ਛੱਤੀਸਗੜ੍ਹ: ਸੁਰੱਖਿਆ ਫੋਰਸਾਂ ਨੇ ਢੇਰ ਕੀਤੇ 10 ਨਕਸਲੀ, ਇਕ ਜਵਾਨ ਸ਼ਹੀਦ

ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ ‘ਚ ਨਕਸਲੀਆਂ ਦੇ ਖਿਲਾਫ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀਜਾਪੁਰ ਦੇ ਨਕਸਲ ਪ੍ਰਭਾਵਿਤ ਪੁਜਾਰੀ ਕਾਂਕੇਰ ਇਲਾਕੇ ‘ਚ ਤੇਲੰਗਾਨਾ ਪੁਲਸ ਅਤੇ ਛੱਤੀਸਗੜ੍ਹ ਪੁਲਸ ਨੇ ਜੁਆਇੰਟ ਆਪਰੇਸ਼ਨ ਕਰ ਕੇ 10 ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਸਪੈਸ਼ਲ ਡੀ.ਜੀ. ਡੀ.ਐੱਮ. ਅਵਸਥੀ (ਨਕਸਲ ਆਪਰੇਸ਼ਨਜ਼) ਨੇ ਨਕਸਲੀਆਂ ਦੇ ਖਿਲਾਫ ਮੁਹਿੰਮ ‘ਚ ਮਿਲੀ ਇਸ ਸਫ਼ਲਤਾ ਦੀ ਪੁਸ਼ਟੀ ਕੀਤੀ ਹੈ। ਇਸ ਆਪਰੇਸ਼ਨ ‘ਚ ਤੇਲੰਗਾਨਾ ਪੁਲਸ ਦਾ ਗ੍ਰੇਹਾਊਂਡ ਕਮਾਂਡਰ ਵੀ ਸ਼ਹੀਦ ਹੋ ਗਿਆ। ਸਪੈਸ਼ਲ ਡੀ.ਜੀ. ਡੀ.ਐੱਮ. ਅਵਸਥੀ (ਨਕਸਲ ਆਪਰੇਸ਼ਨਜ਼) ਨੇ ਨਕਸਲੀਆਂ ਦੇ ਖਿਲਾਫ ਮੁਹਿੰਮ ‘ਚ ਮਿਲੀ ਇਸ ਸਫਲਤਾ ਦੀ ਪੁਸ਼ਟੀ ਕੀਤੀ ਹੈ। ਇਹ ਸਾਰੇ ਨਕਸਲੀ ਤੇਲੰਗਾਨਾ ਸਟੇਟ ਕਮੇਟੀ ਆਫ ਸੀ.ਪੀ.ਆਈ. (ਮਾਓਵਾਦੀ) ਦੇ ਮੈਂਬਰ ਦੱਸੇ ਜਾ ਰਹੇ ਹਨ। ਮਾਰੇ ਗਏ ਨਕਸਲੀਆਂ ‘ਚ ਹਰਿ ਭੂਸ਼ਣ ਵੀ ਸ਼ਾਮਲ ਹੈ, ਜੋ ਤੇਲੰਗਾਨਾ ਸਟੇਟ ਕਮੇਟੀ ਦਾ ਲੀਡਰ ਸੀ। ਸੁਰੱਖਿਆ ਫੋਰਸਾਂ ‘ਤੇ ਹਮਲੇ ਲਈ ਹਰਿ ਭੂਸ਼ਣ ਯੋਜਨਾ ਬਣਾਉਂਦਾ ਸੀ ਅਤੇ ਉਹ ਨੇੜੇ-ਤੇੜੇ ਦੇ ਇਲਾਕਿਆਂ ‘ਚ ਵਾਂਟੇਡ ਸੀ।
ਦੱਖਣੀ ਬਸਤਰ ਖੇਤਰ ਦੇ ਪੁਲਸ ਡਾਇਰੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਬੀਜਾਪੁਰ ਦੇ ਉਸੂਰ ਥਾਣਾ ਖੇਤਰ ਦੇ ਅਧੀਨ ਪਾਮੇੜ ਅਤੇ ਉਸੂਰ ਦੇ ਮੱਧ ਪੁਜਾਰੀ ਕਾਂਕੇਰ ਪਿੰਡ ਦੇ ਜੰਗਲ ‘ਚ ਪੁਲਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ‘ਚ ਪੁਲਸ ਨੇ 10 ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਛੱਤੀਸਗੜ੍ਹ ਅਤੇ ਤੇਲੰਗਾਨਾ ਪੁਲਸ ਨੂੰ ਸਰਹੱਦੀ ਬੀਜਾਪੁਰ ਜ਼ਿਲੇ ਦੇ ਉਸੂਰ ਥਾਣਾ ਖੇਤਰ ‘ਚ ਵੱਡੇ ਨਕਸਲੀ ਜਮਾਵੜੇ ਦੀ ਜਾਣਕਾਰੀ ਮਿਲੀ ਸੀ।