ਬੌਲੀਵੁਡ ਦੀ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਇੱਕ ਹੋਰ ਐਵਾਰਡ ਆਪਣੇ ਨਾਂ ਕਰ ਲਿਆ ਹੈ। ਦੀਪਿਕਾ ਨੂੰ ਹਾਲ ਹੀ ‘ਚ ਜੀਕਿਊ ਵੁਮੈਨ ਔਫ਼ ਦਿ ਯੀਅਰ ਵਲੋਂ ਇਸ ਸਾਲ ਦੀ ਸਫ਼ਲ ਫ਼ਿਲਮ ਪਦਮਾਵਤ” ਚ ਬਿਹਤਰੀਨ ਅਦਾਕਾਰੀ ਲਈ ਕ੍ਰਿਏਟਿਵ ਪਰਸਨੈਲਿਟੀ ਔਫ਼ ਦਾ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਜਪੂਤ ਰਾਣੀ ਪਦਮਾਵਤੀ ਦੇ ਰੂਪ ‘ਚ ਦੀਪਿਕਾ ਨੇ ਆਪਣੀ ਦਮਦਾਰ ਅਦਾਕਾਰੀ ਸਦਕਾ ਚੰਗੀ ਪ੍ਰਸ਼ੰਸਾ ਹਾਸਿਲ ਕੀਤੀ ਸੀ। ਇਸ ਐਵਾਰਡ ਪ੍ਰੋਗਰਾਮ ‘ਚ ਦੀਪਿਕਾ ਚਿੱਟੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੀ ਲੈਦਰ ਪੈਂਟਸ ਪਾ ਕੇ ਪਹੁੰਚੀ ਸੀ। ਇਹ ਕੱਪੜੇ ਉਸ ਦੀ ਖ਼ੂਬਸੂਰਤੀ ਨੂੰ ਹੋਰ ਚਾਰ ਚੰਨ ਲਗਾ ਰਹੇ ਸਨ। ਦੀਪਿਕਾ ਇਸ ਸਾਲ ਟਾਈਮਜ਼ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਸ਼ਾਮਿਲ ਹੋਣ ਵਾਲੀ ਇਕਮਾਤਰ ਅਦਾਕਾਰਾ ਹੋਣ ਦਾ ਮਾਣ ਵੀ ਆਪਣੇ ਨਾਂ ਕਰ ਚੁੱਕੀ ਹੈ। ਦੀਪਿਕਾ ਕੇਵਲ ਭਾਰਤ ‘ਚ ਹੀ ਨਹੀਂ ਸਗੋਂ ਏਸ਼ੀਆ ਦੀਆਂ ਸਭ ਤੋਂ ਜ਼ਿਆਦਾ ਫ਼ੌਲੋ ਕੀਤੀਆਂ ਜਾਣ ਵਾਲੀਆਂ ਔਰਤਾਂ ‘ਚੋਂ ਇੱਕ ਹੈ। 100 ਕਰੋੜ ਕਲੱਬ ਦੀ ਰਾਣੀ ਵਜੋਂ ਜਾਣੀ ਜਾਂਦੀ ਦੀਪਿਕਾ ਦੀਆਂ 7 ਫ਼ਿਲਮਾਂ 100 ਕਰੋੜ ਤੋਂ ਵੱਧ ਪੈਸੇ ਕਮਾ ਚੁੱਕੀਆਂ ਹਨ। ਇਸ ਸਾਲ ਦੇ ਸ਼ੁਰੂ ‘ਚ ਉਸ ਦੀ ਰਿਲੀਜ਼ ਹੋਈ ਫ਼ਿਲਮ ਪਦਮਾਵਤ 300 ਕਰੋੜ ਦੀ ਕਮਾਈ ਕਰ ਕੇ ਨਵਾਂ ਰਿਕਾਰਡ ਬਣਾ ਚੁੱਕੀ ਹੈ। ਵਿਗਿਆਪਨ ਦੀ ਦੁਨੀਆ ‘ਚ ਵੀ ਦੀਪਿਕਾ ਇੱਕ ਪਸੰਦੀਦਾ ਚਿਹਰਾ ਹੈ, ਇਹੀ ਵਜ੍ਹਾ ਹੈ ਕਿ ਅੱਜ ਉਹ ਸਭ ਤੋਂ ਵੱਧ ਫ਼ੀਸ ਲੈਣ ਵਾਲੀ ਅਭਿਨੇਤਰੀਆਂ ‘ਚੋਂ ਇੱਕ ਹੈ। ਫ਼ਿਲਹਾਲ ਦੀਪਿਕਾ ਕਿਸੇ ਬੌਲੀਵੁਡ ਫ਼ਿਲਮ ‘ਚ ਕੰਮ ਨਹੀਂ ਕਰ ਰਹੀ। ਸੂਤਰਾਂ ਮੁਤਾਬਿਕ, ਦੀਪਿਕਾ ਪਾਦੂਕੋਣ ਜਲਦੀ ਹੀ ਹੌਲੀਵੁਡ ਵਾਪਿਸ ਜਾ ਰਹੀ ਹੈ।
–











