ਕੈਲਗਰੀ: ਸੱਟ ਕਾਰਨ ਵਨ ਡੇਅ ਵਿਸ਼ਵ ਕੱਪ ‘ਚੋਂ ਬਾਹਰ ਰਹੇ ਸਪਿਨਰ ਅਕਸ਼ਰ ਪਟੇਲ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ IPL-2024 ‘ਚ ਚੰਗਾ ਪ੍ਰਦਰਸ਼ਨ ਕਰ ਕੇ ਜੂਨ ‘ਚ ਹੋਣ ਵਾਲੇ T-20 ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ‘ਤੇ ਲੱਗੀਆਂ ਹਨ।
ਉਸ ਨੇ ਕਿਹਾ, ”ਮੇਰਾ ਕੰਮ ਆਪਣਾ 100 ਫ਼ੀਸਦੀ ਦੇਣਾ ਹੈ। ਮੈਂ ਵਿਸ਼ਵ ਕੱਪ ਟੀਮ ਚੋਣ ਦੇ ਬਾਰੇ ‘ਚ ਜ਼ਿਆਦਾ ਨਹੀਂ ਸੋਚ ਰਿਹਾ। ਜੇਕਰ ਸੋਚਾਂਗਾ ਤਾਂ ਦਬਾਅ ‘ਚ ਆ ਜਾਵਾਂਗਾ।” ਉਸ ਨੇ ਕਿਹਾ ਕਿ ਮੇਰਾ ਫ਼ੋਕੱਸ IPL ‘ਤੇ ਹੈ ਅਤੇ ਇੰਗਲੈਂਡ ਵਿਰੁੱਧ ਟੈੱਸਟ ਲੜੀ ਵੀ ਖੇਡਣੀ ਹੈ।
ਭਾਰਤ ਕੋਲ ਵੈੱਸਟ ਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਖੇਡਣ ਲਈ ਕੋਈ ਵੀ ਹੋਰ T-20 ਸੀਰੀਜ਼ ਬਕਾਇਆ ਨਹੀਂ ਰਹਿ ਗਈ, ਅਤੇ ਅਫ਼ਗ਼ਾਨਿਸਤਾਨ ਖ਼ਿਲਾਫ਼ ਹਾਲ ਹੀ ‘ਚ ਜਿੱਤੀ T-20 ਸੀਰੀਜ਼ ਹੀ ਉਸ ਦੀ ਵਿਸ਼ਵ ਕੱਪ ਲਈ ਟੀਮ ਇੰਡੀਆ ਦੇ ਤੌਰ ‘ਤੇ ਆਖ਼ਰੀ ਤਿਆਰੀ ਸੀ। ਅਕਸ਼ਰ ਨੇ ਕਿਹਾ, ”ਮੈਨੂੰ ਪਤਾ ਹੈ ਕਿ ਮੁਕਾਬਲੇਬਾਜ਼ੀ ਸਖ਼ਤ ਹੈ, ਪਰ ਮੇਰਾ ਮੁਕਾਬਲਾ ਖ਼ੁਦ ਨਾਲ ਹੀ ਹੈ। ਮੈਂ ਆਪਣੇ ਹੁਨਰ ‘ਤੇ ਮਿਹਨਤ ਕਰਨਾ ਚਾਹੁੰਦਾ ਹਾਂ।”
ਉਸ ਨੇ ਕਿਹਾ, ”ਇਹ ਮੰਦਭਾਗਾ ਸੀ ਕਿ ਮੈਂ ਸੱਟ ਕਾਰਨ ਵਿਸ਼ਵ ਕੱਪ ਨਹੀਂ ਖੇਡ ਸਕਿਆ, ਪਰ ਇਸ ਦੌਰਾਨ ਮੈਂ ਆਪਣੀ ਖੇਡ ‘ਤੇ ਮਿਹਨਤ ਕੀਤੀ। ਮੈਂ NCA ‘ਚ ਆਪਣੀ ਖੇਡ ‘ਤੇ ਕੰਮ ਕਰ ਰਿਹਾ ਸੀ। ਮੇਰੇ ਕੋਲ ਲੈੱਗ ਸਪਿਨਰ ਦੀ ਤਰ੍ਹਾਂ ਵਿਲੱਖਣਤਾ ਨਹੀਂ ਲਿਹਾਜ਼ਾ ਖੱਬੇ ਹੱਥ ਦੇ ਸਪਿਨਰ ਦੇ ਤੌਰ ‘ਤੇ ਮੈਂ ਆਪਣੀ ਗੇਂਦਬਾਜ਼ੀ ‘ਤੇ ਮਿਹਨਤ ਕੀਤੀ।”












