ਪਟਨਾ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਕਿ ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ ਦੇਸ਼ ’ਚ ਚੱਲ ਰਹੇ ਮੋਟਰ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਗਡਕਰੀ ਨੇ ਕਿਹਾ ਕਿ ਇਥੇਨੌਲ ਮਿਸ਼ਰਣ ਨਾਲ ਖੇਤੀਬਾੜੀ ਨੂੰ ਊਰਜਾ ਅਤੇ ਬਿਜਲੀ ਖੇਤਰ ਦੀ ਦਿਸ਼ਾ ’ਚ ਵੰਨ-ਸੁਵੰਨਤਾ ਲਿਆਉਣ ਵਾਲਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਸਬੰਧਤ ਵਿਭਾਗ ਦਾ ਮੰਤਰੀ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਸਾਰੀਆਂ ਪ੍ਰਮੁੱਖ ਵਾਹਨ ਕੰਪਨੀਆਂ ਨੇ ਆਪਣੇ ਵਾਹਨਾਂ ਨੂੰ 100 ਫੀਸਦੀ ਇਥੇਨੌਲ ਰਾਹੀਂ ਚਲਾ ਕੇ ਵੀ ਦੇਖਿਆ ਹੈ ਅਤੇ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ।’’
ਗਡਕਰੀ ਨੇ ਇੱਥੇ ‘ਬਿਹਾਰ ਇਨਵੈਸਟਰ ਸਮਿਟ 2026: ਦਿ ਇਮਰਜਿੰਗ ਇਨਵੈਸਟਮੈਂਟ ਡੈਸਟੀਨੇਸ਼ਨ ਆਫ ਇੰਡੀਆ’ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦਾ ਚਾਰਜ ਸੰਭਾਲ ਰਹੇ ਗਡਕਰੀ ਨੇ ਕਿਹਾ, ‘‘ਸਾਲ 2022 ਤੋਂ 4 ਕਰੋੜ ਚਾਰ-ਪਹੀਆ ਅਤੇ 20 ਕਰੋੜ ਦੋ-ਪਹੀਆ ਵਾਹਨ ਇਥੇਨੌਲ ਮਿਸ਼ਰਤ ਪੈਟਰੋਲ ਨਾਲ ਚੱਲ ਰਹੇ ਹਨ। ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ ਵਾਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮੈਂ ਕਿਸੇ ਨੂੰ ਵੀ ਚੁਣੌਤੀ ਦਿੰਦਾ ਹਾਂ ਕਿ ਉਹ ਸ਼ਿਕਾਇਤ ਕਰ ਕੇ ਦਿਖਾਏ ਕਿ ਇਸ ਦੇ ਕਾਰਨ ਉਸ ਦੇ ਵਾਹਨ ਨੂੰ ਨੁਕਸਾਨ ਹੋਇਆ ਹੈ। ਬੇਸ਼ੱਕ, ਨਿੱਜੀ ਸਵਾਰਥ ਵਾਲੇ ਲੋਕ ਕੋਈ ਹੋਰ ਕਹਾਣੀ ਦੱਸ ਸਕਦੇ ਹਨ।’’
ਕਿਸਾਨ ਹੁਣ ਸਿਰਫ ਅੰਨਦਾਤਾ ਹੀ ਨਹੀਂ, ਸਗੋਂ ਊਰਜਾਦਾਤਾ ਵੀ ਬਣਨਗੇ
ਕੇਂਦਰੀ ਮੰਤਰੀ ਗਡਕਰੀ ਨੇ ਕਿਹਾ, ‘‘ਸਾਨੂੰ ਸਮਝਣਾ ਪਵੇਗਾ ਕਿ ਪੈਟਰੋਲ ’ਚ ਇਥੇਨੌਲ ਮਿਲਾਉਣ ਦਾ ਫੈਸਲਾ ਖੇਤੀਬਾੜੀ ਨੂੰ ਊਰਜਾ ਅਤੇ ਬਿਜਲੀ ਖੇਤਰ ਦੀ ਦਿਸ਼ਾ ’ਚ ਵੰਨ-ਸੁਵੰਨਤਾ ਲਿਆਉਣ ਦੇ ਮਕਸਦ ਨਾਲ ਲਿਆ ਗਿਆ ਸੀ। ਸਾਡੇ ਕਿਸਾਨ ਹੁਣ ਸਿਰਫ ਅੰਨਦਾਤਾ ਹੀ ਨਹੀਂ, ਸਗੋਂ ਊਰਜਾਦਾਤਾ ਵੀ ਬਣਨਗੇ।’’ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੱਕੀ ਤੋਂ ਇਥੇਨੌਲ ਬਣਾਉਣ ਅਤੇ ਉਸ ਦੀ ਵਰਤੋਂ ਦਾ ਫੈਸਲਾ ਕੀਤੇ ਜਾਣ ਤੋਂ ਬਾਅਦ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਵਾਧੂ ਆਮਦਨ ’ਚ 45,000 ਕਰੋੜ ਰੁਪਏ ਤੱਕ ਦਾ ਵਾਧਾ ਹੋਇਆ।















