ਜਾਪਾਨ ‘ਚ ਸਿੱਖ ਪਰਿਵਾਰ ‘ਤੇ ਦੇਸ਼ ਨਿਕਾਲੇ ਦਾ ਖਤਰਾ

2ਟੋਕੀਓ: ਜਾਪਾਨ ‘ਚ 1990 ਤੋਂ ਰਹਿ ਰਹੇ ਗੁਰਸੇਵਕ ਸਿੰਘ ਨੂੰ ਮਾਤਾ-ਪਿਤਾ ਸਮੇਤ ਕਿਸੇ ਵੇਲੇ ਵੀ ਦੇਸ਼ ਨਿਕਾਲੇ ਦਾ ਹੁਕਮ ਹੋ ਸਕਦਾ ਹੈ। ਜਾਪਾਨ ਸਰਕਾਰ ਇਸ ਪਰਿਵਾਰ ਨੂੰ ਸ਼ਰਨ ਦੇਣ ਲਈ ਤਿਆਰ ਨਹੀਂ। ਗੁਰਸੇਵਕ ਦੇ ਪਰਿਵਾਰ ਨੇ 1990 ਵਿੱਚ ਭਾਰਤ ਤੋਂ ਭੱਜ ਕੇ ਜਾਪਾਨ ਵਿੱਚ ਸ਼ਰਨ ਲਈ ਸੀ। ਇੱਥੇ ਉਹ ਕਈ ਸਾਲਾਂ ਤੱਕ ਬਿਨਾਂ ਵੀਜ਼ੇ ਤੋਂ ਰਹਿੰਦੇ ਰਹੇ। ਇਸ ਤੋਂ ਬਾਅਦ ਜਾਪਾਨ ਨੇ ਉਨ੍ਹਾਂ ਨੂੰ ‘ਪ੍ਰੋਵਿਜ਼ਨਲ ਰਿਲੀਜ਼’ ਮੁਹੱਈਆ ਕਰਵਾਈ ਸੀ।
ਰਹਿਣ ਦੀ ਇਹ ਸਹੂਲਤ ਮੁਤਾਬਕ ਸਬੰਧਤ ਵਿਅਕਤੀ ਨੂੰ ਓਨਾ ਸਮਾਂ ਦੇਸ਼ ‘ਚ ਰਹਿਣ ਦੀ ਇਜਾਜ਼ਤ ਮਿਲਦੀ ਹੈ ਜਦ ਤੱਕ ਕਾਨੂੰਨੀ ਪਨਾਹ ਦੀ ਅਪੀਲ ਕਾਰਵਾਈ ‘ਚ ਰਹਿੰਦੀ ਹੈ। ਇਸ ਤਹਿਤ ਕੰਮ ਕਰਨ ਦੀ ਮਨਾਹੀ, ਕਿਸੇ ਬਾਹਰਲੇ ਇਲਾਕੇ ਜਾਣ ਲਈ ਸਰਕਾਰੀ ਇਜ਼ਾਜਤ ਤੇ ਕੋਈ ਵੀ ਸਿਹਤ ਬੀਮਾ ਆਦਿ ਨਹੀਂ ਲੈ ਸਕਦੇ। ਕਿਸੇ ਵੀ ਸਮੇਂ ਉਨ੍ਹਾਂ ਨੂੰ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਜਵਾਬ ਲਈ ਹਾਜ਼ਰ ਹੋਣਾ ਪੈ ਸਕਦਾ ਹੈ। ਇੱਕ ਸਰਵੇਖਣ ਮੁਤਾਬਕ ਜਾਪਾਨ ਦੇ ਵਿੱਚ ਇਸ ਸਥਿਤੀ ਨਾਲ ਤਕਰੀਬਨ 4700 ਲੋਕ ਜੂਝ ਰਹੇ ਹਨ।
ਗੁਰਸੇਵਕ ਦਾ ਜਨਮ ਜਾਪਾਨ ‘ਚ ਹੀ ਹੋਇਆ ਸੀ। ਆਪਣੀ ਪੱਕੀ ਰਿਹਾਇਸ਼ ਲਈ ਉਹ ਜਾਪਾਨ ਦੇ ਇਨਸਾਫ ਮੰਤਰੀ ਨੂੰ 50 ਚਿੱਠੀਆਂ ਲਿਖ ਚੁੱਕਾ ਹੈ। ਉਹ ਕਹਿੰਦਾ ਹੈ ਕਿ, ‘ਅਸੀਂ ਵਾਪਸ ਭਾਰਤ ਨਹੀਂ ਜਾਣਾ ਚਾਹੁੰਦੇ, ਅਸੀਂ ਜਾਪਾਨ ਨੂੰ ਪਿਆਰ ਕਰਦੇ ਹਾਂ, ਕਿਰਪਾ ਕਰਕੇ ਸਾਨੂੰ ਵੀਜ਼ਾ ਦਿਉ।’ ਗੁਰਸੇਵਕ ਕਦੇ ਵੀ ਜਾਪਾਨ ਤੋਂ ਬਾਹਰ ਕਿਤੇ ਨਹੀਂ ਗਿਆ, ਉਹ ਚੰਗੀ ਤਰਾਂ ਜਾਪਾਨੀ ਭਾਸ਼ਾ ਲਿਖ, ਬੋਲ ਤੇ ਪੜ੍ਹ ਲੈਂਦਾ ਹੈ ਤੇ ਸਥਾਨਕ ਲੋਕਾਂ ਨਾਲ ਬਹੁਤ ਹੀ ਅਪਣੱਤ ਨਾਲ ਰਹਿੰਦਾ ਹੈ। ਉਸ ਦਾ ਸਵਾਲ ਹੈ ਕਿ ਜਦ ਉਹ ਪੈਦਾ ਜਾਪਾਨ ਵਿੱਚ ਹੋਇਆ ਹੈ ਤੇ ਆਪਣਾ ਦੇਸ਼ ਵੀ ਜਾਪਾਨ ਨੂੰ ਹੀ ਮੰਨਦਾ ਹੈ ਤਾਂ ਕਿਉਂ ਉਸ ਨੂੰ ਭਾਰਤ ਜਾਂ ਲਈ ਕਿਹਾ ਜਾ ਰਿਹਾ ਹੈ।
ਬਾਵਜੂਦ ਇਸ ਦੇ ਜਾਪਾਨ ਅਥਾਰਟੀਜ ਸਿੱਖ ਪਰਿਵਾਰ ਨੂੰ ਸ਼ਰਨ ਦੇਣ ਲਈ ਰਾਜ਼ੀ ਨਹੀਂ ਹਨ। ਉਨ੍ਹਾਂ ਦੀ ਤਰਕ ਹੈ ਕਿ ਉਕਤ ਪਰਿਵਾਰ ਕੋਲ ਜਾਪਾਨ ‘ਚ ਰਹਿਣ ਦੇ ਕਾਨੂੰਨੀ ਅਧਿਕਾਰ ਨਹੀਂ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਵਕਤ ਦੇਸ਼ ਨਿਕਾਲੇ ਲਈ ਕਿਹਾ ਜਾ ਸਕਦਾ ਹੈ। ਹਾਲਾਂਕਿ ਸਬੰਧਤ ਅਧਿਕਾਰੀਆਂ ਨੇ ਪਰਿਵਾਰ ਦੇ ਬੱਚਿਆਂ ਨੂੰ ਜਾਪਾਨ ਰਹਿਣ ਤੇ ਮਾਤਾ-ਪਿਤਾ ਨੂੰ ਭਾਰਤ ਚਲੇ ਜਾਣ ਦਾ ਵਿਕਲਪ ਦਿੱਤਾ ਹੈ। ਗੁਰਸੇਵਕ ਇਸ ਸਮਝੌਤੇ ਲਈ ਤਿਆਰ ਨਹੀਂ, ਕਿਉਂਕਿ ਛੋਟੇ ਹੋਣ ਕਾਰਨ ਬੱਚੇ ਆਪਣੇ ਮਾਂ-ਪਿਉ ਤੋਂ ਬਿਨਾਂ ਰਹਿ ਸਕਣ ਦੇ ਸਮਰੱਥ ਨਹੀਂ ਹਨ।
ਗੁਰਸੇਵਕ ਦੇ ਪਿਤਾ ਭਰਪੂਰ ਸਿੰਘ ਮੁਤਾਬਕ ਉਸ ਨੂੰ ਬਿਨਾਂ ਕਿਸੇ ਜੁਰਮ ਦੇ ਪੰਜਾਬ ਪੁਲਿਸ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ 1990 ‘ਚ ਜਾਪਾਨ ਚ ਸ਼ਰਨ ਲਈ। ਫਿਲਹਾਲ, ਪਰਿਵਾਰ ਨੂੰ ਰੋਜ਼ੀ-ਰੋਟੀ ਕਮਾਉਣ ਦਾ ਅਧਿਕਾਰ ਨਹੀਂ ਤੇ ਉਹ ਲੋਕਾਂ ਦੀ ਮਦਦ ਦੇ ਸਹਾਰੇ ਆਪਣਾ ਜੀਵਨ ਬਸਰ ਕਰ ਰਹੇ ਹਨ।