ਚੋਣਾਂ ਖ਼ਤਮ ਹੁੰਦਿਆਂ ਹੀ ਬੰਗਲਾਦੇਸ਼ ‘ਚ ਮੁੜ ਸ਼ੁਰੂ ਹੋਈ ਹਿੰਸਾ ! ਲੋਕਾਂ ਨੇ ਮੰਦਰ ‘ਚ ਕੀਤੀ ਭੰਨ-ਤੋੜ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ’ਚ ਚੋਣਾਂ ਖ਼ਤਮ ਹੁੰਦਿਆਂ ਹੀ ਹਿੰਦੂਆਂ ਅਤੇ ਉਨ੍ਹਾਂ ਦੇ ਮੰਦਰਾਂ ’ਚ ਮੁੜ ਤੋੜ-ਭੰਨ ਸ਼ੁਰੂ ਹੋ ਗਈ ਹੈ। ਤਾਜ਼ਾ ਘਟਨਾ ਖੋਕਸ਼ਾਬਾੜੀ, ਸਬੁਲੀਪਾੜਾ ਦੀ ਹੈ, ਜਿਥੇ ਸ਼ਰਾਰਤੀ ਅਨਸਰਾਂ ਨੇ ਕਾਲੀ ਮਾਤਾ ਮੰਦਰ ’ਚ ਰੱਖੀ ਮੂਰਤੀ ਨੂੰ ਤਹਿਸ-ਨਹਿਸ ਕਰ ਦਿੱਤਾ।
ਕਾਲੀ ਮਾਤਾ ਮੰਦਰ ’ਚ ਤੋੜ-ਭੰਨ ਦੀ ਇਹ ਘਟਨਾ ਨੀਲਫਾਮਾਰੀ ਜ਼ਿਲੇ ’ਚ ਵਾਪਰੀ ਹੈ, ਜਿਥੇ ਜਮਾਤ-ਏ-ਇਸਲਾਮੀ ਨੇ ਸਾਰੀਆਂ ਸੀਟਾਂ ਜਿੱਤੀਆਂ ਹਨ। ਇਸ ਵਿਚ ਨੀਲਫਾਮਾਰੀ-3 ਸੀਟ ਵੀ ਸ਼ਾਮਲ ਹੈ, ਜਿਥੋਂ ਓਬੈਦੁੱਲਾ ਸਲਾਫੀ ਨੇ ਜਿੱਤ ਹਾਸਲ ਕੀਤੀ ਹੈ। ਇਸ ਘਟਨਾ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ, ਖਾਸ ਕਰ ਕੇ ਹਿੰਦੂਆਂ ’ਚ ਅਸੁਰੱਖਿਆ ਦੀ ਭਾਵਨਾ ਵਧ ਗਈ ਹੈ।
ਨੀਲਫਾਮਾਰੀ ਵਰਗੇ ਉੱਤਰੀ ਜ਼ਿਲਿਆਂ ’ਚ ਜਮਾਤ-ਏ-ਇਸਲਾਮੀ ਦਾ ਦਬਦਬਾ ਜ਼ਿਆਦਾ ਹੈ, ਜਿਸ ਕਾਰਨ ਇਥੇ ਹਿੰਦੂਆਂ ’ਤੇ ਹਮਲੇ ਮੁੜ ਸ਼ੁਰੂ ਹੋ ਗਏ ਹਨ। ਹਮਲਾਵਰਾਂ ਨੇ ਖੋਕਸ਼ਾਬਾੜੀ ਪਿੰਡ ਦੇ ਸਬੁਲੀਪਾੜਾ ਇਲਾਕੇ ਵਿਚ ਸਥਿਤ ਪ੍ਰਾਚੀਨ ਕਾਲੀ ਮੰਦਰ ’ਚ ਤੋੜ-ਭੰਨ ਕੀਤੀ। ਸਥਾਨਕ ਲੋਕਾਂ ਅਨੁਸਾਰ ਚੋਣ ਨਤੀਜੇ ਆਉਣ ਤੋਂ ਬਾਅਦ ਕੁਝ ਗੈਰ ਸਮਾਜਿਕ ਅਨਸਰਾਂ ਨੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਮੰਦਰ ਕੰਪਲੈਕਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ ਮੰਦਰ ਦੀਆਂ ਦੀਵਾਰਾਂ ਟੁੱਟੀਆਂ ਹੋਈਆਂ ਹਨ। ਮੰਦਰ ਦੇ ਗਰਭਗ੍ਰਹਿ ’ਚ ਸਾਰਾ ਸਾਮਾਨ ਖਿੱਲਰਿਆ ਪਿਆ ਹੈ।