ਨਵੀਂ ਦਿੱਲੀ – ਭਾਰਤੀ ਟੈੱਸਟ ਟੀਮ ਦੇ ਉੱਪ ਕਪਤਾਨ ਰੋਹਿਤ ਸ਼ਰਮਾ ਦੱਖਣੀ ਅਫ਼ਰੀਕਾ ਦੇ ਵਿਰੁੱਧ ਤਿੰਨ ਟੈੱ ਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ ਕਿਉਂਕਿ ਮੁੰਬਈ ਵਿੱਚ ਟੀਮ ਦੇ ਨੈੱਟ ਸੈਸ਼ਨ ਦੌਰਾਨ ਉਸਦੇ ਪੈਰ ਦੀਆਂ ਮਾਸਪੇਸ਼ੀਆਂ ਦੀ ਪੁਰਾਣੀ ਸੱਟ ਉੱਭਰ ਆਈ ਅਤੇ ਨਾਲ ਹੀ ਉਸ ਦੇ ਹੱਥ ‘ਤੇ ਸੱਟ ਲੱਗ ਗਈ ਹੈ। ਭਾਰਤ-A ਟੀਮ ਦੇ ਕਪਤਾਨ ਪ੍ਰਿਯਾਂਕ ਪੰਚਾਲ ਟੈੱਸਟ ਸੀਰੀਜ਼ ਲਈ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਰੋਹਿਤ ਸ਼ਰਮਾ ਦਾ ਵਿਕਲਪ ਹੋਣਗੇ।
ਭਾਰਤੀ ਕ੍ਰਿਕਟ ਬੋਰਡ (BCCI) ਨੇ ਇੱਕ ਪ੍ਰੈੱਸ ਰਿਲੀਜ਼ ‘ਚ ਕਿਹਾ ਕਿ ਭਾਰਤੀ ਟੀਮ ਦੇ ਉੱਪ ਕਪਤਾਨ ਰੋਹਿਤ ਸ਼ਰਮਾ ਨੂੰ ਕੱਲ ਮੁੰਬਈ ‘ਚ ਇੱਕ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਪੈਰ ਦੀਆਂ ਮਾਸਪੇਸ਼ੀਆਂ ‘ਚ ਸੱਟ ਲੱਗੀ ਹੈ। ਉਹ ਦੱਖਣੀ ਅਫ਼ਰੀਕਾ ਦੇ ਵਿਰੁੱਧ ਆਗਾਮੀ ਤਿੰਨ ਟੈੱਸਟ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਪ੍ਰਿਯਾਂਕ ਪੰਚਾਲ ਟੈੱਸਟ ਟੀਮ ‘ਚ ਰੋਹਿਤ ਦੀ ਜਗ੍ਹਾ ਲੈਣਗੇ। BCCI ਦੇ ਕਾਰਜਕਾਰੀ ਨੇ ਉੱਪ ਕਪਤਾਨ ਦਾ ਐਲਾਨ ਨਹੀਂ ਕੀਤਾ, ਪਰ ਲੋਕੇਸ਼ ਰਾਹੁਲ ਟੈੱਸਟ ਸੀਰੀਜ਼ ਲਈ ਉੱਪ ਕਪਤਾਨ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਹੋਰ ਦਾਅਵੇਦਾਰ ਰਿਸ਼ਭ ਪੰਤ ਅਤੇ ਰਵੀਚੰਦਰਨ ਅਸ਼ਵਿਨ ਹੋ ਸਕਦੇ ਹਨ। ਅਜਿੰਕਯ ਰਹਾਣੇ ਨੂੰ ਹਾਲ ਹੀ ‘ਚ ਉੱਪ ਕਪਤਾਨ ਦੀ ਭੂਮਿਕਾ ਤੋਂ ਹਟਾਇਆ ਗਿਆ ਸੀ ਕਿਉਂਕਿ ਆਖਰੀ ਇਲੈਵਨ ‘ਚ ਉਸ ਦੀ ਜਗ੍ਹਾ ਪੱਕੀ ਨਹੀਂ।
ਟੈੱਸਟ ਸੀਰੀਜ਼ 15 ਜਨਵਰੀ ਨੂੰ ਖ਼ਤਮ ਹੋਵੇਗੀ ਜਿਸ ਤੋਂ ਬਾਅਦ ਪਾਰਲ ‘ਚ 19 ਜਨਵਰੀ ਤੋਂ ਤਿੰਨ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਅਭਿਆਸ ਸੈਸ਼ਨ ਦੇ ਦੌਰਾਨ ਭਾਰਤੀ ਟੀਮ ਦੇ ਥ੍ਰੋਅ ਡਾਊਨ ਰਘੁ ਨੇ ਰੋਹਿਤ ਨੂੰ ਗੇਂਦ ਸੁੱਟੀ। ਰੋਹਿਤ ਗੇਂਦ ਨੂੰ ਠੀਕ ਤਰ੍ਹਾਂ ਨਾਲ ਸਮਝ ਨਹੀਂ ਸਕਿਆ ਅਤੇ ਗੇਂਦ ਉਸ ਦੇ ਹੱਥ ‘ਤੇ ਲੱਗ ਗਈ। BCCI ਨੇ ਹੁਣ ਤਕ ਰੋਹਿਤ ਸ਼ਰਮਾ ਦੇ ਸਕੈਨ ਦੀ ਰਿਪੋਰਟ ਦੀ ਜਾਣਕਾਰੀ ਨਹੀਂ ਦਿੱਤੀ ਜਿਸ ਨਾਲ ਉਸ ਦੀ ਸੱਟ ਦੀ ਗੰਭੀਰਤਾ ਦਾ ਪਤਾ ਲੱਗੇਗਾ।












