ਜਲੰਧਰ – ਜਲੰਧਰ ਦੀ ਬੂਟਾ ਮੰਡੀ ਵਿਚ ਪੁਰਾਣੀ ਰੰਜਿਸ਼ ਦੇ ਤਹਿਤ ਕੁਝ ਨੌਜਵਾਨਾਂ ਨੇ ਇਕ ਘਰ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਮੌਕੇ ਤੋਂ ਗੋਲ਼ੀਆਂ ਦੇ ਦੋ ਖੋਲ ਬਰਾਮਦ ਹੋਏ ਹਨ। ਘਟਨਾ ਐਤਵਾਰ ਦੇਰ ਰਾਤ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ। ਬਾਈਕ ਸਵਾਰ ਨੌਜਵਾਨਾਂ ਨੇ ਘਰ ‘ਤੇ ਹਮਲਾ ਕਰਨ ਦੇ ਨਾਲ ਗਲੀ ਵਿਚ ਖੜ੍ਹੀਆਂ ਦੋ ਕਾਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਸੂਚਨਾ ਮਿਲਦੇ ਹੀ ਪੁਲਸ ਮੌਕੇ ਉਤੇ ਪਹੁੰਚੀ ਅਤੇ ਜਾਂਚ ਵੀ ਸ਼ੁਰੂ ਕੀਤੀ। ਪੁਲਸ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਛਾਣ ਕਰਨ ਵਿਚ ਜੁਟੀ ਹੈ।
ਬੂਟਾ ਪਿੰਡ ਦੀ ਰਹਿਣ ਵਾਲੀ ਰੇਖਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਘਰ ‘ਚ ਸੌਂ ਰਹੀ ਸੀ। ਇਸੇ ਦੌਰਾਨ ਇਲਾਕੇ ਦੇ ਕੁਝ ਨੌਜਵਾਨ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਤੇਜ਼ ਰਫ਼ਤਾਰ ਬਾਈਕ ‘ਤੇ ਉਸ ਦੀ ਗਲੀ ਵਿਚ ਪਹੁੰਚੇ। ਉਸ ਦੇ ਘਰ ਦੇ ਬਾਹਰ ਬਾਈਕ ਰੋਕਣ ਤੋਂ ਬਾਅਦ ਉਹ ਹੇਠਾਂ ਉਤਰੇ ਅਤੇ ਗਾਲਾਂ ਕੱਢਣ ਲੱਗੇ।
ਰੇਖਾ ਨੇ ਦੱਸਿਆ ਮੁਲਜ਼ਮਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ‘ਤੇ ਹਮਲਾ ਕੀਤਾ ਅਤੇ ਖਿੜਕੀ ਤੋੜ ਦਿੱਤੀ। ਫਿਰ ਉਨ੍ਹਾਂ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਡਰ ਕੇ ਉਹ ਆਪਣੇ ਬੱਚਿਆਂ ਨੂੰ ਛੱਤ ‘ਤੇ ਲੈ ਗਈ। ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨਾਲ ਬਦਸਲੂਕੀ ਕਰਦੇ ਹੋਏ ਉਸ ਦੇ ਘਰ ‘ਤੇ ਗੋਲ਼ੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ।
SHO ਬੋਲੀ- ਹਮਲਾਵਰਾਂ ਨੂੰ ਜਲਦੀ ਕੀਤਾ ਜਾਵੇਗਾ ਗ੍ਰਿਫ਼ਤਾਰ
ਰੇਖਾ ਨੇ ਦੱਸਿਆ ਕਿ ਉਨ੍ਹਾਂ ਨੇ ਹਮਲੇ ਦੀ ਸ਼ਿਕਾਇਤ ਸਬੰਧੀ ਥਾਣਾ ਪੁਲਸ ਨੂੰ ਦਿੱਤੀ ਹੈ। ਉਥੇ ਹੀ ਥਾਣਾ ਨੰਬਰ-6 ਦੀ ਐੱਸ. ਐੱਚ.ਓ. ਰਾਜਵੰਤ ਕੌਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਸ ਪਾਰਟੀ ਨਾਲ ਮੌਕੇ ਉਤੇ ਪਹੁੰਚੇ ਸਨ। ਮੌਕੇ ਤੋਂ ਦੋ ਖੋਲ ਬਰਾਮਦ ਹੋਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।















