ਜਲੰਧਰ –ਗੁਰੂ ਨਾਨਕਪੁਰਾ ਵੈਸਟ (ਚੌਗਿੱਟੀ) ਦੇ ਮਕਾਨ ਨੰਬਰ 301/ਬੀ ਵਿਚ ਰਹਿੰਦੇ ਦਵਿੰਦਰ ਸਿੰਘ ਪੁੱਤਰ ਲਾਭ ਸਿੰਘ ਦੇ ਢਿੱਡ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕਤਲ ਕੀਤੇ ਗਏ ਦਵਿੰਦਰ ਸਿੰਘ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ’ਤੇ ਰੂਬੀ ਨਾਂ ਦੇ ਮੁਲਜ਼ਮ ਖ਼ਿਲਾਫ਼ 180 ਨੰਬਰ ਐੱਫ਼. ਆਈ. ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਰਾਮਾ ਮੰਡੀ ਦੇ ਐੱਸ. ਆਈ. ਸੁਖਦੇਵ ਵੱਲੋਂ ਮੁਲਜ਼ਮ ਰੂਬੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਨੇ ਉਸ ਦੇ ਕਬਜ਼ੇ ਵਿਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।
ਮ੍ਰਿਤਕ ਦਵਿੰਦਰ ਸਿੰਘ ਦੀ ਲਾਸ਼ ਸ਼ੁੱਕਰਵਾਰ ਸਵੇਰੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਵਾਰਦਾਤ ਦੇ ਤੁਰੰਤ ਬਾਅਦ ਮ੍ਰਿਤਕ ਦਵਿੰਦਰ ਸਿੰਘ ਨੂੰ ਉਸ ਦੀ ਪਤਨੀ ਜਸਵੀਰ ਕੌਰ ਪਿਮਸ ਹਸਪਤਾਲ ਲੈ ਗਈ, ਉਥੋਂ ਉਸ ਨੂੰ ਆਕਸਫੋਰਡ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ। ਦੋਬਾਰਾ ਪਿਮਸ ਪਹੁੰਚੇ ਤਾਂ ਉਨ੍ਹਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ, ਜਿਸ ਦੇ ਬਾਅਦ ਉਹ ਆਪਣੇ ਪਤੀ ਨੂੰ ਸ਼੍ਰੀ ਰਾਮ ਹਸਪਤਾਲ ਲੈ ਆਈ। ਉਥੇ ਪਤੀ ਦਵਿੰਦਰ ਸਿੰਘ ਦੀ ਹਾਲਤ ਲਗਾਤਾਰ ਗੰਭੀਰ ਬਣੀ ਰਹੀ। ਦੇਰ ਰਾਤ ਨੂੰ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਪਹਿਲਾਂ ਦਵਿੰਦਰ ਸਿੰਘ ’ਤੇ ਹਮਲਾ ਕਰਨ ਸਬੰਧੀ ਧਾਰਾ 109 ਲਾਈ ਸੀ ਪਰ ਉਸ ਦੀ ਮੌਤ ਦੇ ਬਾਅਦ ਹੱਤਿਆ ਦੀ ਧਾਰਾ 108 ਦਾ ਵਾਧਾ ਕਰ ਦਿੱਤਾ ਗਿਆ ਹੈ।















