ਜਲੰਧਰ ਦੇ ਮਸ਼ਹੂਰ ਸ਼ੋਅਰੂਮ ‘ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ

ਜਲੰਧਰ – ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਬੀ. ਐੱਮ. ਐੱਸ. ਫੈਸ਼ਨ ਸ਼ੋਅਰੂਮ ‘ਤੇ ਦਿਨ-ਦਿਹਾੜੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਸ਼ੋਅਰੂਮ ਦੇ ਸ਼ੀਸ਼ੇ ਦੇ ਦਰਵਾਜ਼ੇ ਚਕਨਾਚੂਰ ਹੋ ਗਏ ਅਤੇ ਅੰਦਰ ਬੈਠੇ ਗਾਹਕਾਂ ਅਤੇ ਸਟਾਫ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਉਤੇ ਉਨ੍ਹਾਂ ਇੱਧਰ-ਉੱਧਰ ਭੱਜ ਕੇ ਆਪਣੀ ਜਾਨ ਬਚਾਈ।
ਫਾਇਰਿੰਗ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਸ ਨੇ ਸ਼ੋਅਰੂਮ ਵੱਲ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਗਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀ. ਐੱਮ. ਐੱਸ. ਫੈਸ਼ਨ ਦੇ ਮਾਲਕ ਨੂੰ ਫਿਰੌਤੀ ਦੀ ਕਾਲ ਆਈ ਸੀ ਅਤੇ ਸ਼ੋਅਰੂਮ ਮਾਲਕ ਨੇ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਸੀ।
ਹਾਲਾਂਕਿ ਸ਼ਿਕਾਇਤ ਦੇ ਬਾਵਜੂਦ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਇਕ ਮੋਟਰਸਾਈਕਲ ‘ਤੇ ਸਵਾਰ ਦੋ ਬਦਮਾਸ਼ਾਂ ਨੇ ਸ਼ੋਅਰੂਮ ‘ਤੇ ਦੋ ਗੋਲ਼ੀਆਂ ਚਲਾਈਆਂ ਅਤੇ ਭੱਜ ਗਏ। ਕਿਸ਼ਨਪੁਰਾ ਰੋਡ ‘ਤੇ ਅਕਸਰ ਭੀੜ ਹੁੰਦੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।