‘ਛਵੀ ਬਚਾਓ, ਫੋਟੋ ਛਪਵਾਓ’ ਹੈ ਭਾਜਪਾ ਦਾ ਅਸਲੀ ਨਾਅਰਾ: ਰਾਹੁਲ ਗਾਂਧੀ

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਤਹਿਤ ਸਾਲ 2016 ਤੋਂ 2019 ਦੌਰਾਨ ਅਲਾਟ ਕੀਤੀ ਗਈ ਰਾਸ਼ੀ ’ਚੋਂ ਕਰੀਬ 80 ਫ਼ੀਸਦੀ ਮੀਡੀਆ ਪ੍ਰਚਾਰ ’ਤੇ ਖ਼ਰਚ ਕੀਤੇ ਜਾਣ ਨੂੰ ਸੰਸਦੀ ਕਮੇਟੀ ਦੀ ਰਿਪੋਰਟ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦੋਸ਼ ਲਾਇਆ ਕਿ ‘ਛਵੀ ਬਚਾਓ, ਫੋਟੋ ਛਪਵਾਓ’ ਹੀ ਭਾਜਪਾ ਦਾ ਅਸਲੀ ਨਾਅਰਾ ਹੈ। ਉਨ੍ਹਾਂ ਨੇ ਸੰਸਦੀ ਕਮੇਟੀ ਦੀ ਰਿਪੋਰਟ ਨਾਲ ਜੁੜੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ ਭਾਜਪਾ ਦਾ ਅਸੀ ਨਾਅਰਾ- ‘ਛਵੀ ਬਚਾਓ, ਫੋਟੋ ਛਪਵਾਓ!’
ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਵੀਰਵਾਰ ਨੂੰ ਪੇਸ਼ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਦੇ ਵਿਸ਼ੇਸ਼ ਸੰਦਰਭ ਵਿਚ ਸਿੱਖਿਆ ਦੇ ਜ਼ਰੀਏ ਮਹਿਲਾ ਸਸ਼ਕਤੀਕਰਨ ’ਤੇ ਔਰਤਾਂ ਨੂੰ ਸ਼ਕਤੀਆਂ ਪ੍ਰਦਾਨ ਕਰਨ ਸਬੰਧੀ ਭਾਜਪਾ ਸੰਸਦ ਮੈਂਬਰ ਹੀਨਾ ਗਾਵਿਤ ਦੀ ਪ੍ਰਧਾਨਗੀ ਵਾਲੀ ਕਮੇਟੀ ਦੀ ਰਿਪੋਰਟ ’ਚ ਕਿਹਾ ਗਿਆ ਕਿ ਕਮੇਟੀ ਨੂੰ ਇਹ ਗੱਲ ਵੀ ਵੇਖਣ ਨੂੰ ਰਹੀ ਹੈ ਕਿ 2016 ਤੋਂ 2019 ਦੇ ਸਮੇਂ ਦੌਰਾਨ ਜਾਰੀ 446.72 ਕਰੋੜ ਰੁਪਏ ’ਚ ਮੀਡੀਆ ਪ੍ਰਚਾਰ ’ਤੇ 78.91 ਫ਼ੀਸਦੀ ਰਾਸ਼ੀ ਖਰਚ ਕੀਤੀ ਗਈ ਹੈ ਅਤੇ ਇਹ ਵੇਖ ਕੇ ਕਮੇਟੀ ਬਿਲਕੁੱਲ ਵੀ ਖੁਸ਼ ਨਹੀਂ ਹੈ।