ਜੰਮੂ- ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਬੇਰੁਜ਼ਗਾਰੀ ਦੀ ਦਰ ਲਗਭਗ 38 ਫ਼ੀਸਦੀ ਹੈ ਅਤੇ ਸਰਕਾਰ ਨੇ ਇਸ ਸੰਕਟ ਅੱਗੇ ਹਾਰ ਮੰਨ ਲਈ ਹੈ। ਪਾਰਟੀ ਦੇ ਇਕ ਪ੍ਰੋਗਰਾਮ ਦੌਰਾਨ ਪ੍ਰਸ਼ਾਸਨ ’ਤੇ ਲੋਕਾਂ ਵਿਚ ਵਧਦੀ ਆਰਥਿਕ ਤੰਗੀ ਅਤੇ ਨਿਰਾਸ਼ਾ ਨੂੰ ਦੂਰ ਕਰਨ ਵਿਚ ਨਾਕਾਮ ਰਹਿਣ ਦਾ ਦੋਸ਼ ਲਗਾਉਂਦਿਆਂ ਮਹਿਬੂਬਾ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਬਹੁਤ ਵਧ ਚੁੱਕੀ ਹੈ ਅਤੇ ਸਰਕਾਰ ਰੁਜ਼ਗਾਰ ਦੇ ਪੂਰੇ ਮੌਕੇ ਪੈਦਾ ਕਰਨ ਵਿਚ ਨਾਕਾਮ ਰਹਿ ਕੇ ਆਊਟਸੋਰਸਿੰਗ ਅਤੇ ਅਸਥਾਈ ਵਿਵਸਥਾਵਾਂ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਰ ਮੰਨ ਲਈ ਹੈ।
ਮਹਿਬੂਬਾ ਨੇ ਦੋਸ਼ ਲਗਾਇਆ ਕਿ ਲੋਕਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਭਰਤੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੱਕੀ ਨੌਕਰੀ ਦੇਣ ਦੀ ਥਾਂ ਦਿਹਾੜੀਦਾਰ ਮਜ਼ਦੂਰਾਂ ਵਜੋਂ ਰੱਖਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰ, ਇੰਜੀਨੀਅਰ ਅਤੇ ਵਰਕਫ਼ੋਰਸ ਦੇ ਹੋਰ ਵਰਗਾਂ ਨੂੰ ਬੇਯਕੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੂਰੇ ਜੰਮੂ-ਕਸ਼ਮੀਰ ਵਿਚ ਵਿਰੋਧ-ਪ੍ਰਦਰਸ਼ਨ ਆਮ ਗੱਲ ਹੋ ਗਈ ਹੈ। ਡਾਕਟਰਾਂ, ਇੰਟਰਨਾਂ, ਵੈਟਰਨਰੀ ਸਟਾਫ਼, ਨਰਸਿੰਗ ਕਰਮਚਾਰੀਆਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ-ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਪਾਸੇ ਲੋਕ ਵਿਰੋਧ ਕਰ ਰਹੇ ਹਨ। ਵਧਦੀ ਨਿਰਾਸ਼ਾ ਨੂੰ ਮਹਿੰਗਾਈ ਅਤੇ ਅਪੂਰਨ ਤਨਖ਼ਾਹ ਤੇ ਸਟਾਈਪੈਂਡ ਨਾਲ ਜੋੜਦਿਆਂ ਮਹਿਬੂਬਾ ਨੇ ਕਿਹਾ ਕਿ ਇਕ ਪਾਸੇ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਲੋਕਾਂ ਦੀ ਤਨਖ਼ਾਹ ਤੇ ਸਟਾਈਪੈਂਡ ਅਜਿਹਾ ਹੈ ਕਿ ਲੋਕ ਪ੍ਰੇਸ਼ਾਨ ਹਨ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਵਿਚ ਘੁਟਣ ਦਾ ਮਾਹੌਲ ਹੈ।















