ਜੋੜ ਬਦਲਵਾਉਣ ਦੀਆਂ ਤਕਨੀਕਾਂ ਤੇ ਖ਼ਰਚ

ਪੰਜਾਬੀ ਦੀ ਕਹਾਵਤ ਉਠਿਆ ਜਾਵੇ ਨਾ, ਫ਼ਿੱਟੇ ਮੂੰਹ ਗੋਡਿਆਂ ਦਾ ਵਿੱਚ ਬੜੀ ਸੱਚਾਈ ਹੈ ਕਿਉਂਕਿ ਉਠਣ ਲਈ ਸਾਰੇ ਸਰੀਰ ਦਾ ਭਾਰ ਚੁੱਕਣ ਦੀ ਜ਼ਿੰਮੇਵਾਰੀ ਗੋਡਿਆਂ ਦੀ ਹੀ ਹੁੰਦੀ ਹੈ। ਕੁਝ ਸਮਾਂ ਪਹਿਲਾਂ ਹਰੇਕ ਵਿਅਕਤੀ ਨੂੰ ਕੁਝ ਨਾ ਕੁਝ ਮਿਹਨਤ ਕਰਨੀ ਪੈਂਦੀ ਸੀ। ਪੈਦਲ ਤੁਰਨਾ ਪੈਂਦਾ ਸੀ, ਪੌੜੀਆਂ ਚੜ੍ਹਨੀਆਂ ਪੈਂਦੀਆਂ ਸਨ; ਸਾਈਕਲ ਚਲਾਉਣਾ ਤਾਂ ਆਮ ਹੀ ਗੱਲ ਸੀ। ਪਰ ਅਜੋਕੀ ਆਧੁਨਿਕਤਾ ਨੇ ਬੰਦੇ ਨੂੰ ਐਨਾ ਆਰਾਮਪ੍ਰਸਤ ਬਣਾ ਦਿੱਤਾ ਹੈ ਕਿ ਪੌੜੀਆਂ ਦੀ ਥਾਂ ਲਿਫ਼ਟਾਂ ਨੇ ਮੱਲ ਲਈ ਹੈ। ਪੈਦਲ ਜਾਂ ਸਾਈਕਲ ਦੀ ਗੱਲ ਛੱਡੋ, ਦੋਪਹੀਆ ਵਾਹਨ ਤੇ ਲਗ਼ਜ਼ਰੀ ਕਾਰਾਂ ਆਮ ਹੁੰਦੀਆਂ ਜਾ ਰਹੀਆਂ ਹਨ । ਖੇਡਣ ਮੱਲ੍ਹਣ ਦਾ ਕਿਸੇ ਕੋਲ ਸਮਾਂ ਨਹੀਂ। ਇੰਟਰਨੈਟ, ਵਟਸਐਪ, ਫ਼ੇਸਬੁੱਕ, ਯੂ-ਟਿਊਬ, ਵੀਡੀਓ ਖੇਡਾਂ ਨਾਲ ਇਕ ਥਾਂ ਉਪਰ ਬੈਠਿਆਂ ਹੀ ਵਕਤ ਪਾਸ ਹੋ ਜਾਂਦਾ ਹੈ । ਪਾਰਟੀਆਂ, ਵਿਆਹ ਸਮਾਰੋਹਾਂ ਉਪਰ ਲੋੜ ਤੋਂ ਵਾਧੂ ਖਾਣ-ਪੀਣ ਨਾਲ ਸਰੀਰ ਦਾ ਭਾਰ ਬੇਹਿਸਾਬਾ ਵਧ ਜਾਂਦਾ ਹੈ। ਮੋਟਾਪਾ ਹੋਣ ਤੇ ਵਰਜ਼ਿਸ਼ ਦੀ ਅਣਹੋਂਦ ਕਾਰਨ ਗੋਡੇ ਤੇ ਚੂਲ਼ੇ ਦੇ ਜੋੜ ਨੁਕਸਾਨੇ ਜਾਂਦੇ ਹਨ ਕਿਉਂਕਿ ਬਿਲਡਿੰਗ ਦਾ ਪੂਰਾ ਭਾਰ ਨੀਹਾਂ ਉਪਰ ਹੀ ਪੈਣਾ ਹੁੰਦਾ ਹੈ।
ਜੋੜਾਂ ਅੰਦਰ ਹੱਡੀਆਂ ਦੇ ਤਲ ਅਤੇ ਨਰਮ ਤੇ ਲਚਕਦਾਰ ਤੰਤੂ ਕਾਰਟੀਲੇਜ ਦੇ ਬਣੇ ਹੋਏ ਪੱਧਰੇ ਤੇ ਸਮਤਲ ਹੁੰਦੇ ਹਨ । ਕੁਦਰਤ ਵਲੋਂ ਇਨ੍ਹ?ਾਂ ਜੋੜਾਂ (ਕਬਜ਼ਿਆਂ) ਨੂੰ ਤੇਲ ਦੇਣ ਦਾ ਵੀ ਪ੍ਰਬੰਧ ਹੁੰਦਾ ਹੈ ਜਿਸ ਨੂੰ ਸਾਇਨੋਵੀਅਲ ਕਿਹਾ ਜਾਂਦਾ ਹੈ। ਇਸ ਲਈ ਤੇਲ ਵਾਲੇ ਨਰਮ ਤੇ ਸਮਤਲ ਸਤ੍ਹ?ਾ ਵਾਲੇ ਜੋੜ, ਬੜੇ ਆਰਾਮ ਨਾਲ ਕੰਮ ਕਰਦੇ ਹਨ ਪਰ ਜਦੋਂ ਜੋੜਾਂ ਦੀ ਸਮਤਲ ਨੁਕਸਾਨੀ ਜਾਂਦੀ ਜਾਂ ਖੁਰਦਰੀ ਹੋ ਜਾਂਦੀ ਹੈ, ਤੇਲ ਘਟ ਜਾਂਦਾ ਜਾਂ ਮੁੱਕ ਜਾਂਦਾ ਹੈ ਤਾਂ ਜੋੜਾਂ ਵਿੱਚ ਬੜੀ ਪੀੜ ਹੁੰਦੀ ਹੈ। ਭਾਰ ਨਹੀਂ ਚੁੱਕਿਆ ਜਾਂਦਾ ਤੇ ਕਈ ਵਾਰ ਜੋੜ ਜਾਮ ਹੀ ਹੋ ਜਾਂਦਾ ਹੈ। ਇਸ ਸਥਿਤੀ ਨੂੰ ਆਰਥਰਾਇਟਿਸ ਕਿਹਾ ਜਾਂਦਾ ਹੈ। ਜਦ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਜੋੜ ਬਦਲਣ ਦੀ ਨੌਬਤ ਆ ਜਾਂਦੀ ਹੈ। ਐਸੇ ਜੋੜਾਂ ਦੀ ਪੀੜ ਜਦ ਐਨੀ ਵਧ ਜਾਵੇ ਕਿ ਰੋਜ਼ਾਨਾ ਦੇ ਕੰਮ ਵੀ ਨਾ ਹੋ ਸਕਣ ਤਾਂ ਸਮਝੋ ਜੋੜ ਬਦਲਵਾ ਲੈਣਾ ਹੀ ਠੀਕ ਰਹੇਗਾ।
ਜੋੜ ਕਿੰਨਾ ਕੁ ਨੁਕਸਾਨਿਆ ਗਿਆ, ਤੁਰਨ-ਫ਼ਿਰਨ, ਬੂਟ-ਜੁਰਾਬਾਂ ਪਾਉਣ, ਕਾਰ ਵਿੱਚ ਬੈਠਣ ਜਾਂ ਪੌੜੀਆਂ ਚੜ੍ਹਨ ਵਿੱਚ ਕਿੰਨੀ ਕੁ ਤਕਲੀਫ਼ ਹੁੰਦੀ ਹੈ,   ਨੂੰ ਮੱਦੇਨਜ਼ਰ ਰੱਖਦੇ ਹੋਏ ਜੋੜ ਬਦਲਣ ਬਾਰੇ ਸੋਚਿਆ ਜਾਂਦਾ ਹੈ। ਜਦੋਂ ਤੁਰਨ ਵਿੱਚ ਮੁਸ਼ਕਲ ਆ ਰਹੀ ਹੋਵੇ ਜਾਂ ਵਿਅਕਤੀ ਲੰਙ ਮਾਰ ਕੇ ਤੁਰੇ, ਜੋੜ ਵਿੱਚ ਕਾਫ਼ੀ ਪੀੜ ਹੋਵੇ, ਜੋੜ ਚੰਗੀ ਤਰ੍ਹਾਂ ਮੁੜਦਾ ਨਾ ਹੋਵੇ, ਸੁੱਜ ਜਾਵੇ, ਪੱਠੇ ਕਮਜ਼ੋਰ ਪੈ ਜਾਣ ਤਾਂ ਬੇਹਤਰੀ ਹੈ।
ਜੋੜਾਂ ਦਾ ਸਹੀ ਢੰਗ ਨਾਲ ਕੰਮ ਨਾ ਕਰਨ ਦਾ ਕਾਰਨ ਤਾਂ ਓਸਟੀਓ ਆਰਥਰਾਇਟਿਸ ਤੇ ਗਠੀਆ ਰੋਗ ਹਨ ਪਰ ਇਨ੍ਹਾਂ ਰੋਗਾਂ ਦੇ ਸਹੀ ਕਾਰਨਾਂ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਲਗ ਸੱਕਿਆ ਫ਼ਿਰ ਵੀ ਮੋਟਾਪਾ, ਵਿਰਾਸਤ (ਪਰਿਵਾਰਾਂ ਵਿੱਚ ਹੋਣ ਵਾਲੀ ਸਮੱਸਿਆ), ਜੋੜ ਦੇ ਵਿਕਸਿਤ ਹੋਣ ਵੇਲੇ ਨੁਕਸ, ਇਕੋ ਜੋੜ ਦਾ ਵਾਰ ਵਾਰ ਸੱਟਾਂ ਨਾਲ ਨੁਕਸਾਨਿਆ ਜਾਣਾ ਕਾਰਨ ਹੋ ਸਕਦੇ ਹਨ। ਹੁਣ ਜੋੜ ਬਦਲਣ ਦੀ ਸੁਵਿਧਾ ਹੈ, ਇਸ ਲਈ ਜੇ ਕਿਸੇ ਵਿਅਕਤੀ ਨੂੰ ਐਸੀ ਸਮੱਸਿਆ ਹੋ ਜਾਵੇ ਤਾਂ ਮਰ ਮਰ ਕੇ ਜਿਊਣ ਨਾਲੋਂ ਚੰਗਾ ਕਿ ਇਕੋ ਵਾਰ ਕੌੜਾ ਘੁੱਟ ਭਰ ਲਉ, ਭਾਵ ਖ਼ਰਚੇ ਦਾ ਪ੍ਰਬੰਧ ਕਰ ਲਉ ਤੇਜੋ ੜ ਬਦਲਣ ਦੇ ਓਪਰੇਸ਼ਨ ਵਾਸਤੇ ਤਿੰਨ-ਚਾਰ ਦੀ ਮੁਸ਼ਕਲ ਜਰ ਲਉ। ਜੇ ਦੋਵਾਂ ਗੋਡਿਆਂ ਵਿੱਚ ਨੁਕਸ ਹੋਵੇ ਤਾਂ ਇਕੱਠੇ ਹੀ ਬਦਲਵਾ ਲੈਣ ਵਿੱਚ ਫ਼ਾਇਦਾ ਹੈ। ਇੰਜ ਇਕ ਵਾਰ ਹੀ ਤਕਲੀਫ਼ ਝੱਲਣੀ ਪੈਂਦੀ ਹੈ। ਹਸਪਤਾਲ ਦਾ ਖ਼ਰਚਾ ਵੀ ਇੱਕ ਵਾਰ ਹੀ ਹੁੰਦਾ ਹੈ। ਅਪਰੇਸ਼ਨ ਸਬੰਧੀ ਮਨ ਵਿੱਚ ਆ ਰਹੇ ਸਾਰੇ ਸਵਾਲ ਭਾਵੇਂ ਉਹ ਖ਼ਰਚ ਜਾਂ ਪੀੜ ਹੋਣ ਸਬੰਧੀ ਹੋਣ, ਡਾਕਟਰ ਨਾਲ ਪਹਿਲਾਂ ਵਿਚਾਰ ਲੈਣੇ ਚਾਹੀਦੇ ਹਨ।
ਜੋੜ ਬਦਲਣ ਬਾਰੇ ਅਖਬਾਰਾਂ ਤੇ ਹੋਰ ਮਾਧਿਅਮਾਂ ਰਾਹੀਂ ਭੰਬਲ਼ਭੂਸੇ ਪਾਉਣ ਵਾਲੀਆਂ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਕੀਤੀਆਂ ਜਾਂਦੀਆਂ ਹਨ । ਇਸ ਦੀ ਤਕਨੀਕ ਤਿੰਨ ਤਰ੍ਹਾਂ ਦੀ ਹੁੰਦੀ ਹੈ । ਮਸ਼ਹੂਰੀ ਕਰਨ ਵਾਲੇ ਕੋਲ ਜਿਹੜੀ ਤਕਨੀਕ ਹੋਵੇ ਉਹ ਉਸੇ ਨੂੰ ਹੀ ਸਭ ਤੋਂ ਵਧੀਆ ਦੱਸਦਾ ਹੈ। ਇਹ ਹਨ: (1) ਮੈਨੂਅਲ ਜਾਂ ਆਮ ਔਜ਼ਾਰਾਂ ਨਾਲ ਓਪ੍ਰੇਸ਼ਨ ਕਰਨਾ, ਇਹਦੇ ਵਿੱਚ ਕਈ ਕੁਝ ਅੰਦਾਜ਼ਨ ਹੀ ਕਰਨਾ ਪੈਂਦਾ ਹੈ, (2) ਨੈਵੀਗੇਸ਼ਨ ਤਕਨੀਕ ਤੇ () ਪੀ.ਐਸ.ਆਈ. (ਪੇਸ਼ੈਂਟ ਸਪੈਸਿਫ਼ਿਕ ਇਨਸਟਰੂਮੈਂਟ)। ਇਨ੍ਹਾਂ ਵਿੱਚੋਂ ਨੈਵੀਗੇਸ਼ਨ ਤਕਨੀਕ ਸਭ ਤੋਂ ਵਧੀਆ ਹੈ ਕਿਉਂਕਿ ਇਹਦੇ ਨਾਲ ਜੋੜ ਦੀ ਅਲਾਇਨਮੈਂਟ ਵਧੀਆ ਹੋ ਜਾਂਦੀ ਹੈ।
ਫ਼ਿੱਟ ਕੀਤੇ ਜਾਣ ਵਾਲੇ ਇੰਪਲਾਂਟ, ਸਟੇਨਲੈਸ ਸਟੀਲ, ਕੋਬਾਲਟ-ਕਰੋਮੀਅਮ, ਟਾਇਟੇਨੀਅਮ, ਟੈਂਟਾਲਮ, ਪੌਲੀਥਾਇਲੀਨ, ਜ਼ਿਰਕੋਨੀਅਮ-ਔਗ਼ਜ਼ੀਨੀਅਮ ਧਾਤਾਂ ਤੋਂ ਬਣਾਏ ਜਾਂਦੇ ਹਨ। ਵੱਖ ਵੱਖ ਕੰਪਨੀਆਂ ਇਸ ਦਾ ਉਤਪਾਦਨ ਕਰਦੀਆਂ ਹਨ। ਅੰਮ੍ਰਿਤਸਰ ਦੇ ਜੋੜ ਬਦਲਣ ਦੇ ਇਕ ਮਾਹਿਰ ਡਾਕਟਰ ਅਨੁਸਾਰ ਜ਼ਿਰਕੋਨੀਅਮ-ਔਗ਼ਜ਼ੀਨੀਅਮ ਸਭ ਤੋਂ ਵਧੀਆ ਤੇ ਹੰਢਣਸਾਰ ਧਾਤ ਹੈ। ਰੋਗੀ ਦੀ ਉਮਰ, ਜੀਵਨ-ਵਿਧੀ, ਕਾਰੋਬਾਰ, ਸਰੀਰ ਦੀ ਬਣਤਰ ਤੇ ਆਪਣੀ ਮੁਹਾਰਤ ਅਨੁਸਾਰ ਸਰਜਨ, ਤੁਹਾਡੇ ਨਾਲ ਸਲਾਹ ਕਰਕੇ ਖੁਦ ਹੀ ਇੰਪਲਾਂਟ ਦੀ ਚੋਣ ਕਰਦਾ ਹੈ ।
ਭਾਰਤ ਤੇ ਪੰਜਾਬ ਦੇ ਤਕਰੀਬਨ ਸਾਰੇ ਹੀ ਵੱਡੇ ਛੋਟੇ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਪਟਿਆਲਾ, ਜਲੰਧਰ, ਬਠਿੰਡਾ, ਚੰਡੀਗੜ੍ਹ, ਦਿੱਲੀ, ਗੁੜਗਾਓਂ, ਚੇਨਈ, ਮੁੰਬਈ, ਕੋਲਕਾਤਾ, ਬੰਗਲੌਰ ਵਿੱਚ ਮਾਹਿਰ ਡਾਕਟਰ ਹਨ ਜੋ ਜੋੜ ਬਦਲਣ ਦੇ ਓਪ੍ਰੇਸ਼ਨ ਕਾਮਯਾਬੀ ਨਾਲ ਕਰ ਰਹੇ ਹਨ । ਆਮ ਹਾਲਤਾਂ ਵਿੱਚ ਰੋਗੀ ਦੋ ਤੋਂ ਤਿੰਨ ਦਿਨਾਂ ਵਿੱਚ ਤੁਰਨਾ ਸ਼ੁਰੂ ਕਰ ਦਿੰਦਾ ਹੈ । ਵਿਕਸਿਤ ਦੇਸ਼ਾਂ ਨਾਲੋਂ ਭਾਰਤ ਵਿੱਚ ਇਲਾਜ ਸਸਤਾ ਹੋਣ ਕਰਕੇ ਉਨ੍ਹਾਂ ਦੇਸ਼ਾਂ ਵਿੱਚ ਵਸਦੇ ਭਾਰਤੀ ਤੇ ਉਥੋਂ ਦੇ ਵਸਨੀਕ ਰੋਗੀ ਵੀ ਇਲਾਜ ਵਾਸਤੇ ਭਾਰਤ ਆਉਂਦੇ ਹਨ ।
ਖ਼ਰਚਾ: ਇੰਪਲਾਂਟ ਦੀ ਕਿਸਮ, ਓਪ੍ਰੇਸ਼ਨ ਥਿਏਟਰ ਦੇ ਖ਼ਰਚੇ, ਐਨਾਸਥੀਜ਼ੀਆ, ਨਰਸਿੰਗ, ਦਵਾਈਆਂ ਤੇ ਹਸਪਤਾਲ ਦੇ ਹੋਰ ਖ਼ਰਚੇ ਮਿਲਾ ਕੇ ਪ੍ਰਾਈਵੇਟ ਸੈਂਟਰ ਵਿੱਚ ਤਕਰੀਬਨ ਸਵਾ ਤੋਂ ਢਾਈ ਲੱਖ ਦਾ ਖ਼ਰਚਾ ਆ ਜਾਂਦਾ ਹੈ। ਇਸ ਤੋਂ ਘੱਟ ਖ਼ਰਚੇ ਨਾਲ ਵੀ ਇਲਾਜ ਹੋ ਸਕਦਾ ਹੈ ਪਰ ਉਸ ਦੀ ਕੁਆਲਿਟੀ ਘੱਟ ਹੋਵੇਗੀ।
ਡਾ. ਮਨਜੀਤ ਸਿੰਘ ਬੱਲ
83508-00237