ਜਲੰਧਰ: ਨਿੱਜੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਸਣੇ ‘ਕੋਰੋਨਾ’ ਦੇ 3 ਨਵੇਂ ਕੇਸ ਆਏ ਸਾਹਮਣੇ

ਜਲੰਧਰ— ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਸਮੇਤ ਤਿੰਨ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਬੇਅੰਤ ਨਗਰ ਦੀ ਰਹਿਣ ਵਾਲੀ 22 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਲੜਕੀ ਗਿੱਦਾ ਗਰੁੱਪ ‘ਚ ਕੰਮ ਕਰਦੀ ਹੈ ਅਤੇ ਪਿਛਲੇ ਦਿਨੀਂ ਪਟਨਾ ਤੋਂ ਆਈ ਸੀ। ਇਹ ਲੜਕੀ ਸਿਹਤ ਖਰਾਬ ਹੋਣ ਦੇ ਚਲਦਿਆਂ ਪਹਿਲਾਂ ਤੋਂ ਹੀ ਸਿਵਲ ਹਸਪਤਾਲ ‘ਚ ਦਾਖਲ ਹੈ।
ਇਸ ਦੇ ਇਲਾਵਾ ਦੂਜਾ ਕੇਸ ਅਵਤਾਰ ਨਗਰ ‘ਚੋਂ ਸਾਹਮਣੇ ਆਇਆ ਹੈ, ਜਿੱਥੇ 66 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਵਿਅਕਤੀ ਕਪੂਰਥਲਾ ਰੋਡ ‘ਤੇ ਸਥਿਤ ਚੋਢਾ ਹਸਪਤਾਲ ‘ਚ ਲੈਬ ਟੈਕਨੀਸ਼ੀਅਨ ਦਾ ਕੰੰਮ ਕਰਦਾ ਹੈ। ਤੀਜਾ ਕੇਸ ਫਰੈਂਡ ਕਾਲੋਨੀ ਦਾ ਹੈ, ਜਿੱਥੇ 46 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਕਤ ਵਿਅਕਤੀ ਬੀਤੇ ਦਿਨੀਂ ਦਿੱਲੀ ਤੋਂ ਪਰਤਿਆ ਸੀ। ਇਥੇ ਦੱਸ ਦੇਈਏ ਕਿ ਅਵਤਾਰ ਨਗਰ ਦਾ ਰਹਿਣ ਵਾਲਾ 66 ਸਾਲਾ ਵਿਅਕਤੀ ਅਤੇ ਫਰੈਂਡ ਕਾਲੋਨੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ‘ਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 317 ਤੱਕ ਪਹੁੰਚ ਗਿਆ ਹੈ ਜਦਕਿ 9 ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।