ਚੁਣੌਤੀਆਂ ਨੂੰ ਸਿੱਧਾ ਟਕਰਨ ਵਾਲਾ ਸਾਕਿਬ

ਦਿੱਲੀ ਵਿੱਚ ਸਲੀਮ ਹੋਟਲ ਚੇਨ ਦੇ ਮਾਲਕ ਮੁਹੰਮਦ ਸਲੀਮ ਕੁਰੈਸ਼ੀ ਦੇ ਬੇਟੇ ਅਤੇ ਅਭਿਨੇਤਰੀ ਹੁਮਾ ਕੁਰੈਸ਼ੀ ਦੇ ਭਰਾ ਸਾਕਿਬ ਸਲੀਮ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਸਫ਼ਲ ਰੁਮਾਂਟਿਕ ਕਾਮੇਡੀ ਫ਼ਿਲਮ ‘ਮੁਝਸੇ ਫ਼ਰੈਂਡਸ਼ਿਪ ਕਰੋਗੇ’ ਤੋਂ ਕੀਤੀ ਸੀ। ਉਸਤੋਂ ਬਾਅਦ ਉਹ ਸਫ਼ਲ ਫ਼ਿਲਮ ‘ਮੇਰੇ ਡੈਡ ਕੀ ਮਾਰੂਤੀ’ ਵਿੱਚ ਨਜ਼ਰ ਆਇਆ। ਇਸਤੋਂ ਬਾਅਦ ‘ਬੰਬੇ ਟਾਕੀਜ਼’ ਦੀ ਅਸਫ਼ਲਤਾ ਨਾਲ ਉਸ ਦਾ ਕਰੀਅਰ ਡਗਮਗਾ ਗਿਆ। ਉਸਤੋਂ ਬਾਅਦ ਆਈ ਫ਼ਿਲਮ ‘ਹਵਾ ਹਵਾਈ’ ਉਸ ਦੇ ਕਰੀਅਰ ਨੂੰ ਚਮਕਾ ਨਹੀਂ ਸਕੀ। ਫ਼ਿਰ ਪੂਰੇ ਦੋ ਸਾਲ ਬਾਅਦ ਉਹ ‘ਢਿਸ਼ੁਮ’ ਅਤੇ ‘ਦੋਬਾਰਾ’ ਵਿੱਚ ਨਜ਼ਰ ਆਇਆ। ਹੁਣ ਉਹ ਆਲੀਆ ਸੇਨ ਸ਼ਰਮਾ ਨਿਰਦੇਸ਼ਿਤ ਰੁਮਾਂਟਿਕ ਫ਼ਿਲਮ ‘ਦਿਲ ਜੰਗਲੀ’ ਨੂੰ ਲੈ ਕੇ ਚਰਚਾ ਵਿੱਚ ਹੈ ਜਿਸ ਵਿੱਚ ਉਸ ਦੀ ਜੋੜੀ ਤਾਪਸੀ ਪੰਨੂ ਨਾਲ ਹੈ। ਇਸ ਫ਼ਿਲਮ ਦਾ ਨਿਰਮਾਣ ਵਿਸ਼ਨੂੰ ਭਗਨਾਨੀ ਅਤੇ ਦੀਪਸ਼ਿਖਾ ਭਗਨਾਨੀ ਨੇ ਕੀਤਾ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
– ਤੁਹਾਡਾ ਫ਼ਿਲਮੀ ਕਰੀਅਰ 2011 ਤੋਂ 2018 ਤਕ ਪਹੁੰਚ ਗਿਆ। ਇਸ ਨੂੰ ਕਿਵੇਂ ਦੇਖਦੇ ਹੋ?
– ਕਰੀਅਰ ਵਿੱਚ ਮੈਂ ਬਹੁਤ ਕੁਝ ਸਿੱਖਿਆ ਹੈ। ਮੈਂ ਕੁਝ ਚੰਗੇ ਤਾਂ ਕੁਝ ਮਾੜੇ ਕੰਮ ਵੀ ਕੀਤੇ ਹਨ। ਕਈ ਘੱਟ ਚੰਗੀਆਂ ਫ਼ਿਲਮਾਂ ਕੀਤੀਆਂ, ਪਰ ਸਿੱਖਿਆ ਬਹੁਤ ਕੁਝ ਹੈ। ਮੇਰੀ ਰਾਇ ਵਿੱਚ ਜ਼ਿੰਦਗੀ ਵਿੱਚ ਸਿੱਖਣਾ ਬਹੁਤ ਅਹਿਮੀਅਤ ਰੱਖਦਾ ਹੈ। ਅਸੀਂ ਇੱਕ ਸਪਾਟ ਬੌਇ ਤੋਂ ਵੀ ਸਿੱਖ ਸਕਦੇ ਹਾਂ. ਸਿਰਫ਼ ਕਿਸੇ ਵੱਡੇ ਕਲਾਕਾਰ ਜਾਂ ਨਿਰਦੇਸ਼ਕ ਤੋਂ ਹੀ ਅਸੀਂ ਸਿੱਖੀਏ, ਇਹ ਜ਼ਰੂਰੀ ਨਹੀਂ ਹੈ। ਮੈਂ ਬਹੁਤ ਗ਼ਲਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਅਤੇ ਸਿੱਖਦਾ ਰਹਾਂਗਾ। ਹੁਣ ਮੇਰੀ ਸਮਝ ਵਿੱਚ ਆਇਆ ਕਿ ਸਾਨੂੰ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਹੁਣ ਮੈਨੂੰ ਸਮਝ ਆਇਆ ਕਿ ਬੌਲੀਵੁੱਡ ਵਿੱਚ ਤੁਹਾਡਾ ਹਰਮਨ ਪਿਆਰਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਡੀ ਕਾਬਲੀਅਤ ਨਹੀਂ ਦੇਖੀ ਜਾਵੇਗੀ।
– ਫ਼ਿਰ ਤੁਸੀਂ ਹੁਣ ਹਰਮਨ ਪਿਆਰੇ ਹੋਣ ਲਈ ਕੀ ਕਰ ਰਹੇ ਹੋ?
– ਕੁਝ ਨਹੀਂ ਕਰ ਰਿਹਾ। ਮੈਂ ਝੂਠ ਬੋਲਣ ਵਿੱਚ ਭਰੋਸਾ ਨਹੀਂ ਕਰਦਾ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਦਿਖਾਵਾ ਨਹੀਂ ਕਰਦਾ। ਸੱਚ ਕਹਾਂ ਤਾਂ ਬੌਲੀਵੁੱਡ ਦੀ ਜੋ ਪ੍ਰਕਿਰਿਆ ਹੈ, ਉਸਦੇ ਨਾਲ ਮੈਂ ਠੀਕ ਤਰ੍ਹਾਂ ਤਾਲਮੇਲ ਨਹੀਂ ਬਿਠਾ ਸਕਿਆ। ਫ਼ਿਰ ਵੀ ਮੈਨੂੰ ਆਸਾਨ ਨਹੀਂ, ਔਖਾ ਕੰਮ ਹੀ ਕਰਨਾ ਹੈ ਕਿਉਂਕਿ ਮੈਨੂੰ ਔਖੇ ਕਾਰਜ ਕਰਨ ਵਿੱਚ ਆਨੰਦ ਆਉਂਦਾ ਹੈ। ਅਜਿਹੇ ਕੰਮ ਵਿੱਚ ਖ਼ੁਦ ਨੂੰ ਦਿਖਾਉਣ ਦਾ ਮੌਕਾ ਮਿਲਦਾ ਹੈ।
– ਫ਼ਿਲਮ ‘ਦਿਲ ਜੰਗਲੀ’ ਵਿੱਚ ਤੁਹਾਡਾ ਕੀ ਕਿਰਦਾਰ ਹੈ ?
– ਇਹ ਦਿੱਲੀ ਦੇ ਲਾਜਪਤ ਨਗਰ ਦਾ ਰਹਿਣ ਵਾਲਾ ਨੌਜਵਾਨ ਸੁਮਿਤ ਉੱਪਲ ਹੈ ਜਿਸਦਾ ਪਾਲਣ ਪੋਸ਼ਣ ਉਸਦੀ ਮਾਂ ਨੇ ਹੀ ਕੀਤਾ ਹੈ। ਤੁਸੀਂ ਉਸਨੂੰ ਚਰਿਤਰਹੀਣ ਕਹਿ ਸਕਦੇ ਹੋ। ਸੁਮਿਤ ਉੱਪਲ ਆਤਮ ਕੇਂਦਰਿਤ ਮੁੰਡਾ ਹੈ। ਉਹ ਸਿਰਫ਼ ਆਪਣੇ ਬਾਰੇ ਵਿੱਚ ਹੀ ਸੋਚਦਾ ਹੈ। ਉਹ ਜਿਮ ਟਰੇਨਰ ਹੈ ਜੇ ਬੇਹੱਦ ਅਕਾਂਖਿਆ ਭਰਪੂਰ ਹੈ। ਉਹ ਫ਼ਿਲਮਾਂ ਵਿੱਚ ਸੁਪਰ ਸਟਾਰ ਬਣਨਾ ਚਾਹੁੰਦਾ ਹੈ। ਉਸਨੂੰ ਸ਼ਾਹਰੁਖ਼ ਖ਼ਾਨ, ਅਕਸ਼ੈ ਕੁਮਾਰ, ਆਮਿਰ ਖ਼ਾਨ, ਸਲਮਾਨ ਖ਼ਾਨ ਇਨ੍ਹਾਂ ਸਾਰਿਆਂ ਦਾ ਮਿਸ਼ਰਣ ਬਣਨਾ ਹੈ। ਉਸ ਦੀ ਕਮਜ਼ੋਰੀ ਇਹ ਹੈ ਕਿ ਉਸਨੂੰ ਅੰਗਰੇਜ਼ੀ ਨਹੀਂ ਆਉਂਦੀ। ਉਹ ਕਦੇ ਸਕੂਲ ਨਹੀਂ ਗਿਆ। ਅੰਗਰੇਜ਼ੀ ਸਿੱਖਣ ਲਈ ਕਰੋਲੀ ਸੇਨ ਦੀ ਅੰਗਰੇਜ਼ੀ ਕਲਾਸ ਨਾਲ ਜੁੜਤਾ ਹੈ ਅਤੇ ਫ਼ਿਰ ਕਰੋਲੀ ਨਾਲ ਉਸਦੀ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ। ਇਹ ਕਿਰਦਾਰ ਨਿਭਾਉਂਦੇ ਹੋਏ ਮੈਨੂੰ ਬਹੁਤ ਆਨੰਦ ਆਇਆ।
– ਫ਼ਿਲਮ ‘ਦਿਲ ਜੰਗਲੀ’ ਵਿੱਚ ਪਿਆਰ ਦੇ ਬਦਲਦੇ ਸਰੂਪ ਅਤੇ ਵਿਕਾਸ ਦੀ ਗੱਲ ਕੀਤੀ ਗਈ ਹੈ ?
-ਪਿਆਰ ਦੀ ਪਰਿਭਾਸ਼ਾ ਹਮੇਸ਼ਾਂ ਵਿਕਸਿਤ ਹੁੰਦੀ ਰਹਿੰਦੀ ਹੈ। ਫ਼ਿਲਮ ਦੀ ਕਹਾਣੀ 18 ਸਾਲ ਦੀ ਉਮਰ ਵਿੱਚ ਜਦੋਂ ਅਸੀਂ ਭੋਲੇ ਭਾਲੇ ਅਤੇ ਕੱਚ ਘਰੜ ਹੁੰਦੇ ਹਾਂ, ਉਸ ਉਮਰ ਦੇ ਪਿਆਰ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਜਿਵੇਂ ਅਸੀਂ ਨਿਪੁੰਨ ਹੁੰਦੇ ਜਾਂਦੇ ਹਾਂ, ਉਵੇਂ ਹੀ ਪਿਆਰ ਦਾ ਸਵਰੂਪ ਬਦਲਦਾ ਜਾਂਦਾ ਹੈ। ਵਿਕਾਸ ਹੁੰਦਾ ਜਾਂਦਾ ਹੈ। ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਦੋਸਤ ਸਾਡੇ ਪਿਆਰ ਅਤੇ ਚਾਹਤ ਨੂੰ ਪ੍ਰਭਾਵਿਤ ਕਰਦੇ ਹਨ।
– ਇਸ ਕਿਰਦਾਰ ਨੂੰ ਨਿਭਾਉਂਦੇ ਹੋਏ ਤੁਸੀਂ ਆਪਣੀ ਅਸਲ ਜ਼ਿੰਦਗੀ ਦੀਆਂ ਕਿਹੜੀ ਗੱਲਾਂ ਇਸ ਵਿੱਚ ਪਾਈਆਂ ?
– ਮੇਰੇ ਉਨੱਤੀ ਸਾਲ ਦੇ ਅਨੁਭਵਾਂ ਦਾ ਜੋ ਵੀ ਨਿਚੋੜ ਰਿਹਾ ਹੈ, ਉਹ ਸਭ ਇਸ ਵਿੱਚ ਪਾ ਦਿੱਤਾ ਹੈ। ਮੈਂ ਕੋਈ ਵੀ ਫ਼ਿਲਮ ਅਸਫ਼ਲ ਹੋਣ ਲਈ ਨਹੀਂ ਕਰਦਾ। ਮੇਰੀ ਸੋਚ ਰਹਿੰਦੀ ਹੈ ਕਿ ਮੇਰੀ ਫ਼ਿਲਮ ਸੁਪਰਹਿੱਟ ਹੋਵੇ। ਮੈਂ ਆਪਣੀ ਪੂਰੀ ਜਾਨ ਲਗਾ ਦਿੰਦਾ ਹਾਂ। ਉਹੀ ਇਸ ਫ਼ਿਲਮ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਦਿੱਲੀ ਵਿੱਚ ਜੋ ਜ਼ਿੰਦਗੀ ਬਿਤਾਈ ਹੈ, ਉਹ ਸਭ ਇਸ ਵਿੱਚ ਪਾਈ ਹੈ। ਮੈਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ ਹਨ।
– ਪਿਆਰ ਨੂੰ ਲੈ ਕੇ ਤੁਹਾਡੀ ਅਤੇ ਸੁਮਿਤ ਦੀ ਸੋਚ ਕਿੱਥੇ ਮੇਲ ਖਾਂਦੀ ਹੈ ?
– ਕਿਤੇ ਕਿਤੇ ਮੇਲ ਖਾਂਦੀ ਹੈ, ਕਿਤੇ ਨਹੀਂ ਵੀ। ਕਲਾਕਾਰ ਦੇ ਤੌਰ ਉੱਤੇ ਹਰ ਕਿਰਦਾਰ ਵਿੱਚ ਕੁਝ ਪ੍ਰਤੀਸ਼ਤ ਸਾਕਿਬ ਹੁੰਦਾ ਹੀ ਹੈ। ਉਸਤੋਂ ਬਾਅਦ ਉਸਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਸੁਮਿਤ ਉੱਪਲ ਵਿੱਚ ਪੰਜਾਹ ਪ੍ਰਤੀਸ਼ਤ ਸਾਕਿਬ ਹੈ।
– ਤਾਪਸੀ ਪੰਨੂ ਨਾਲ ਤੁਹਾਡੇ ਰੁਮਾਂਸ ਦੀ ਵੀ ਕਾਫ਼ੀ ਚਰਚਾ ਰਹਿੰਦੀ ਹੈ ?
– ਸੱਚ ਕਹਾਂ ਤਾਂ ਇਹ ਚਰਚਾ ਮੀਡੀਆ ਕਰਦਾ ਰਹਿੰਦਾ ਹੈ, ਨਹੀਂ ਤਾਂ ਅਸੀਂ ਦੋਨੋਂ ਦਿੱਲੀ ਤੋਂ ਹਾਂ ਅਤੇ ਚੰਗੇ ਦੋਸਤ ਹਾਂ। ਆਪਣੇ ਆਪ ਅਸੀਂ ਦੋਨੋਂ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ। ਮੈਨੂੰ ਉਸ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ, ਪਰ ਮੇਰੀ ਰੁਮਾਂਟਿਕ ਫ਼ਿਲਮ ‘ਦਿਲ ਜੰਗਲੀ’ ਦੇ ਪ੍ਰਦਰਸ਼ਿਤ ਹੋਣ ਤਕ ਲੋਕ ਸਾਡੇ ਰੁਮਾਂਸ ਦੀ ਚਰਚਾ ਕਰਦੇ ਰਹਿਣ ਜਿਸ ਨਾਲ ਸਾਡੀ ਫ਼ਿਲਮ ਹਿੱਟ ਹੋ ਜਾਵੇ, ਮੈਂ ਤਾਂ ਇਹੀ ਚਾਹਾਂਗਾ।
– ਤੁਸੀਂ ਅੱਗੇ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹੋ ?
– ਨਾਕਾਰਾਤਮਕ ਅਤੇ ਵਿਲੇਨ ਦੇ, ਜਿਸ ਵਿੱਚ ਕਿਰਦਾਰ ਦੇ ਕੁਝ ਵੱਖ ਤਰ੍ਹਾਂ ਦੇ ਅੰਦਾਜ਼ ਹੋਣ।
– ਇਸਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
– ਸਲਮਾਨ ਖ਼ਾਨ ਨਾਲ ‘ਰੇਸ 3’ ਹੈ। ਇਸਤੋਂ ਇਲਾਵਾ ਇੱਕ ਫ਼ਿਲਮ ‘ਚੁੰਬਕ’ ਹੈ ਜਿਸਦੀ ਸ਼ੂਟਿੰਗ ਮਈ ਮਹੀਨੇ ਵਿੱਚ ਸ਼ੁਰੂ ਹੋਵੇਗੀ।