੇ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿਹਤ ਤੇ ਸਿੱਖਿਆ ਉਨ੍ਹਾਂ ਦੀ ਸਰਕਾਰ ਦੀਆਂ ਪਹਿਲੀਆਂ ਪ੍ਰਾਥਮਿਕਤਾਵਾਂ ਹੋਣਗੀਆਂ, ਕਿਉਂਕਿ ਜ਼ਿਆਦਾਤਰ ਲੋਕ ਨਾ ਹੀ ਵਧੀਆ ਸਿੱਖਿਆ ਤੇ ਨਾ ਹੀ ਬੇਹਤਰ ਇਲਾਜ਼ ਦਾ ਖਰਚਾ ਸਹਿਣ ਕਰ ਸਕਦੇ ਹਨ। ਸਾਡੇ ਸਕੂਲਾਂ ‘ਚ ਅਧਿਆਪਕ ਤੇ ਹਸਪਤਾਲਾਂ ‘ਚ ਡਾਕਟਰ ਨਹੀਂ ਹਨ। ਸੂਬੇ ‘ਚ ਸਿੱਖਿਆ ਤੇ ਸਿਹਤ ਵਿਵਸਥਾ ਦੇ ਪੁਨਰਗਠਨ ਦੀ ਲੋੜ ਹੈ।
ਸਥਾਨਕ ਲੋਕਾਂ ਦੀ ਮੰਗ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਭਦੌੜ ਨੂੰ ਸਬ ਡਵੀਜ਼ਨਲ ਪੱਧਰ ਦੇਣ ਤੇ ਇਥੇ ਇਕ ਡਿਗਰੀ ਕਾਲਜ਼ ਸਥਾਪਤ ਕਰਨ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਅਜਿਹੇ ਸੁਝਾਆਂ ‘ਤੇ ਵੀ ਹਾਮੀ ਭਰੀ ਕਿ ਲੋਕਾਂ ਦੇ ਕਾਂਗਰਸ ਨੂੰ ਸਮਰਥਨ ਕਾਰਨ ਅਕਾਲੀ ਸਰਕਾਰ ਨੇ ਇਸ ਖੇਤਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਾਂਗਰਸੀਆਂ ਖਿਲਾਫ ਪੱਖਪਾਤ, ਖਾਸ ਕਰਕੇ ਵਿਕਾਸ ਲਈ ਗ੍ਰਾਂਟਾਂ ਦੇਣ ਦੇ ਮਾਮਲੇ ‘ਚ ਉਨ੍ਹਾਂ ‘ਤੇ ਕੀਤੇ ਗਏ ਅੱਤਿਆਚਾਰ ਬਾਰੇ ਨੋਟਿਸ ਲੈ ਚੁੱਕੇ ਹਨ।
ਉਨ੍ਹਾਂ ਨੇ ਐਲਾਨ ਕੀਤਾ ਕਿ ਪੱਖਪਾਤ ਦਾ ਸ਼ਿਕਾਰ ਹੋਏ ਸਾਰੇ ਲੋਕਾਂ ਨੂੰ ਕਾਂਗਰਸ ਸਰਕਾਰ ਆਉਣ ‘ਤੇ ਬਾਕੀਆਂ ਉਪਰ ਪਹਿਲ ਦਿੱਤੀ ਜਾਵੇਗੀ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਸਥਾਨਕ ਆਗੂਆਂ ਦੀ ਮੰਗ ਦਾ ਸਮਰਥਨ ਕੀਤਾ ਕਿ ਇਲਾਕੇ ਨੂੰ ਘੱਟੋਂ ਘੱਟ ਇਕ ਸਰਕਾਰੀ ਕਾਲਜ਼ ਤੇ ਇਕ ਹਸਪਤਾਲ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਅਕਾਲੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਖਾਲਸਾ ਕਾਲਜ਼ ਅੰਮ੍ਰਿਤਸਰ ਵਰਗੀਆਂ ਸੰਸਥਾਵਾਂ ਕਬਜਾਉਣ ‘ਤੇ ਤੁਲੇ ਹੋਏ ਹਨ, ਇਨ੍ਹਾਂ ਨੂੰ ਭਦੌੜ ਵਰਗੇ ਇਲਾਕਿਆਂ ਦੀ ਚਿੰਤਾ ਨਹੀਂ ਹੈ, ਜਿਥੇ ਉਚਿਤ ਸਿੱਖਿਆ ਦੀ ਵਿਵਸਥਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਦੌੜ ਵਰਗੇ ਇਲਾਕਿਆਂ ‘ਚ ਵਧੀਆ ਸਿੱਖਿਆ ਸੰਸਥਾਵਾਂ ਸਥਾਪਤ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਇਥੋਂ ਦੇ ਵਿਦਿਆਰਥੀ ਪਟਿਆਲਾ ਤੇ ਚੰਡੀਗੜ੍ਹ ਵਰਗੇ ਸਥਾਨਾਂ ‘ਤੇ ਜਾ ਕੇ ਪੜ੍ਹਨ ਦਾ ਬੋਝ ਨਹੀਂ ਸਹਿ ਸਕਦੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ, ਸਥਾਨਕ ਵਿਧਾਇਕ ਮੁਹੰਮਦ ਸਦੀਕ ਤੇ ਕੋਆਰਡੀਨੇਟਰ ਧਨਵੰਤ ਸਿੰਘ ਧੂਰੀ ਵੀ ਮੌਜ਼ੂਦ ਰਹੇ।