ਅੰਮ੍ਰਿਤਸਰ/ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਜ਼ਾਰੀ ਰਹਿਣੀ ਚਾਹੀਦੀ ਹੈ, ਪਰ ਇਸ ਦੌਰਾਨ ਪਾਕਿਸਤਾਨ ਨੂੰ ਵੀ ਜੈਸ਼-ਏ-ਮੁਹੰਮਦ ਤੇ ਯੂਨਾਈਟਿਡ ਜਿਹਾਦ ਕੌਂਸਲ ਵਰਗੇ ਅਨਸਰਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਪਠਾਨਕੋਟ ਏਅਰਬੇਸ ‘ਤੇ ਹਮਲੇ ਲਈ ਜ਼ਿੰਮੇਵਾਰੀ ਲਈ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਹੈ ਕਿ ਪਠਾਨਕੋਟ ‘ਚ ਆਪ੍ਰੇਸ਼ਨਾਂ ਦੀ ਕਮਾਂਡ ਐਨ.ਐਸ.ਜੀ ਹਵਾਲੇ ਕਰਨ ਦੀ ਬਜਾਏ, ਇਸਨੂੰ ਫੌਜ਼ ਹਵਾਲੇ ਕੀਤਾ ਜਾਣਾ ਚਾਹੀਦਾ ਹੈ, ਜਿਸ ਕੋਲ ਅੱਤਵਾਦ ਨਿਰੋਧੀ ਆਪ੍ਰੇਸ਼ਨਾਂ ਦਾ ਵਧੀਆ ਤਜ਼ੁਰਬਾ ਹੈ।ਸੀਨੀਅਰ ਪਾਰਟੀ ਆਗੂ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਪਿਤਾ ਜਗਤ ਮਿੱਤਰ ਸੋਨੀ ਦੇ ਭੋਗ ‘ਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਗਲਤੀ ਲਈ ਪੰਜਾਬ ਪੁਲਿਸ ‘ਤੇ ਦੋਸ਼ ਲਗਾਉਣਾ ਪੂਰੀ ਤਰ੍ਹਾਂ ਉਚਿਤ ਨਹੀਂ ਹੈ, ਜਿਸਨੇ ਅੱਤਵਾਦੀਆਂ ਦੀ ਘੁਸਪੈਠ ਦਾ ਪਤਾ ਲੱਗਣ ਤੋਂ ਬਾਅਦ ਸਬੰਧਤ ਮਹਿਕਮਿਆਂ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਬਾਰਡਰ ਦੇ ਨਾਲ ਕਈ ਅਜਿਹੇ ਅਸੁਰੱਖਿਅਤ ਪੁਆਇੰਟ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਪਾਉਣਾ ਮੁਸ਼ਕਿਲ ਹੋਵੇਗਾ।
ਇਕ ਸਵਾਲ, ਕੀ ਪ੍ਰਧਾਨ ਮੰਤਰੀ ਮੋਦੀ ਦਾ ਲਾਹੌਰ ਜਾਣਾ ਸਹੀ ਸੀ, ਜਿਸ ਤੋਂ ਤੁਰੰਤ ਬਾਅਦ ਪਠਾਨਕੋਟ ਏਅਰਬੇਸ ‘ਤੇ ਹਮਲਾ ਕੀਤਾ ਗਿਆ, ਦੇ ਜਵਾਬ ‘ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਂਤੀ ਲਈ ਕੋਈ ਹੋਰ ਵਿਕਲਪ ਨਹੀਂ ਹੈ ਅਤੇ ਗੱਲਬਾਤ ਜ਼ਰੂਰ ਜ਼ਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਰਤ ਤੇ ਪਾਕਿਸਤਾਨ ‘ਚ ਸ਼ਾਂਤੀ ਸਿਰਫ ਦੋਨਾਂ ਮੁਲਕਾਂ ਦੇ ਹਿੱਤ ‘ਚ ਨਹੀਂ ਹੈ, ਬਲਕਿ ਇਸ ਨਾਲ ਹੋਰਨਾਂ ਸੂਬਿਆਂ ਨਾਲੋਂ ਪੰਜਾਬ ਨੂੰ ਸੱਭ ਤੋਂ ਵੱਧ ਫਾਇਦਾ ਪਹੁੰਚੇਗਾ. ਹਾਲਾਂਕਿ, ਯੂਨਾਈਟਿਡ ਜੇਹਾਦ ਕੌਂਸਲ ਵੱਲੋਂ ਹਮਲਿਆਂ ਲਈ ਜ਼ਿੰਮੇਵਾਰੀ ਲੈਣ ਤੋਂ ਬਾਅਦ ਇਹ ਪਾਕਿਸਤਾਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਨ੍ਹਾਂ ਖਿਲਾਫ ਕਾਰਵਾਈ ਕਰੇ। ਉਨ੍ਹਾਂ ਨੇ ਕਿਹਾ ਕਿ ਦੋਵੇਂ ਯੂਨਾਟੀਟਿਡ ਜੇਹਾਦ ਕੌਂਸਲ ਤੇ ਜੈਸ਼-ਏ-ਮੁਹੰਮਦ ਪਾਕਿਸਤਾਨ ਨਾਲ ਸਬੰਧਤ ਹਨ ਅਤੇ ਉਥੋਂ ਦੇ ਅਧਿਕਾਰੀ ਇਨ੍ਹਾਂ ਸੰਗਠਨਾਂ ਬਾਰੇ ਸੱਭ ਕੁਝ ਜਾਣਦੇ ਹਨ। ਇਸ ਲੜੀ ਹੇਠ ਜੇ ਪਾਕਿਸਤਾਨ ਸ਼ਾਤੀ ਪ੍ਰੀਕ੍ਰਿਆ ਨੂੰ ਅੱਗੇ ਵਧਾਉਣ ਪ੍ਰਤੀ ਸਚਮੁੱਚ ਇਮਾਨਦਾਰ ਹੈ, ਤਾਂ ਉਸਨੂੰ ਇਨ੍ਹਾਂ ਅਨਸਰਾਂ ਖਿਲਾਫ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ।
ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਖਿਲਾਫ ਤਲਾਸ਼ੀ ਅਭਿਆਨ ਨੂੰ ਫੌਜ਼ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ, ਜਿਸ ਕੋਲ ਕਸ਼ਮੀਰ ਵਰਗੇ ਖੇਤਰਾਂ ‘ਚ ਅੱਤਵਾਦ ਨਿਰੋਧੀ ਆਪ੍ਰੇਸ਼ਨ ਚਲਾਉਣ ਦਾ ਬਹੁਤ ਜ਼ਿਆਦਾ ਤਜ਼ੁਰਬਾ ਹੈ। ਇਥੇ ਜੰਗਲੀ ਇਲਾਕਾ ਹੈ, ਜਿਥੇ ਫੌਜ਼ ਦੇ ਅੱਤਵਾਦ ਨਿਰੋਧੀ ਮਾਹਿਰਾਂ ਤੋਂ ਕੰਮ ਲਿਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਤੋਂ ਇਲਾਵਾ, ਸਾਰੇ ਸੀਨੀਅਰ ਪਾਰਟੀ ਆਗੂਆਂ ਸਮੇਤ ਪਾਰਟੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ਼ ਸ਼ਕੀਲ ਅਹਿਮਦ, ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪ੍ਰੇਸ਼ਨਾਂ ਦੌਰਾਨ ਸ਼ਹੀਦਾਂ ਦੇ ਗੁਰਦਾਸਪੁਰ ‘ਚ ਭੋਗ ‘ਚ ਸ਼ਾਮਿਲ ਹੋਣਗੇ।















