ਦਿੱਲੀ ਹਾਈਕੋਰਟ ਨੇ Parle Agro ‘ਤੇ ਠੋਕਿਆ 10 ਲੱਖ ਦਾ ਜੁਰਮਾਨਾ, ਹੁਕਮਾਂ ਦੀ ਅਣਦੇਖੀ ਪਈ ਭਾਰੀ

ਬਿਜ਼ਨੈੱਸ ਡੈਸਕ : ਮਸ਼ਹੂਰ ਸਾਫਟ ਡਰਿੰਕ ਕੰਪਨੀ ਪਾਰਲੇ ਐਗਰੋ (Parle Agro) ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਪੈਪਸੀਕੋ (PepsiCo) ਨਾਲ ਚੱਲ ਰਹੇ ‘Fizz’ ਟਰੇਡਮਾਰਕ ਵਿਵਾਦ ਵਿੱਚ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਜਾਣਕਾਰੀ ਛੁਪਾਉਣ ਦੇ ਦੋਸ਼ ਵਿੱਚ ਕੰਪਨੀ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜਸਟਿਸ ਗੇਡੇਲਾ ਦੀ ਬੈਂਚ ਨੇ ਨਿਆਂਇਕ ਹੁਕਮਾਂ ਦੀ ਪਵਿੱਤਰਤਾ ਨੂੰ ਸਰਵਉੱਚ ਦੱਸਦਿਆਂ ਇਹ ਸਖ਼ਤ ਕਾਰਵਾਈ ਕੀਤੀ ਹੈ।
ਇਹ ਕਾਨੂੰਨੀ ਲੜਾਈ ਸਾਲ 2021 ਵਿੱਚ ਸ਼ੁਰੂ ਹੋਈ ਸੀ ਜਦੋਂ ਪੈਪਸੀਕੋ ਨੇ ਪਾਰਲੇ ਐਗਰੋ ਦੇ ‘B Fizz’ ਪੀਣ ਵਾਲੇ ਪਦਾਰਥ (Beverage) ਵਿਰੁੱਧ ਅਦਾਲਤ ਦਾ ਰੁਖ ਕੀਤਾ ਸੀ। ਪੈਪਸੀਕੋ ਦਾ ਦੋਸ਼ ਸੀ ਕਿ ਪਾਰਲੇ ਐਗਰੋ ਆਪਣੇ ਲੇਬਲ ‘ਤੇ ‘For The Bold’ ਟੈਗਲਾਈਨ ਦੀ ਵਰਤੋਂ ਕਰ ਰਹੀ ਹੈ, ਜੋ ਪੈਪਸੀਕੋ ਦੇ ਅਧਿਕਾਰਾਂ ਦੀ ਉਲੰਘਣਾ ਹੈ। ਸਤੰਬਰ 2023 ਵਿੱਚ, ਅਦਾਲਤ ਨੇ ਪਾਰਲੇ ਐਗਰੋ ਨੂੰ ਕੁਝ ਸ਼ਰਤਾਂ ਨਾਲ ਇਸ ਟੈਗਲਾਈਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ।
ਅਦਾਲਤ ਨੇ ਜਾਰੀ ਕੀਤੀਆਂ ਸਨ ਇਹ ਸ਼ਰਤਾਂ:
ਵਿਗਿਆਪਨਾਂ ਵਿੱਚ ਟੈਗਲਾਈਨ ਨੂੰ ਪ੍ਰਮੁੱਖਤਾ ਨਾਲ ਨਹੀਂ ਦਿਖਾਇਆ ਜਾਵੇਗਾ।
ਫੇਸਬੁੱਕ ਤੋਂ ਪੁਰਾਣੇ ਵਿਗਿਆਪਨ ਹਟਾਉਣੇ ਹੋਣਗੇ।
ਕੰਪਨੀ ਨੂੰ ਹਰ ਦੋ ਮਹੀਨਿਆਂ ਬਾਅਦ ‘B Fizz’ ਦੀ ਵਿਕਰੀ (Sales) ਦੇ ਪ੍ਰਮਾਣਿਤ ਅੰਕੜੇ ਅਦਾਲਤ ਵਿੱਚ ਪੇਸ਼ ਕਰਨੇ ਹੋਣਗੇ।
ਅਦਾਲਤ ਦੀ ਸਖ਼ਤ ਫਟਕਾਰ
ਪੈਪਸੀਕੋ ਨੇ ਹਾਲ ਹੀ ਵਿੱਚ ਅਦਾਲਤ ਨੂੰ ਦੱਸਿਆ ਕਿ ਪਾਰਲੇ ਐਗਰੋ ਨੇ ਪਿਛਲੇ ਢਾਈ ਸਾਲਾਂ ਤੋਂ ਵਿਕਰੀ ਦਾ ਕੋਈ ਵੇਰਵਾ (Sales Returns) ਦਾਖਲ ਨਹੀਂ ਕੀਤਾ ਹੈ। ਸੁਣਵਾਈ ਦੌਰਾਨ ਜਦੋਂ ਪਾਰਲੇ ਐਗਰੋ ਨੇ ਦਲੀਲ ਦਿੱਤੀ ਕਿ ਇਹਨਾਂ ਅੰਕੜਿਆਂ ਦੀ ਲੋੜ ਸਿਰਫ਼ ਟਰਾਇਲ ਵੇਲੇ ਹੋਵੇਗੀ, ਤਾਂ ਅਦਾਲਤ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਪੱਖ ਆਪਣੀ ਮਰਜ਼ੀ ਨਾਲ ਇਹ ਤੈਅ ਨਹੀਂ ਕਰ ਸਕਦਾ ਕਿ ਉਸਨੇ ਅਦਾਲਤ ਦੇ ਕਿਹੜੇ ਹੁਕਮ ਨੂੰ ਮੰਨਣਾ ਹੈ ਅਤੇ ਕਿਹੜੇ ਨੂੰ ਨਹੀਂ।
‘ਭਾਰਤ ਕੇ ਵੀਰ’ ਫੰਡ ਵਿੱਚ ਜਮ੍ਹਾ ਹੋਵੇਗਾ ਜੁਰਮਾਨਾ
ਅਦਾਲਤ ਨੇ ਪਾਰਲੇ ਐਗਰੋ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ 10 ਲੱਖ ਰੁਪਏ ਦਾ ਜੁਰਮਾਨਾ ‘ਭਾਰਤ ਕੇ ਵੀਰ’ ਫੰਡ ਵਿੱਚ ਜਮ੍ਹਾ ਕਰਵਾਏ। ਹਾਲਾਂਕਿ, ਫੇਸਬੁੱਕ ‘ਤੇ ਪੁਰਾਣੀਆਂ ਪੋਸਟਾਂ ਮੌਜੂਦ ਰਹਿਣ ਦੇ ਮਾਮਲੇ ਵਿੱਚ ਅਦਾਲਤ ਨੇ ਕੰਪਨੀ ਨੂੰ ਇਹ ਮੰਨਦਿਆਂ ਰਾਹਤ ਦਿੱਤੀ ਹੈ ਕਿ ਜ਼ਿਆਦਾ ਸਮੱਗਰੀ ਹੋਣ ਕਾਰਨ ਉਹ ਪੋਸਟਾਂ ਗਲਤੀ ਨਾਲ ਆਨਲਾਈਨ ਰਹਿ ਗਈਆਂ ਹੋ ਸਕਦੀਆਂ ਹਨ।