ਦਿੱਲੀ-ਐੱਨ.ਸੀ.ਆਰ. ਦੀ ਹਵਾ ‘ਚ ਵਧਿਆ ਜ਼ਹਿਰ

ਨਵੀਂ ਦਿੱਲੀ— ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਪ੍ਰਦੂਸ਼ਣ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਦੀਵਾਲੀ ਦੇ ਕਰੀਬ ਆਉਂਦੇ-ਆਉਂਦੇ ਇਹ ਪੱਧਰ ਖਰਾਬ ਅਤੇ ਬਹੁਤ ਖਰਾਬ ਦਰਮਿਆਨ ਹੀ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਦੀ ਹਵਾ ਪ੍ਰਦੂਸ਼ਿਤ ਰਹੀ। ਸਵੇਰੇ ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਤਿੰਨ ਥਾਂਵਾਂ ਦਾ ਏਅਰ ਕਵਾਲਿਟੀ ਇੰਡੈਕਸ 300 ਦੇ ਪਾਰ ਹੈ। ਜ਼ਿਕਰਯੋਗ ਹੈ ਕਿ ਏ.ਕਊ.ਆਈ. 0 ਤੋਂ 50 ਦਰਮਿਆਨ ਹੋਣ ‘ਤੇ ‘ਚੰਗਾ’ ਹੁੰਦਾ ਹੈ, ਜਦੋਂ ਕਿ 51 ਤੋਂ 100 ਦਰਮਿਆਨ ਹੋਣ ‘ਤੇ ‘ਸੰਤੋਸ਼ਜਨਕ’, 101 ਤੋਂ 200 ਦਰਮਿਆਨ ‘ਮੱਧਮ’, 201 ਤੋਂ 300 ਦਰਮਿਆਨ ‘ਖਰਾਬ’, 301 ਅਤੇ 400 ਦਰਮਿਆਨ ‘ਬਹੁਤ ਖਰਾਬ’ ਅਤੇ 401 ਅਤੇ 500 ਦਰਮਿਆਨ ਹੋਣ ‘ਤੇ ਉਸ ‘ਗੰਭੀਰ’ ਸਮਝਿਆ ਜਾਂਦਾ ਹੈ। ਬੁੱਧਵਾਰ ਨੂੰ ਦਿੱਲੀ ਦਾ ਔਸਤ ਏਅਰ ਕਵਾਲਿਟੀ ਇੰਡੈਕਸ 304 ‘ਤੇ ਸੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਸ਼ੁੱਕਰਵਾਰ ਸਵੇਰੇ ਰਾਜਧਾਨੀ ਦੇ ਵੱਖ-ਵੱਖ 37 ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ‘ਚੋਂ 23 ‘ਤੇ ਪ੍ਰਦੂਸ਼ਣ ਦਾ ਪੱਧਰ 300 ਤੋਂ ਉੱਪਰ ਚੱਲ ਰਿਹਾ ਸੀ। ਇਨ੍ਹਾਂ ਇਲਾਕਿਆਂ ‘ਚ ਆਈ.ਟੀ.ਓ., ਨਾਰਥ ਕੈਂਪਸ, ਨਹਿਰੂ ਸਟੇਡੀਅਮ, ਦਵਾਰਕਾ ਰੋਹਿਣੀ, ਅਲੀਪੁਰ, ਕਰਣੀਸਿੰਘ ਸ਼ੂਟਿੰਗ ਰੇਂਜ, ਜਹਾਂਗੀਰ ਪੁਰੀ, ਵਿਵੇਕ ਵਿਹਾਰ, ਵਜੀਰਪੁਰ, ਬਵਾਨਾ ਆਦਿ ਇਲਾਕੇ ਸ਼ਾਮਲ ਹਨ। ਦੂਜੇ ਪਾਸੇ ਸਫ਼ਰ ਦਾ ਕਹਿਣਾ ਹੈ ਕਿ ਹੁਣ ਪ੍ਰਦੂਸ਼ਣ ਲਗਾਤਾਰ ਵਧੇਗਾ।
ਦੀਵਾਲੀ ਦੇ ਚੱਲਦੇ 26 ਤੋਂ 30 ਅਕਤੂਬਰ ਤੱਕ ਦਿੱਲੀ-ਐੱਨ.ਸੀ.ਆਰ. ‘ਚ ਪ੍ਰਦੂਸ਼ਣ ਦਾ ਹਾਈ ਅਲਰਟ ਰਹੇਗਾ। 28 ਅਕਤੂਬਰ ਨੂੰ ਧੁੰਦ ਦੀ ਸੰਭਾਵਨਾ ਵੀ ਹੈ। ਅਜਿਹੇ ‘ਚ ਸੀ.ਪੀ.ਸੀ.ਬੀ. ਟਾਸਕ ਫੋਰਸ ਨੇ ਵੀਰਵਾਰ ਨੂੰ ਤਿਉਹਾਰ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ। ਇਸ ਦੌਰਾਨ ਦਿੱਲੀ ‘ਚ ਪੀ.ਐੱਨ.ਜੀ. ਦੇ ਅਧੀਨ ਦੂਜੇ ਫਿਊਲ ‘ਤੇ ਚੱਲਣ ਵਾਲੀ ਇੰਡਸਟਰੀ ਬੰਦ ਰਹੇਗੀ। ਇਸ ਤੋਂ ਇਲਾਵਾ ਗੁਰੂਗ੍ਰਾਮ, ਫਰੀਦਾਬਾਦ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਸੋਨੀਪਤ ਅਤੇ ਬਹਾਦੁਰਗੜ੍ਹ ‘ਚ ਕੋਲੇ ਤੋਂ ਚੱਲਣ ਵਾਲੀ ਇੰਡਸਟਰੀ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ‘ਚ ਪਾਵਰ ਪਲਾਂਟ ਸ਼ਾਮਲ ਨਹੀਂ ਹਨ।
ਦਿੱਲੀ ਅਤੇ ਉਕਤ ਸ਼ਹਿਰਾਂ ‘ਚ ਚੱਲਣ ਵਾਲੇ ਹਾਟ ਮਿਕਸ ਪਲਾਂਟ ਅਤੇ ਸਟੋਨ ਕ੍ਰੈਸ਼ਰ ਵੀ ਇਸ ਦੌਰਾਨ ਰਾਤ 6 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਨਹੀਂ ਕਰਨਗੇ। ਦੱਸਣਯੋਗ ਹੈ ਕਿ ਹੌਟ ਮਿਕਸ ਪਲਾਂਟ ‘ਚ ਰਾਤ ਦੇ ਸਮੇਂ ਹੀ ਜ਼ਿਆਦਾ ਕੰਮ ਹੁੰਦਾ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸੀ.ਪੀ.ਸੀ.ਬੀ. ਦੇ ਮੈਂਬਰ ਸੈਕੇਟਰੀ ਡਾ. ਪ੍ਰਸ਼ਾਂਤ ਗਾਰਗਵ ਨੇ ਕੀਤੀ।