ਕੋਲਕਾਤਾ- ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਵਿਚ ਕਾਲੀਗੰਜ ਵਿਧਾਨ ਸਭਾ ਸੀਟ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ ਸੋਮਵਾਰ ਯਾਨੀ ਕਿ ਅੱਜ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ਵਿਚ ਤ੍ਰਿਣਮੂਲ ਕਾਂਗਰਸ ਉਮੀਦਵਾਰ ਅਲੀਫ਼ਾ ਅਹਿਮਦ 26,494 ਵੋਟਾਂ ਨਾਲ ਅੱਗੇ ਹਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ 10ਵੇਂ ਦੌਰ ਦੀ ਗਿਣਤੀ ਮਗਰੋਂ ਤ੍ਰਿਣਮੂਲ ਕਾਂਗਰਸ ਉਮੀਦਵਾਰ ਅਲੀਫ਼ਾ ਅਹਿਮਦ ਨੂੰ 47,079 ਵੋਟਾਂ ਹਾਸਲ ਹੋਈਆਂ, ਜਦਕਿ ਉਨ੍ਹਾਂ ਦੇ ਨੇੜਲੇ ਮੁਕਾਬਲੇਬਾਜ਼ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਵਲੋਂ ਸਹਿਯੋਗੀ ਕਾਂਗਰਸ ਦੇ ਉਮੀਦਵਾਰ ਕਾਬਿਲ ਉਦੀਨ ਸ਼ੇਖ ਨੂੰ ਕੁੱਲ 16,566 ਵੋਟਾਂ ਪਈਆਂ। ਉੱਥੇ ਹੀ ਭਾਜਪਾ ਉਮੀਦਵਾਰ ਆਸ਼ੀਸ਼ ਘੋਸ਼ ਨੂੰ 20,585 ਵੋਟਾਂ ਹਾਸਲ ਹੋਈਆਂ।
ਅਧਿਕਾਰੀਆਂ ਮੁਤਾਬਕ ਸਖ਼ਤ ਸੁਰੱਖਿਆ ਵਿਵਸਥਾ ਵਿਚਕਾਰ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਡਾਕ ਵੋਟਾਂ ਦੀ ਗਿਣਤੀ ਨਾਲ ਸ਼ੁਰੂ ਹੋਈ ਅਤੇ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਹੈ। ਫਰਵਰੀ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਸੀਰੂਦੀਨ ਅਹਿਮਦ ਦੀ ਅਚਾਨਕ ਮੌਤ ਕਾਰਨ ਕਾਲੀਗੰਜ ਵਿਧਾਨ ਸਭਾ ਸੀਟ ‘ਤੇ ਜ਼ਿਮਨੀ-ਚੋਣਾਂ ਜ਼ਰੂਰੀ ਹੋ ਗਈਆਂ ਸਨ। ਉਨ੍ਹਾਂ ਦੀ ਧੀ ਅਲੀਫਾ ਅਹਿਮਦ (38) ਨੂੰ ਇਸ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਕਾਲੀਗੰਜ ਵਿਚ ਜ਼ਿਮਨੀ-ਚੋਣ 19 ਜੂਨ ਨੂੰ ਹੋਈ ਸੀ ਅਤੇ ਸ਼ਾਮ 5 ਵਜੇ ਤੱਕ ਦਰਜ ਰਿਕਾਰਡ ਅਨੁਸਾਰ 69.85 ਫ਼ੀਸਦੀ ਵੋਟਿੰਗ ਹੋਈ। ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਮੁੱਖ ਤੌਰ ‘ਤੇ ਸ਼ਾਂਤੀਪੂਰਨ ਰਹੀ।















