ਚੰਗੀ ਨੀਂਦ ਲਈ ਕੀ ਕਰੀਏ?

ਚੰਗੀ ਨੀਂਦ ਲਈ ਕੀ ਕਰੀਏ?ਮਨੁੱਖ ਜ਼ਿੰਦਗੀ ਦਾ ਇੱਕ ਤਿਹਾਈ ਹਿੱਸਾ ਸੌਂ ਕੇ ਗੁਜ਼ਾਰਦਾ ਹੈ। ਇਹ ਨੀਂਦ ਚੰਗੀ ਹੁੰਦੀ ਹੈ ਜੇ ਸਰੀਰਕ ਥਕਾਵਟ ਦੂਰ ਅਤੇ ਮਨ ਨੂੰ ਤਰੋਤਾਜ਼ਾ ਕਰੇ। ਪਰ ਇਹੀ ਨੀਂਦ ਉੱਸਲਵੱਟਿਆਂ ਭਰੀ ਹੁੰਦੀ ਹੈ ਜੇ ਸਵੇਰੇ ਉਠਣਸਾਰ ਥਕਾਵਟ ਮਹਿਸੂਸ ਹੋਵੇ ਅਤੇ ਕੋਈ ਵੀ ਕੰਮ ਕਰਨ ਨੂੰ ਮਨ ਨਾ ਕਰੇ। ਵਧੀਆ ਨੀਂਦ ਕਿਸੇ ਵੀ ਪ੍ਰਾਣੀ ਲਈ ਭੋਜਨ ਤੇ ਪਾਣੀ ਵਾਂਗ ਮਹੱਤਵਪੂਰਨ ਹੈ। ਇਹ ਦਿਲ-ਦਿਮਾਗ ਨੂੰ ਤੰਦਰੁਸਤ ਅਤੇ ਭਾਵਨਾਤਮਿਕ ਸਮਤੋਲ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ। ਮਨੁੱਖ ਦੀ ਕੰਮ ਵੱਲ ਧਿਆਨ ਦੇਣ ਦੀ ਸਮਰੱਥਾ, ਰਚਨਾਤਮਿਕਤਾ ਅਤੇ ਇੱਥੋਂ ਤਕ ਕਿ ਸਰੀਰਕ ਵਜ਼ਨ ਸਹੀ ਰੱਖਣ ਵਿੱਚ ਭਰਵਾਂ ਯੋਗਦਾਨ ਪਾਉਂਦੀ ਹੈ। ਜਿਸ ਤਰ੍ਹਾਂ ਕੰਪਿਊਟਰ ਤੋਂ ਸਹੀ ਕੰਮ ਲੈਣ ਲਈ ਉਸਨੂੰ ਸਮੇਂ-ਸਮੇਂ ਬੰਦ ਕਰਨਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਦਿਮਾਗ ਤੇ ਸਰੀਰ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਉਸਨੂੰ ਸ਼ਾਂਤੀ ਭਰੀ ਨੀਂਦ ਨਸੀਬ ਹੋਵੇ। ਜੇ ਲੋੜੀਂਦੀ ਨੀਂਦ ਨਹੀਂ ਮਿਲਦੀ ਤਾਂ ਅਗਲੀ ਸਵੇਰ ਸੁਸਤੀ, ਥਕਾਵਟ ਅਤੇ ਚਿੜਚਿੜੇਪਣ ਵਿੱਚ ਲੰਘਦੀ ਹੈ। ਫ਼ੈਸਲਾ ਲੈਣ ਅਤੇ ਸੋਚਣ ਦੀ ਸਮਰੱਥਾ ਘਟ ਜਾਂਦੀ ਹੈ। ਕਈ ਸਰੀਰਕ ਬਿਮਾਰੀਆਂ ਨੀਂਦ ਦੀ ਕਮੀ ਕਰਕੇ ਘੇਰਾ ਪਾ ਲੈਂਦੀਆਂ ਹਨ। ਇੱਥੋਂ ਤਕ ਕਿ ਨੀਂਦ ਵਿੱਚ ਇੱਕ ਘੰਟੇ ਦੀ ਕਟੌਤੀ ਵੀ ਸੋਚਣ ਦੀ ਸਮਰੱਥਾ ਉੱਤੇ ਬੁਰਾ ਅਸਰ ਪਾ ਸਕਦੀ ਹੈ। ਜੇ ਲਗਾਤਾਰ ਨੀਂਦ ਘੱਟ ਸਮਾਂ ਆਏ ਤਾਂ ਮਨੁੱਖ ਦੀ ਊਰਜਾ ਸ਼ਕਤੀ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘਟ ਜਾਂਦੀ ਹੈ।ਕੁੱਝ ਲੋਕ ਸੋਚਦੇ ਹਨ ਕਿ ਉਹ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਵੱਧ ਸਮਾਂ ਸੌਂ ਕੇ ਆਪਣੀ ਪਿਛਲੀ ਨੀਂਦ ਦੀ ਘਾਟ ਪੂਰੀ ਕਰ ਲੈਣਗੇ ਪਰ ਇਹ ਸਹੀ ਨਹੀਂ ਹੈ। ਖੋਜੀਆਂ ਮੁਤਾਬਿਕ ਇਸ ਤਰ੍ਹਾਂ ਇੱਕ ਦੋ ਦਿਨਾਂ ਦੀ ਨੀਂਦ ਦੀ ਘਾਟ ਤਾਂ ਪੂਰੀ ਕੀਤੀ ਜਾ ਸਕਦੀ ਹੈ ਪਰ ਕਈ ਰਾਤਾਂ ਬਿਨਾਂ ਸੁੱਤੇ ਰਹਿ ਕੇ, ਹਫ਼ਤੇ ਦੇ ਆਖਰੀ ਦਿਨਾਂ ਵਿੱਚ ਵੱਧ ਸਮਾਂ ਸੌਂ ਕੇ ਇਸਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਸਾਨੂੰ ਪੂਰੀ ਰਾਤ ਨੀਂਦ ਇੱਕਸਾਰ ਨਹੀਂ ਆਉਂਦੀ। ਨੀਂਦ ਦੇ ਸਮੇਂ-ਸਮੇਂ ਚੱਕਰ ਚਲਦੇ ਹਨ ਜਨ੍ਹਾਂ ਨੂੰ ਪੜਾਅ ਕਿਹਾ ਜਾਂਦਾ ਹੈ। ਇੱਕ ਪੜਾਅ ਲਗਪਗ ਦੋ ਘੰਟੇ ਹੁੰਦਾ ਹੈ। ਇਸ ਪੜਾਅ ਦੇ ਵੀ ਅੱਗੇ ਹਿੱਸੇ ਹੁੰਦੇ ਹਨ ਜਨ੍ਹਾਂ ਵਿੱਚ ਨੀਂਦ ਹੌਲੀ-ਹੌਲੀ ਗੂੜੀ ਹੁੰਦੀ ਜਾਂਦੀ ਹੈ। ਆਖ਼ਰੀ ਪੜਾਅ ਵਿੱਚ ਇਨਸਾਨ ਦੀਆਂ ਅੱਖਾਂ ਪੁਤਲੀਆਂ ਦੇ ਅੰਦਰ ਹੀ ਬਹੁਤ ਤੇਜ਼ ਘੁੰਮਦੀਆਂ ਹਨ। ਇਸ ਪੜਾਅ ਨੂੰ ਰੈਪਿਡ ਆਈ ਮੂਵਮੈਂਟ (ਆਰਈਐਮ) ਨੀਂਦ ਆਖਦੇ ਹਨ। ਜ਼ਿਆਦਾਤਰ ਸੁਪਨੇ ਇਸੇ ਨੀਂਦ ਵਿੱਚ ਆਉਂਦੇ ਹਨ। ਇਹ ਨੀਂਦ ਊਰਜਾ ਦੀ ਪ੍ਰਾਪਤੀ ਲਈ ਬਹੁਤ ਜ਼ਰੂਰੀ ਹੈ। ਜੇ ਕਿਸੇ ਨੂੰ ਨੀਂਦ ਵਿੱਚ ਜਗਾ ਦਿੱਤਾ ਜਾਵੇ ਤਾਂ ਉਸ ਨੂੰ ਸਿਰਦਰਦ ਤੇ ਬੇਚੈਨੀ ਹੋ ਜਾਂਦੀ ਹੈ। ਉਹ ਅਲਸਾਇਆ ਮਹਿਸੂਸ ਕਰਦਾ ਹੈ।ਕਈ ਕਾਰਨ ਹਨ ਜੋ ਕਿਸੇ ਦੀ ਨੀਂਦ ਨੂੰ ਖ਼ਰਾਬ ਕਰ ਦਿੰਦੇ ਹਨ। ਸਭ ਤੋਂ ਵੱਡਾ ਕਾਰਨ ਆਧੁਨਿਕ ਜੀਵਨ ਸ਼ੈਲੀ ਹੈ। ਜਿਵੇਂ-ਜਿਵੇਂ ਦੁਨੀਆਂ ਨੇ ਤਰੱਕੀ ਕੀਤੀ , ਬਿਜਲੀ ਆ ਗਈ ਤੇ ਦਿਨ ਰਾਤ ਵਿੱਚ ਫ਼ਰਕ ਨਹੀਂ ਰਿਹਾ। ਕੰਪਿਊਟਰ, ਇੰਟਰਨੈੱਟ ਅਤੇ ਮੋਬਾਈਲ ਫ਼ੋਨ ਆਏ ਤਾਂ ਦੁਨੀਆਂ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜ ਗਈ ਜਿਵੇਂ ਇੱਕ ਪਿੰਡ ਦੀ ਸੱਥ ਹੋਵੇ। ਅਮਰੀਕਾ ਵਾਲਿਆਂ ਨੇ ਆਪਣੇ ਦਫ਼ਤਰ ਭਾਰਤ ਵਿੱਚ ਖੋਲ੍ਹ ਦਿੱਤੇ ਜਿੱਥੇ ਕੰਮ ਅਮਰੀਕੀ ਸਮੇਂ ਅਨੁਸਾਰ ਹੋਣ ਲੱਗਿਆ। ਇਸ ਸਭ ਦਾ ਅਸਰ ਇਹ ਹੋਇਆ ਕਿ ਦੁਨੀਆ ਦਿਨੇ ਚੱਲਣ ਅਤੇ ਰਾਤ ਨੂੰ ਅਰਾਮ ਕਰਨ ਦੀ ਬਜਾਏ ਦਿਨ-ਰਾਤ ਚੱਲਣ ਲੱਗ ਪਈ। ਇਸ ਜੀਵਨਸ਼ੈਲੀ ਨੇ ਸਾਡੀ ਨੀਂਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਕਿਉਂਕਿ ਨਾ ਤਾਂ ਸਾਡੇ ਕੋਲ ਸੌਣ ਦਾ ਸਮਾਂ ਨਾ ਰਿਹਾ ਤੇ ਨਾ ਹੀ ਜਾਗਣ ਦਾ। ਇੱਕ ਖੋਜ ਅਨੁਸਾਰ ਅੱਜ ਇਨਸਾਨ ਦੀ ਨੀਂਦ, ਪੰਜਾਹ ਸਾਲ ਪਹਿਲਾਂ ਨਾਲੋਂ ਲਗਪਗ ਇੱਕ ਘੰਟਾ ਘਟ ਗਈ ਹੈ।ਦੂਜਾ ਵੱਡਾ ਕਾਰਨ ਜੋ ਨੀਂਦ ਉੱਤੇ ਅਸਰ ਪਾਉਂਦਾ, ਉਹ ਹੈ ਤਣਾਅ। ਕਿਸੇ ਤਰ੍ਹਾਂ ਦਾ ਤਣਾਅ ਇਨਸਾਨ ਨੂੰ ਚੈਨ ਦੀ ਨੀਂਦ ਨਹੀਂ ਲੈਣ ਦਿੰਦਾ। ਉਹ ਉਸਲਵੱਟੇ ਮਾਰਦਾ ਰਹਿੰਦਾ ਹੈ; ਇਹ ਤਣਾਅ ਭਾਵੇਂ ਦਫ਼ਤਰ ਦਾ ਹੋਵੇ, ਪੜ੍ਹਾਈ ਦਾ, ਵਪਾਰ ਜਾਂ ਰਿਸ਼ਤਿਆਂ ਦਾ। ਨੀਂਦ ਦੀ ਖ਼ਰਾਬੀ ਲਈ ਸੌਣ ਵਾਲੇ ਕਮਰੇ ਦਾ ਮਾਹੌਲ ਵੀ ਬਹੁਤ ਹੱਦ ਤੱਕ ਜ਼ਿੰਮੇਵਾਰ ਹੁੰਦਾ ਹੈ। ਅਣਸੁਖਾਵਾਂ ਬਿਸਤਰ, ਬਹੁਤ ਜਿਆਦਾ ਸ਼ੋਰ-ਸ਼ਰਾਬਾ ਅਤੇ ਕਮਰੇ ਵਿੱਚ ਆ ਰਹੀ ਬੇਲੋੜੀ ਰੌਸ਼ਨੀ ਨੀਂਦ ਖਰਾਬ ਕਰ ਦਿੰਦੇ ਹਨ।ਨੀਂਦ ਦੀ ਖ਼ਰਾਬੀ ਦਾ, ਦਿਨ ਵਿੱਚ ਥਕਾਵਟ ਦੀ ਘਾਟ ਵੀ ਕਾਰਨ ਹੁੰਦਾ ਹੈ। ਆਧੁਨਿਕ ਜੀਵਨਸ਼ੈਲੀ ਕਾਰਨ ਕੰਮ ਬੈਠਕ ਦੇ ਜ਼ਿਆਦਾ ਹੋ ਗਏ ਹਨ ਅਤੇ ਸਰੀਰਕ ਕੰਮ ਦਿਨ- ਬ- ਦਿਨ ਘੱਟਦੇ ਜਾ ਰਹੇ ਹਨ। ਕਈ ਲੋਕ ਤਾਂ ਟੀ.ਵੀ. ਅੱਗੇ ਬੈਠੇ ਹੀ ਦਿਨ ਦਾ ਬਹੁਤਾ ਹਿੱਸਾ ਗੁਜ਼ਾਰ ਦਿੰਦੇ ਹਨ। ਵਰਜਿਸ਼ ਦੀ ਵੀ ਅਕਸਰ ਘਾਟ ਹੁੰਦੀ ਹੈ। ਇਸ ਕਾਰਨ ਸਰੀਰ ਪੂਰਾ ਥੱਕਦਾ ਨਹੀਂ ਅਤੇ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਦਿਨ ਵਿੱਚ ਨੀਂਦ ਪੂਰੀ ਕਰਨ ਨਾਲ ਵੀ ਰਾਤ ਦੀ ਨੀਂਦ ਟੁੱਟ ਜਾਂਦੀ ਹੈ।ਕੁੱਝ ਸਰੀਰਕ ਬਿਮਾਰੀਆਂ ਜਿਵੇਂ ਦਿਲ ਦੀਆਂ ਬਿਮਾਰੀਆਂ,ਜੋੜਾਂ ਦੇ ਦਰਦ, ਕੈਂਸਰ, ਸ਼ੂਗਰ ਦੀ ਬਿਮਾਰੀ, ਮਿਹਦੇ ‘ਚ ਵਧਿਆ ਤੇਜ਼ਾਬ,ਗੁਰਦਿਆਂ ਦੀਆਂ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ ਅਤੇ ਕੁਝ ਦਵਾਈਆਂ ਵੀ ਆਪਣੇ ਤਰੀਕੇ ਨਾਲ ਨੀਂਦ ਖਰਾਬ ਕਰ ਸਕਦੀਆਂ ਹਨ।ਮਾਨਸਿਕ ਬਿਮਾਰੀਆਂ ਵੀ ਕੁੱਝ ਲੋਕਾਂ ਦੀ ਨੀਂਦ ਖਰਾਬ ਕਰਨ ਲਈ ਜ਼ਿੰਮੇਵਾਰ ਹੁੰਦੀਆਂ ਹਨ। ਘਬਰਾਹਟ ਰੋਗ ਤੋਂ ਪੀੜਤ ਵਿਅਕਤੀ ਹਰ ਸਮੇਂ ਬੇਚੈਨ ਰਹਿੰਦਾ ਹੈ। ਦੂਜੇ ਪਾਸੇ ਮਾਨਸਿਕ ਤੇਜ਼ੀ(ਮੇਨੀਆ) ਤੋਂ ਪੀੜਤ ਵਿਅਕਤੀ ਨੂੰ ਨੀਂਦ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ ਅਤੇ ਇਹ ਘੰਟਾ ਦੋ ਘੰਟੇ ਸੌਂ ਕੇ ਫ਼ਿਰ ਤੋਂ ਸਰਗਰਮ ਹੋ ਜਾਂਦਾ ਹੈ। ਇਸੇ ਤਰ੍ਹਾਂ ਸਕੀਜੋਫ਼ਰੇਨੀਆਂ ਬਿਮਾਰੀ ਦਾ ਇੱਕ ਲੱਛਣ ਨੀਂਦ ਨਾ ਆਉਣਾ ਵੀ ਹੈ। ਕੁੱਝ ਲੋਕ ਨੀਂਦ ਲੈਣ ਲਈ ਨਸ਼ਾ ਕਰਦੇ ਹਨ, ਪਰ ਇਹ ਨੀਂਦ ਦਾ ਸਭ ਤੋਂ ਵੱਡਾ ਦੁਸ਼ਮਣ ਹੋ ਨਿਬੜਦਾ ਹੈ। ਨਸ਼ੇ ਕਰਕੇ ਘੰਟਾ ਦੋ ਘੰਟੇ ਤਾਂ ਬੇਸੁਧੀ ਜਿਹੀ ਨੀਂਦ ਆਉਂਦੀ ਹੈ ਪਰ ਉਸ ਤੋਂ ਬਾਅਦ ਇਨਸਾਨ ਸਾਰੀ ਰਾਤ ਬੇਚੈਨੀ ਨਾਲ ਕੱਟਦਾ ਹੈ।ਕੁਝ ਅਜਿਹੇ ਤਰੀਕੇ ਹਨ ਜਨ੍ਹਾਂ ਨਾਲ ਨੀਂਦ ਬਿਹਤਰ ਕੀਤੀ ਜਾ ਸਕਦੀ ਹੈ। ਰਾਤ ਦੀ ਚੰਗੀ ਨੀਂਦ ਲਈ ਜ਼ਰੂਰੀ ਹੈ ਕਿ ਦਿਨ ਵੇਲੇ ਘੱਟ ਤੋਂ ਘੱਟ ਸੌਣ ਦੀ ਕੋਸ਼ਿਸ਼ ਕੀਤੀ ਜਾਵੇ। ਬਿਹਤਰ ਤਾਂ ਇਹ ਹੈ ਕਿ ਦਿਨ ਵੇਲੇ ਬਿਲਕੁਲ ਨਾ ਸੌਂਵੋ ਪਰ ਜੇ ਸੌਣਾ ਵੀ ਹੋਵੇ ਤਾਂ ਦੁਪਹਿਰ ਤੋਂ ਪਹਿਲਾਂ ਘੰਟੇ- ਅੱਧੇ ਘੰਟੇ ਦੀ ਨੀਂਦ ਹੀ ਲੈਣੀ ਚਾਹੀਦੀ ਹੈ। ਇਸ ਨੂੰ ਝਪਕੀ ਲੈਣਾ ਵੀ ਕਿਹਾ ਜਾਂਦਾ ਹੈ। ਅਜਿਹਾ ਨੀਂਦ ਦਾ ਠੌਂਕਾ ਬਹੁਤ ਆਰਾਮਦਾਇੱਕ ਹੋ ਸਕਦਾ ਹੈ। ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਖਾਣਾ-ਪੀਣਾ ਬੰਦ ਕਰ ਦੇਣਾ ਚਾਹੀਦਾ ਹੈ। ਚਾਹ- ਕੌਫ਼ੀ ਆਦਿ ਦਾ ਸੇਵਨ ਵੀ ਸੌਣ ਤੋਂ ੩-੪ ਘੰਟੇ ਪਹਿਲਾਂ ਬੰਦ ਕਰ ਦਿੱਤਾ ਜਾਵੇ।ਦਿਨ ਦੀ ਥਕਾਵਟ ਰਾਤ ਦੀ ਨੀਂਦ ਲਈ ਬਹੁਤ ਮਦਦਗਾਰ ਸਿੱਧ ਹੁੰਦੀ ਹੈ। ਵਰਜਿਸ਼ ਆਪਣੇ ਆਪ ਨੂੰ ਥਕਾਉਣ ਲਈ ਸਭ ਤੋਂ ਵਧੀਆ ਸਾਧਨ ਹੈ। ਇਹ ਵਰਜਿਸ਼ ਸਵੇਰ ਦੀ ਸੈਰ, ਯੋਗਾ ਜਾਂ ਜਿਮ ਵਿੱਚ ਜਾ ਕੇ ਕਸਰਤ ਕਰਨ ਦੇ ਰੂਪ ਵਿੱਚ ਹੋ ਸਕਦੀ ਹੈ। ਵਿਗਿਆਨਿਕ ਖੋਜਾਂ ਅਨੁਸਾਰ ਵਰਜਿਸ਼ ਕਰਨ ਸਮੇਂ ਅੰਡੋਰਫ਼ਿਨ ਨਾਂ ਦੇ ਰਸਾਇਣਕ ਪਦਾਰਥ ਸਰੀਰ ਵਿੱਚੋਂ ਨਿਕਲਦੇ ਹਨ ਜੋ ਇੱਕ ਪਾਸੇ ਤਾਂ ਇਨਸਾਨ ਨੂੰ ਖੁਸ਼ੀ ਦਿੰਦੇ ਅਤੇ ਦੂਜੇ ਪਾਸੇ ਵਧੀਆ ਨੀਂਦ ਆਉਣ ਵਿੱਚ ਮਦਦ ਵੀ ਕਰਦੇ ਹਨ। ਕਮਰੇ ਦਾ ਮਾਹੌਲ ਸੁਖਾਵਾਂ ਕਰ ਲੈਣਾ ਵੀ ਨੀਂਦ ਆਉਣ ਵਿੱਚ ਮਦਦਗਾਰ ਹੁੰਦਾ ਹੈ। ਸੌਣ ਤੋਂ ਕੁੱਝ ਸਮਾਂ ਪਹਿਲਾਂ ਟੈਲੀਵਿਜਨ ਬੰਦ ਕਰ ਦੇਣਾ ਚਾਹੀਦਾ ਹੈ। ਮੋਬਾਈਲ ਵੀ ਬੰਦ ਜਾਂ ਸ਼ਾਂਤ ਅਵਸਥਾ ‘ਤੇ ਕਰ ਦੇਣਾ ਚਾਹੀਦਾ ਹੈ। ਸੌਣ ਸਮੇਂ ਕੋਈ ਕਿਤਾਬ ਪੜ੍ਹਨਾ ਲਾਹੇਵੰਦ ਹੁੰਦਾ ਹੈ। ਸੌਣ ਤੇ ਜਾਗਣ ਦੇ ਸਮੇਂ ਵਿੱਚ ਇੱਕਸੁਰਤਾ ਰੱਖੀ ਜਾਵੇ ਅਰਥਾਤ ਹਰ ਰੋਜ਼ ਲਗਪਗ ਇੱਕ ਹੀ ਸਮੇਂ ਸੁੱਤਾ ਜਾਵੇ ਅਤੇ ਇੱਕ ਹੀ ਸਮੇਂ ਜਾਗਣ ਦੀ ਕੋਸ਼ਿਸ਼ ਕੀਤੀ ਜਾਵੇ। ਪੰਜਾਬ ਵਿੱਚ ਲੋਕ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਂਦੇ ਸਨ। ਵਿਗਿਆਨਕ ਸੋਚ ਇਸਦੇ ਪਿੱਛੇ ਇਹ ਸੀ ਕਿ ਦੁੱਧ ਵਿੱਚ ਟਰਿਪਟੋਫ਼ੇਨ ਨਾਂ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਸੌਣ ਵਿੱਚ ਮਦਦ ਕਰਦਾ ਹੈ।ਜੇ ਤੁਹਾਡੀ ਨੀਂਦ ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਕਾਰਨ ਟੁੱਟਦੀ ਹੋਵੇ ਤਾਂ ਸਬੰਧਿਤ ਡਾਕਟਰ ਨਾਲ ਸਲਾਹ ਜ਼ਰੂਰ ਕਰੋ। ਡਾਕਟਰ ਦੇ ਦੱਸੇ ਅਨੁਸਾਰ ਇਲਾਜ ਕਰਵਾਓ। ਨੀਂਦ ਵਾਲੀਆਂ ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਅਣਚਾਹੇ ਅਸਰ ਵੀ ਹੁੰਦੇ ਹਨ। ਜੇ ਨੀਂਦ ਦੀਆਂ ਗੋਲੀਆਂ ਦੀ ਜ਼ਰੂਰਤ ਮਹਿਸੂਸ ਹੋਵੇ, ਤਾਂ ਵੀ ਇਹ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ।ਡਾ. ਸੰਦੀਪ ਕੁਮਾਰ ਐਮ. ਡੀ.