ਭੁਵਨੇਸ਼ਵਰ : ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੇ ਜਾਖਪੁਰਾ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਨੂੰ ਚੇਨਈ ਸੈਂਟਰਲ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਸ ਘਟਨਾ ਨਾਲ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਸਵੇਰੇ 8:51 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ, ਜਿਸ ਵਿਚ ਕਿਸੇ ਦੇ ਵੀ ਜ਼ਖਮੀ ਜਾਂ ਮੌਤ ਹੋ ਜਾਣ ਦੀ ਕੋਈ ਰਿਪੋਰਟ ਨਹੀਂ ਹੈ।
ਇੱਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਚੇਨਈ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਜਾ ਰਹੀ ਇੱਕ ਰੇਲਗੱਡੀ ਦੇ ਇੱਕ ਏਅਰ-ਕੰਡੀਸ਼ਨਡ (ਏਸੀ) ਅਤੇ ਦੋ ਜਨਰਲ ਕਲਾਸ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਅਤੇ ਰੇਲਵੇ ਲਾਈਨ ਨੂੰ ਬਹਾਲ ਕਰਨ ਲਈ ਭਦਰਕ ਤੋਂ ਤੁਰੰਤ ਇੱਕ ਰਾਹਤ ਅਤੇ ਬਚਾਅ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਪ੍ਰਭਾਵਿਤ ਯਾਤਰੀਆਂ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੇਲਗੱਡੀਆਂ ਦੇ ਡੱਬਿਆਂ ਦੇ ਪਟੜੀ ਤੋਂ ਉਤਰਨ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।















