ਨਵੀਂ ਦਿੱਲੀ/ਹਰਿਆਣਾ — ਹਰਿਆਣਾ ਦੇ ਬਹਾਦੁਰਗੜ੍ਹ ਜ਼ਿਲ੍ਹੇ ਦੇ ਟਿਕਰੀ ਬਾਰਡਰ ਨੇੜੇ ਵੀਰਵਾਰ ਦੀ ਸਵੇਰੇ ਨੇ ਇਕ ਟਰੱਕ ਦੀ ਟੱਕਰ ’ਚ 3 ਕਿਸਾਨ ਬੀਬੀਆਂ ਦੀ ਮੌਤ ਹੋ ਗਈ ਅਤੇ ਜਦਕਿ 3 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਲਿਖਿਆ ਕਿ ਹਾਦਸਾ ਬੇਹੱਦ ਦੁਖ਼ਦ ਹੈ। ਮਰਹੂਮ ਆਤਮਾਵਾਂ ਦੀ ਸ਼ਾਂਤੀ ਲਈ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ। ਕੇਂਦਰ ਸਰਕਾਰ ਜੇਕਰ ਆਪਣੀ ਜਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇੰਝ ਸੜਕਾਂ ’ਤੇ ਬੈਠਣ ਦੀ ਜ਼ਰੂਰਤ ਨਹੀਂ ਪਵੇਗੀ। ਅਜਿਹੇ ਦੁਖ਼ਦ ਹਾਦਸੇ ਹੋਣਗੇ ਹੀ ਨਹੀਂ।
ਦੱਸਣਯੋਗ ਹੈ ਕਿ ਮਿ੍ਰਤਕ ਕਿਸਾਨ ਬੀਬੀਆਂ ਦਿੱਲੀ ਤੋਂ ਬਹਾਦੁਰਗੜ੍ਹ ਹੋ ਕੇ ਪੰਜਾਬ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਇੱਕ ਟਰੱਕ ਨੇ ਬੇਕਾਬੂ ਹੋ ਕੇ ਇਨ੍ਹਾਂ ਨੂੰ ਦਰੜ ਦਿੱਤਾ। ਟਰੱਕ ਚਾਲਕ ਮੌਕੇ ‘ਤੇ ਰਾਰ ਹੋ ਗਿਆ ਅਤੇ ਪੁਲਸ ਨੇ ਆ ਕੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਟਿਕਰੀ ਬਾਰਡਰ ’ਤੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਮਗਰੋਂ ਔਰਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਸਥਿਤ ਆਪਣੇ ਪਿੰਡ ਪਰਤ ਰਹੀਆਂ ਸਨ।
ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ। ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਗਈਆ ਹੋਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਬੀਬੀਆਂ ਵਿਚ ਅਮਰਜੀਤ ਕੌਰ (58) ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ (60) ਪਤਨੀ ਭੋਲਾ ਸਿੰਘ ਅਤੇ ਛਿੰਦਰ ਕੌਰ (61) ਪਤਨੀ ਭਾਨ ਸਿੰਘ ਸ਼ਾਮਲ ਹਨ।















