ਨਵੀਂ ਦਿੱਲੀ- ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਲਸ਼ਕਰ-ਏ-ਤੋਇਬਾ (LeT) ਦੇ ਅੱਤਵਾਦੀ ਅਤੇ ਹੈਂਡਲਰ ਸ਼ਬੀਰ ਅਹਿਮਦ ਲੋਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੋਨ ਹਾਲ ਹੀ ‘ਚ ਸਾਹਮਣੇ ਆਏ ‘ਮੈਟਰੋ ਪੋਸਟਰ ਕੇਸ’ ‘ਚ ਫੜੇ ਗਏ ਲਸ਼ਕਰ ਮਾਡਿਊਲ ਦਾ ਮੁੱਖ ਸੰਚਾਲਕ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ, ਸ਼ਬੀਰ ਅਹਿਮਦ ਲੋਨ ਇਕ ਸਲੀਪਰ ਸੈੱਲ ਆਪਰੇਟਿਵ ਵਜੋਂ ਕੰਮ ਕਰ ਰਿਹਾ ਸੀ। ਇਸ ਤੋਂ ਪਹਿਲਾਂ 23 ਫਰਵਰੀ ਨੂੰ ਪੁਲਸ ਨੇ 8 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਤੋਂ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਲੋਨ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਲੋਨ ਪਹਿਲਾਂ ਵੀ ਅੱਤਵਾਦ ਦੇ ਦੋਸ਼ਾਂ ਹੇਠ 10 ਸਾਲ ਜੇਲ੍ਹ ਕੱਟ ਚੁੱਕਾ ਹੈ ਅਤੇ 2019 ‘ਚ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਬੰਗਲਾਦੇਸ਼ ਫ਼ਰਾਰ ਹੋ ਗਿਆ ਸੀ।
ਇਹ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਲੋਨ 26/11 ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਜ਼ਕੀ-ਉਰ-ਰਹਿਮਾਨ ਲਖਵੀ ਦੇ ਸਿੱਧੇ ਸੰਪਰਕ ‘ਚ ਸੀ। ਉਸ ਨੂੰ ਭਾਰਤ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਨੂੰ ਲਸ਼ਕਰ ਦੀ ਵਿਚਾਰਧਾਰਾ ਨਾਲ ਜੋੜਨ ਦਾ ਕੰਮ ਸੌਂਪਿਆ ਗਿਆ ਸੀ। ਲੋਨ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਏਜੰਟਾਂ ਰਾਹੀਂ ਆਧਾਰ ਕਾਰਡ ਵਰਗੇ ਜਾਅਲੀ ਪਛਾਣ ਪੱਤਰ ਮੁਹੱਈਆ ਕਰਵਾਉਂਦਾ ਸੀ। ਇੰਨਾ ਹੀ ਨਹੀਂ, ਫੜੇ ਗਏ ਮੁਲਜ਼ਮਾਂ ਨੂੰ ਹਮਲੇ ਕਰਨ ਲਈ ਹਥਿਆਰ ਵੀ ਦਿੱਤੇ ਗਏ ਸਨ। ਦਿੱਲੀ ਪੁਲਸ ਹੁਣ ਗ੍ਰਿਫਤਾਰ ਕੀਤੇ ਗਏ 8 ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੀ ਉਹ ਕਿਸੇ ਵੱਡੇ ਮੰਦਰ ਜਾਂ ਭੀੜ-ਭੜੱਕੇ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਫਿਲਹਾਲ ਇਸ ਮਾਮਲੇ ‘ਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।















