ਜੰਮੂ- ਜੰਮੂ ਕਸ਼ਮੀਰ ’ਚ ਰਾਜੌਰੀ ਜ਼ਿਲ੍ਹਾ ਦੇ ਥਾਣਾ ਮੰਡੀ ਖੇਤਰ ’ਚ ਵੀਰਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ ’ਚ ਇਕ ਜੂਨੀਅਰ ਕਮਿਸ਼ਨ ਅਧਿਕਾਰੀ (ਜੇ.ਸੀ.ਓ.) ਸ਼ਹੀਦ ਹੋ ਗਏ। ਇਹ ਜਾਣਕਾਰੀ ਫ਼ੌਜ ਦੇ ਇਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ,‘‘ਅੱਤਵਾਦੀਆਂ ਨਾਲ ਮੁਕਾਬਲੇ ’ਚ ਰਾਸ਼ਟਰੀ ਰਾਈਫਲ ਦੇ ਜੇ.ਸੀ.ਓ. ਦੀ ਗੋਲੀ ਲੱਗ ਗਈ। ਜ਼ਖਮੀ ਹਾਲਤ ’ਚ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।’’
ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਫ਼ੋਰਸਾਂ ਨੇ ਥਾਣਾ ਮੰਡੀ ਖੇਤਰ ਦੇ ਕਾਯੋਰਟੇ ਕਾਲਯਾਸ ਪਿੰਡ ’ਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਵੀਰਵਾਰ ਸਵੇਰੇ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ। ਪੁਲਸ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੇ ਜਵਾਨ ਜਿਵੇਂ ਹੀ ਸ਼ੱਕੀ ਜਗ੍ਹਾ ਦੀ ਘੇਰਾਬੰਦੀ ਕਰ ਰਹੇ ਸਨ, ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲਾ ਹਾਲੇ ਤੱਕ ਜਾਰੀ ਹੈ।















