ਚੰਗਾ ਕੰਮ ਕਰਨ ਵਿੱਚ ਭਰੋਸਾ ਰੱਖਦੀ ਹੈ ਹੁਮਾ ਕੁਰੈਸ਼ੀ

ਦਿੱਲੀ ਦੇ ਇੱਕ ਖਾਂਦੇ-ਪੀਂਦੇ ਮੁਸਲਿਮ ਪਰਿਵਾਰ ਨਾਲ ਸਬੰਧਤ ਹੁਮਾ ਕੁਰੈਸ਼ੀ ਦੀ ਪਹਿਲੀ ਅੰਗਰੇਜ਼ੀ ਭਾਸ਼ਾ ਦੀ ਗੁਰਿੰਦਰ ਚੱਢਾ ਨਿਰਦੇਸ਼ਿਤ ਅੰਤਰਰਾਸ਼ਟਰੀ ਫ਼ਿਲਮ ‘ਵਾਇਸਰਾਏ ਹਾਊਸ’ ਕੁਝ ਦੇਸ਼ਾਂ ਵਿੱਚ ਪ੍ਰਦਰਸ਼ਿਤ ਹੋ ਕੇ ਸ਼ੋਹਰਤ ਬਟੋਰ ਚੁੱਕੀ ਹੈ। ਹੁਣ ਇਹ ਫ਼ਿਲਮ ਹਿੰਦੀ ਵਿੱਚ ਭਾਰਤੀ ਦਰਸ਼ਕਾਂ ਲਈ ‘ਪਾਰਟੀਸ਼ਨ :1947’ ਦੇ ਨਾਮ ਤੋਂ 18 ਅਗਸਤ ਨੂੰ ਭਾਰਤੀ ਸਿਨਮਾ ਘਰਾਂ ਵਿੱਚ ਪਹੁੰਚਣ ਵਾਲੀ ਹੈ। ਇਸ ਤੋਂ ਹੁਮਾ ਕੁਰੈਸ਼ੀ ਕਾਫ਼ੀ ਉਤਸ਼ਾਹਿਤ ਹੈ। ਦੂਜੀ ਤਰਫ਼ ਉਹ ਹੁਣ ਰਜਨੀਕਾਂਤ ਨਾਲ ਪਹਿਲੀ ਵਾਰ ਤਾਮਿਲ ਭਾਸ਼ਾ ਦੀ ਫ਼ਿਲਮ ਵੀ ਕਰ ਰਹੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
-ਤੁਸੀਂ ਗੁਰਿੰਦਰ ਚੱਢਾ ਦੇ ਨਿਰਦੇਸ਼ਨ ਵਿੱਚ ‘ਵਾਇਸਰਾਏ ਹਾਊਸ’ ਮਤਲਬ ‘ਪਾਰਟੀਸ਼ਨ: 1947’ ਰਾਹੀਂ ਹੌਲੀਵੁੱਡ ਪਹੁੰਚ ਗਏ ਹੋ?
– ਮੈਂ ਇਸ ਤਰ੍ਹਾਂ ਤਾਂ ਨਹੀ ਸੋਚਦੀ। ਮੈਂ ਹੌਲੀਵੁੱਡ ਵਿੱਚ ਪ੍ਰਵੇਸ਼ ਕਰਨ ਦੇ ਇਰਾਦੇ ਨਾਲ ਇਹ ਫ਼ਿਲਮ ਨਹੀਂ ਕੀਤੀ।  ਮੈਂ ਕਿਸੇ ਦਾ ਮੁਕਾਬਲਾ ਕਰਨ ਦੀ ਬਜਾਏ ਚੰਗਾ ਕੰਮ ਕਰਨ ਵਿੱਚ ਭਰੋਸਾ ਰੱਖਦੀ ਹਾਂ। ਇਹ ਮੇਰੇ ਕਰੀਅਰ ਦੀ ਪਹਿਲੀ ਅੰਗਰੇਜ਼ੀ ਭਾਸ਼ਾ ਦੀ ਅੰਤਰਰਾਸ਼ਟਰੀ ਫ਼ਿਲਮ ਹੈ। ਮੈਨੂੰ ਖ਼ੁਸ਼ੀ ਹੈ ਕਿ ਜੋ ਵੀ ਭਾਰਤੀ ਕਲਾਕਾਰ ਪੱਛਮੀ ਦੇਸ਼ਾਂ ਦੀਆਂ ਫ਼ਿਲਮਾਂ ਕਰ ਰਹੇ ਹਨ, ਉਹ ਸਿੱਖ ਰਹੇ ਹਨ ਕਿ ਸਟੂਡੀਓ ਸਿਸਟਮ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ  ਕਿਉਂਕਿ ਇਨ੍ਹਾਂ ਫ਼ਿਲਮਾਂ ਵਿੱਚ ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਕੰਮ ਮਿਲਦਾ ਹੈ। ਮੈਂ ਪੱਛਮੀ ਦੇਸ਼ਾਂ ਦੀਆਂ ਫ਼ਿਲਮਾਂ ਸਿਰਫ਼ ਇਸ ਲਈ ਨਹੀਂ ਕਰਨਾ ਚਾਹੁੰਦੀ ਕਿ ਦੂਜੇ ਕਲਾਕਾਰ ਕਰ ਰਹੇ ਹਨ।
-ਫ਼ਿਲਮ ‘ਪਾਰਟੀਸ਼ਨ: 1947’ ਨਾਲ ਜੁੜਨਾ ਕਿਵੇਂ ਸੰਭਵ ਹੋਇਆ ?
– ਆਡੀਸ਼ਨ ਦੇ ਕੇ ਹੀ ਇਹ ਫ਼ਿਲਮ ਪ੍ਰਾਪਤ ਹੋਈ ਹੈ। ‘ਗੈਂਗ ਆਫ਼ ਵਾਸੇਪੁਰ’ ਹੋਵੇ ਜਾਂ ‘ਡੇਢ ਇਸ਼ਕੀਆ’, ਮੈਂ ਹਮੇਸ਼ਾਂ ਆਡੀਸ਼ਨ ਦਿੱਤਾ ਹੈ।  ਇਸਦੀ ਵਜ੍ਹਾ ਇਹ ਹੈ ਕਿ ਮੈਨੂੰ ਕੋਈ ਚੀਜ਼ ਵਿਰਾਸਤ ਵਿੱਚ ਨਹੀਂ ਮਿਲੀ ਹੈ। ਮੈਂ ਆਪਣੀ ਹਰ ਫ਼ਿਲਮ ਲਈ ਮਿਹਨਤ ਕੀਤੀ ਹੈ, ਆਡੀਸ਼ਨ ਦੇ ਵਕਤ ਵੀ ਮਿਹਨਤ ਕੀਤੀ। ਗੁਰਿੰਦਰ ਚੱਢਾ ਨੇ ‘ਗੈਂਗ ਆਫ਼ ਵਾਸੇਪੁਰ ਵੇਖੀ ਸੀ। ਉਹ ਮੇਰੀ ਪ੍ਰਤਿਭਾ ਤੋਂ ਵਾਕਿਫ਼ ਸਨ, ਪਰ ਮੈਂ ‘ਵਾਇਸਰਾਏ ਹਾਊਸ’ ਲਈ ਆਡੀਸ਼ਨ ਦਿੱਤਾ। ਲੰਡਨ ਵਿੱਚ ਗੁਰਿੰਦਰ ਨਾਲ ਸਾਡੀ ਮੁਲਾਕਾਤ ਹੋਈ। ਅਸੀਂ ਉੱਥੇ ਪਟਕਥਾ ਵੀ ਪੜ੍ਹੀ। ਮੇਰੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਮੈਂ ਇੱਕ ਭਾਰਤੀ ਕਲਾਕਾਰ ਹਾਂ, ਇਸ ਲਈ ਨਹੀਂ, ਸਗੋਂ ਉਨ੍ਹਾਂ ਨੂੰ ਲੱਗਾ ਕਿ ਮੈਂ ਉਨ੍ਹਾਂ ਦੀ ਇਸ ਫ਼ਿਲਮ ਦੇ ਕਿਰਦਾਰ ਵਿੱਚ ਫ਼ਿੱਟ ਬੈਠਾਂਗੀ, ਇਸ ਲਈ ਉਨ੍ਹਾਂ ਨੇ ਮੈਨੂੰ ਚੁਣਿਆ।
-‘ਵਾਇਸਰਾਏ ਹਾਊਸ’ ਕੀ ਹੈ ?
– 1947 ਵਿੱਚ ਹਿੰਦੁਸਤਾਨ ਦੀ ਵੰਡ ਹੋਈ ਅਤੇ ਭਾਰਤ ਦੇਸ਼ ਆਜ਼ਾਦ ਹੋਇਆ ਸੀ। ਉਸ ਵਕਤ ਆਖਿਰੀ ਬ੍ਰਿਟਿਸ਼ ਵਾਇਸਰਾਏ ਲਾਰਡ ਮਾਊਂਟਬੈਟਨ ਸਨ। ਉਨ੍ਹਾਂ ਦੇ ਕਾਰਜਕਾਲ ਦੇ ਅੰਤਿਮ 2 -3 ਮਹੀਨੇ ਦੀ ਕਹਾਣੀ ਇਸ ਫ਼ਿਲਮ ਵਿੱਚ ਹੈ। ਇਹ ਫ਼ਿਲਮ ਵੰਡ ਦੀ ਤਰਾਸਦੀ ਦਾ ਵੀ ਚਿਤਰਨ ਕਰਦੀ ਹੈ। ਇਹ ਕਹਾਣੀ ਵਾਇਸਰਾਏ ਹਾਊਸ ਦੇ ਘਰ ਦੇ ਅੰਦਰ ਦੀ ਹੈ ਜਿਸ ਵੱਡੇ ਘਰ ਵਿੱਚ ਲਾਰਡ ਮਾਊਂਟਬੈਟਨ ਅਤੇ ਹੋਰ ਬ੍ਰਿਟਿਸ਼ ਅਫ਼ਸਰਾਂ ਦੇ ਨਾਲ ਸਾਡੇ ਦੇਸ਼ ਦੇ ਵੱਡੇ ਵੱਡੇ ਨੇਤਾ ਬੈਠਕੇ ਵਿੱਚਾਰ ਚਰਚਾ ਕਰਦੇ ਸਨ। ਉਦੋਂ ਘਰ ਵਿੱਚ ਕੰਮ ਕਰ ਰਹੇ ਇੱਕ ਹਿੰਦੂ ਨੌਕਰ ਅਤੇ ਇੱਕ ਉਰਦੂ ਅਨੁਵਾਦਕ ਦੀ ਪ੍ਰੇਮ ਕਹਾਣੀ ਹੈ। ਫ਼ਿਲਮ ਵਿੱਚ ਲਾਰਡ ਮਾਊਂਟਬੈਟਨ ਦੇ ਕਿਰਦਾਰ ਵਿੱਚ ਹਿਊਗ ਬੋਨਵਿਲੇ, ਉਨ੍ਹਾਂ ਦੀ ਪਤਨੀ ਦੇ ਕਿਰਦਾਰ ਵਿੱਚ ਗਿਲਿਅਨ ਐਂਡਰਸਨ ਅਤੇ ਜੀਤ ਦੇ ਕਿਰਦਾਰ ਵਿੱਚ ਮਨੀਸ਼ ਦਿਆਲ ਹਨ। ਇਹ ਫ਼ਿਲਮ ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ ਵਿੱਚ ਪ੍ਰਦਰਸ਼ਿਤ ਹੋ ਚੁੱਕੀ ਹੈ। ਇੱਥੇ ਇਸ ਫ਼ਿਲਮ ਨੂੰ ਕਾਫ਼ੀ ਸਰਾਹਿਆ ਗਿਆ ਹੈ। ਹੁਣ ਇਹ 18 ਅਗਸਤ ਨੂੰ ਭਾਰਤ ਵਿੱਚ ਪ੍ਰਦਰਸ਼ਿਤ ਹੋਵੇਗੀ।
-ਇਸ ਵਿੱਚ ਤੁਹਾਡਾ ਕਿਰਦਾਰ ਕੀ ਹੈ ?
– ਮੈਂ ਇਸ ਵਿੱਚ ਲਾਰਡ ਮਾਊਂਟਬੈਟਨ ਦੀ ਮੁਸਲਮਾਨ ਦੁਭਾਸ਼ੀਆ  ਆਲਿਆ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਵਾਇਸਰਾਏ ਹਾਊਸ ਵਿੱਚ ਹੀ ਕੰਮ ਕਰਦੇ ਹਿੰਦੂ ਮੁੰਡੇ ਜੀਤ ਨੂੰ ਪ੍ਰੇਮ ਕਰਦੀ ਹੈ। ਭਾਰਤ ਪਾਕਿ ਵੰਡ ਦੇ ਬਾਅਦ ਆਲਿਆ ਨੂੰ ਤੈਅ ਕਰਨਾ ਹੈ ਕਿ ਉਹ ਪਾਕਿਸਤਾਨ ਵਿੱਚ ਆਪਣੇ ਮਾਤਾ ਪਿਤਾ ਦੇ ਕੋਲ ਜਾ ਕੇ ਰਹਿਣਾ ਚਾਹੇਗੀ ਜਾਂ ਭਾਰਤ ਵਿੱਚ ਹੀ ਰਹਿਣਾ ਚਾਹੇਗੀ। ਇਹ ਉਸਦਾ ਦਵੰਦ ਹੈ। ਫ਼ਿਲਮ ਵਿੱਚ ਆਲਿਆ ਦੇ ਪਿਤਾ ਦਾ ਕਿਰਦਾਰ ਓਮ ਪੁਰੀ ਨੇ ਨਿਭਾਇਆ ਹੈ। ਫ਼ਿਲਮ ਦੀ ਕਹਾਣੀ ਭਾਰਤ ਪਾਕਿ ਵੰਡ ਦੇ ਹੀ ਇਰਦ ਗਿਰਦ ਘੁੰਮਦੀ ਹੈ, ਪਰ ਇਹ ਬਹੁਤ ਜ਼ਿਆਦਾ ਭਾਵੁਕ ਅਤੇ ਮਨੁੱਖੀ ਕਹਾਣੀ ਹੈ। ਰਾਜਨੀਤਕ ਕਾਰਨਾਂ ਤੋਂ ਜੇਕਰ ਕਿਸੇ ਨੂੰ ਆਪਣਾ ਵਤਨ ਛੱਡਣਾ ਪਏ ਤਾਂ ਇਹ ਗੱਲ ਦਿਲ ਤੋੜ ਦਿੰਦੀ ਹੈ।
-ਕੀ ਤੁਸੀਂ ਫ਼ਿਲਮ ਨਾਲ ਸਬੰਧਿਤ ਕਿਸੇ ਇਤਿਹਾਸਕ ਮੁੱਦੇ ਉੱਤੇ ਕੋਈ ਖੋਜ ਕੀਤੀ ਸੀ ?
-ਜੀ ਹਾਂ ! ਇਤਿਹਾਸ ਮੇਰਾ ਪਿਆਰਾ ਵਿਸ਼ਾ ਰਿਹਾ ਹੈ। ਮੈਂ ਇਤਿਹਾਸ ਵਿੱਚ ਆਨਰਜ਼ ਕੀਤੀ ਹੈ। ਜਦੋਂ ਮੈਂ ਇਸ ਫ਼ਿਲਮ ਦਾ ਹਿੱਸਾ ਬਣੀ ਤਾਂ ਸ਼ੂਟਿੰਗ ਕਰਨ ਤੋਂ ਪਹਿਲਾਂ ਮੈਂ ਕਾਫ਼ੀ ਪੜ੍ਹਾਈ ਕੀਤੀ, ਕਾਫ਼ੀ ਖੋਜ ਕੀਤੀ। ‘ਇੰਡੀਆ ਰਿਮੈਬਰਡ’, ‘ਚਿਲਡਰਨ ਇਨ ਦਿ ਮਿਡ ਨਾਈਟ’ ਸਮੇਤ ਕਈ ਕਿਤਾਬਾਂ ਪੜ੍ਹੀਆਂ। ਉਸ ਦੌਰ ਦੇ ਕੁਝ ਲੋਕਾਂ ਨੂੰ ਮਿਲੀ, ਉਨ੍ਹਾਂ ਨਾਲ ਗੱਲਬਾਤ ਕੀਤੀ। ਉਸ ਦੌਰ ਵਿੱਚ ਇੱਕ ਕੈਬਨਿਟ ਮੰਤਰੀ ਸੀ ਰਾਜ ਕੁਮਾਰੀ ਨਿਰਮਿਤ ਕੌਰ। ਉਨ੍ਹਾਂ ਦੀ ਭਤੀਜੀ ਜੀਆ ਥਡਾਨੀ ਹੀ ਉਰਦੂ ਅਨੁਵਾਦਕ ਸੀ ਜੋ ਹੁਣ 98 ਸਾਲ ਦੀ ਹੈ। ਮੈਂ ਉਨ੍ਹਾਂ ਨੂੰ ਮਿਲੀ। ਉਨ੍ਹਾਂ ਤੋਂ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ। ਲੰਡਨ ਵਿੱਚ ਗੁਰਿੰਦਰ ਨੇ ਹੀ ਮੇਰੀ ਉਨ੍ਹਾਂ ਨਾਲ ਮੁਲਾਕਾਤ ਕਰਵਾਈ। ਮੈਨੂੰ ਇਹ ਜਾਣਨਾ ਸੀ ਕਿ ਉਸ ਵਕਤ ਇਹ ਮੁਟਿਆਰ ਕਿਵੇਂ ਦੀ ਹੁੰਦੀ ਸੀ, ਉਹ ਕਿਸ ਤਰ੍ਹਾਂ ਗੱਲ ਕਰਦੀ ਹੈ। ਜੀਆ ਥਡਾਨੀ ਗਾਂਧੀ ਜੀ ਦੇ ਵੀ ਕਾਫ਼ੀ ਕਰੀਬ ਰਹੀ ਹੈ।
-ਨਿਰਦੇਸ਼ਕ ਦੇ ਤੌਰ ਉੱਤੇ ਗੁਰਿੰਦਰ ਚੱਢਾ ਕਿਸ ਤਰ੍ਹਾਂ ਦੀ ਤਕਨੀਸ਼ੀਅਨ ਹੈ?
– ਗੁਰਿੰਦਰ ਚੱਢਾ ਨਾਲ ਮਿਲਣ ਤੋਂ ਬਾਅਦ ਮੈਂ ਸਿੱਖਿਆ ਕਿ ਇੱਕ ਪੰਜਾਬਣ ਨੂੰ ਕਿਧਰੇ ਵੀ ਲੈ ਜਾਓ, ਉਹ ਹਮੇਸ਼ਾਂ ਪੰਜਾਬਣ ਹੀ ਰਹੇਗੀ। ਗੁਰਿੰਦਰ ਚੱਢਾ ਦੇ ਮਾਤਾ ਪਿਤਾ ਭਾਰਤੀ ਪੰਜਾਬੀ ਹਨ, ਪਰ ਉਨ੍ਹਾਂ ਦਾ ਜਨਮ ਬ੍ਰਿਟੇਨ ਦੇ ਸਾਉਥ ਹਾਲ ਵਿੱਚ ਹੋਇਆ ਜਿੱਥੇ ਉਨ੍ਹਾਂ ਦੇ ਪਿਤਾ ਕੰਮ ਕਰਦੇ ਸਨ। ਉਹ ਪੂਰੀ ਤਰ੍ਹਾਂ ਤੋਂ ਬ੍ਰਿਟਿਸ਼ ਹੈ, ਪਰ ਨਾਲ ਹੀ ਪੂਰੀ ਭਾਰਤੀ ਵੀ ਹੈ ਅਤੇ ਪੰਜਾਬਣ ਵੀ ਹੈ। ਦਿਲ ਤੋਂ ਤਾਂ ਉਹ ਪੰਜਾਬਣ ਹੀ ਹੈ। ਮੈਂ ਵੀ ਪੰਜਾਬਣ ਹਾਂ। ਮੈਂ ਪੰਜਾਬੀ ਸਮਝ ਲੈਂਦੀ ਹਾਂ, ਪਰ ਬੋਲ ਨਹੀਂ ਸਕਦੀ। ਪਰ ਪਤਾ ਨਹੀਂ ਕਿਉਂ ਗੁਰਿੰਦਰ ਨੂੰ ਲੱਗਦਾ ਸੀ ਕਿ ਮੈਂ ਪੰਜਾਬੀ ਬਹੁਤ ਚੰਗੀ ਬੋਲਦੀ ਹਾਂ। ਉਹ ਹਮੇਸ਼ਾਂ ਮੇਰੇ ਨਾਲ ਪੰਜਾਬੀ ਵਿੱਚ ਹੀ ਗੱਲ ਕਰਦੀ ਹੈ। ਉਨ੍ਹਾਂ ਨੇ ਇਹ ਬਹੁਤ ਚੰਗੀ ਫ਼ਿਲਮ ਬਣਾਈ ਹੈ।
-ਇਸ ਫ਼ਿਲਮ ਵਿੱਚ ਕਈ ਵਿਦੇਸ਼ੀ ਕਲਾਕਾਰਾਂ ਦੇ ਨਾਲ ਤੁਸੀਂ ਕੰਮ ਕੀਤਾ ਹੈ, ਤੁਹਾਡਾ ਅਨੁਭਵ ਕਿਵੇਂ ਦਾ ਰਿਹਾ ?
– ਮੈਨੂੰ ਲੱਗਿਆ ਕਿ ਕਲਾਕਾਰ, ਕਲਾਕਾਰ ਹੁੰਦਾ ਹੈ, ਫ਼ਿਰ ਚਾਹੇ ਉਹ ਭਾਰਤੀ ਹੋਵੇ ਜਾਂ ਵਿਦੇਸ਼ੀ। ਹਾਂ, ਪਰ ਇੰਨਾ ਹੈ ਕਿ ਉਹ ਬਹੁਤ ਹੀ ਅਨੁਸ਼ਾਸਨਬੱਧ ਹੁੰਦੇ ਹਨ। ਮੈਂ ਵੇਖਿਆ ਕਿ ਉਨ੍ਹਾਂ ਦੇ ਅੰਦਰ ਭਾਰਤ ਨੂੰ ਲੈ ਕੇ ਜਾਣਨ ਦੀ ਇੱਛਾ ਹੈ। ਉਨ੍ਹਾਂ ਦੇ ਅੰਦਰ ਭਾਰਤ ਨੂੰ ਲੈ ਕੇ ਬਹੁਤ ਬੇਸਬਰੀ ਹੈ।
– ਐਕਟਰ ਹਿਊਗ ਬੋਨਵਿਲੇ ਨਾਲ ਤੁਹਾਡੀ ਕਿਸ ਤਰ੍ਹਾਂ ਦੀ ਗੱਲਬਾਤ ਹੋਈ ?
– ਉਨ੍ਹਾਂ ਨਾਲ ਕੰਮ ਕਰਨਾ ਇੱਕ ਸੁਪਨਾ ਪੂਰਾ ਹੋਣ ਵਰਗਾ ਰਿਹਾ। ਅਸੀਂ ਲੋਕ ਅਕਸਰ ਰਾਜਨੀਤੀ ਉੱਤੇ ਗੱਲਾਂ ਹੀ ਕਰਦੇ ਸਨ। ਉਨ੍ਹਾਂ ਦੇ ਅੰਦਰ ਭਾਰਤ ਵਿੱਚ ਜੋ ਕੁਝ ਰਾਜਨੀਤਕ ਪੱਧਰ ਉੱਤੇ ਹੋ ਰਿਹਾ ਹੈ, ਉਸਨੂੰ ਜਾਣਨ ਦੀ ਬੇਸਬਰੀ ਸੀ।
-ਲਾਰਡ ਮਾਊਂਟਬੈਟਨ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਗਿਲਿਅਨ ਐਂਡਰਸਨ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ ?
– ਬਹੁਤ ਚੰਗਾ। ਮੈਂ ਪਹਿਲੀ ਮੁਲਾਕਾਤ ਵਿੱਚ ਹੀ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੇ ਵਾਲ ਅਸਲ ਵਿੱਚ ਲਾਲ ਰੰਗ ਦੇ ਹਨ ਜਾਂ ਤੁਸੀਂ ਡਾਈ ਕੀਤੇ ਹਨ। ਉਨ੍ਹਾਂ ਨੇ ਜਵਾਬ ਦਿੱਤਾ ਕਿ ਨਹੀਂ।
– ਇਸ ਫ਼ਿਲਮ ਵਿੱਚ ਅਭਿਨੈ ਕਰਨ ਤੋਂ ਬਾਅਦ ਤੁਹਾਡੇ ਵਿੱਚਾਰਾਂ ਵਿੱਚ ਕੋਈ ਤਬਦੀਲੀ ਆਈ?
– ਇਹ ਘਟਨਾ ਸੱਤਰ ਸਾਲ ਪਹਿਲਾਂ ਘਟੀ ਸੀ, ਪਰ ਇਤਿਹਾਸ ਦੇ ਇਸ ਦੁਖਦ ਅਧਿਆਏ ਤੋਂ ਅਸੀਂ ਕੋਈ ਸਬਕ ਨਹੀਂ ਸਿੱਖਿਆ। ਕੁਝ ਸਾਲਾਂ ਦੇ ਅੰਤਰਾਲ ਵਿੱਚ ਅਸੀਂ ਉਹ ਹੀ ਗ਼ਲਤੀਆਂ ਵਾਰ ਵਾਰ ਦੁਹਰਾਉਂਦੇ ਰਹਿੰਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਵਾਰ ਵਾਰ ਸਾਰਿਆਂ ਨੂੰ ਦੱਸਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਨੂੰ ਅਹਿਸਾਸ ਹੋਵੇ ਕਿ ਲੋਕਾਂ ਨੂੰ ਵੰਡਣ ਜਾਂ ਕਿਸੇ ਸਮੁਦਾਏ ਵਿਸ਼ੇਸ਼ ਨੂੰ ਅਪਰਾਧੀ ਕਰਾਰ ਦੇਣ ਨਾਲ ਕੁਝ ਹਾਸਲ ਨਹੀਂ ਹੁੰਦਾ। ਇਸ ਨਾਲ ਸਿਰਫ਼ ਹਿੰਸਾ ਹੁੰਦੀ ਹੈ, ਖ਼ੂਨ ਦੀਆਂ ਨਦੀਆਂ ਹੀ ਵਗਦੀਆਂ ਹਨ।
-ਕੀ ਸਿਨਮਾ ਵਿੱਚ ਤਬਦੀਲੀ ਦੀ ਤਾਕਤ ਹੈ ?
– ਮੈਂ ਅਜਿਹਾ ਦਾਅਵਾ ਨਹੀਂ ਕਰਦੀ। ਮੈਂ ਨਹੀਂ ਮੰਨਦੀ ਕਿ ਇੱਕ ਫ਼ਿਲਮ ਤੋਂ ਦੇਸ਼ ਜਾਂ ਸਮਾਜ ਬਦਲ ਜਾਵੇਗਾ, ਪਰ ਮੇਰਾ ਮੰਨਣਾ ਹੈ ਕਿ ਹਰ ਫ਼ਿਲਮ ਵਿੱਚ ਮਨੋਰੰਜਨ ਦੇ ਨਾਲ ਕੁਝ ਸੰਦੇਸ਼ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ।
-ਰਜਨੀਕਾਂਤ ਨਾਲ ਫ਼ਿਲਮ ‘ਕਾਲਾ ਕਾਰੀਕਲਨ’ ਵਿੱਚ ਤੁਹਾਡਾ ਕੀ ਕਿਰਦਾਰ ਹੈ ?
– ਇਸ ਤਾਮਿਲ ਫ਼ਿਲਮ ਦਾ ਨਿਰਮਾਣ ਰਜਨੀਕਾਂਤ ਦੀ ਧੀ ਐਸ਼ਵਰਿਆ ਕਰ ਰਹੀ ਹੈ। ਇਸ ਵਿੱਚ ਮੇਰਾ ਜਰੀਨਾ ਦਾ ਇੱਕ ਅਹਿਮ ਕਿਰਦਾਰ ਹੈ। ਬਾਕੀ ਮੈਂ ਅਜੇ ਵਿਸਥਾਰ ਨਾਲ ਕੁਝ ਨਹੀਂ ਦੱਸ ਸਕਦੀ। ਮੇਰੇ ਕਰੀਅਰ ਦੀ ਇਹ ਪਹਿਲੀ ਤਾਮਿਲ ਫ਼ਿਲਮ ਹੈ।