ਚੀਨ ‘ਚ ਭਾਰੀ ਵਰਖਾ ਕਾਰਨ 9 ਲੋਕਾਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 173

06ਬੀਜਿੰਗ :  ਚੀਨ ‘ਚ ਤਾਜ਼ੇ ਦੌਰ ਦੀ ਭਾਰੀ ਵਰਖਾ ‘ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਲਾਪਤਾ ਹੋ ਗਈ। ਇਸ ਦੇ ਨਾਲ ਚੀਨ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ ਹਫਤੇ ਤੋਂ ਹੜ੍ਹ ਅਤੇ ਵਰਖਾ ਨਾਲ ਮਰਨ ਵਾਲਿਆਂ ਦੀ ਗਿਣਤੀ 173 ਹੋ ਗਈ ਹੈ ਜਦੋਂ ਕਿ ਲਾਪਤਾ ਵਿਅਕਤੀਆਂ ਦੀ ਗਿਣਤੀ 126 ਤੱਕ ਪਹੁੰਚ ਗਈ ਹੈ। ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਅੱਜ ਇਕ ਬਿਆਨ ‘ਚ ਦੱਸਿਆ ਕਿ ਇਸ ਹਫਤੇ ਦੱਖਣੀ ਚੀਨ ‘ਚ ਭਾਰੀ ਵਰਖਾ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਲਾਪਤਾ ਹੋ ਗਈ। ਭਾਰੀ ਵਰਖਾ, ਹਨੇਰੀ ਅਤੇ ਗੜ੍ਹੇਮਾਰੀ ਨੇ 8 ਸੂਬਾ ਪੱਧਰੀ ਖੇਤਰਾਂ ਦੇ 68 ਕਾਊਂਟੀਆਂ ‘ਤੇ ਬਹੁਤ ਬੁਰਾ ਅਸਰ ਪਾਇਆ ਹੈ। ਮੰਤਰਾਲੇ ਨੇ ਦੱਸਿਆ ਕਿ 7500 ਤੋਂ ਜ਼ਿਆਦਾ ਲੋਕ ਪਲਾਇਨ ਕਰ ਚੁੱਕੇ ਹਨ ਜਦੋਂ ਕਿ 6000 ਲੋਕਾਂ ਨੂੰ ਮਦਦ ਦੀ ਉਡੀਕ ਹੈ। ਸ਼ਿਨਹੂਆ ਮੁਤਾਬਕ ਇਨ੍ਹਾਂ ਸੰਕਟਾਂ ਨੇ 500 ਮਕਾਨਾਂ ਨੂੰ ਤਬਾਹ ਕਰ ਦਿੱਤਾ, 1800 ਏਕੜ ਖੇਤਰ ਦੀ ਫਸਲ ਬਰਬਾਦ ਕਰ ਦਿੱਤੀ। ਤਕਰੀਬਨ 4.2 ਕਰੋੜ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ। ਉੱਤਰ ਪੱਛਮੀ ਚੀਨ ਦੇ ਸ਼ਿਨਜਿਆਂਗ ਉਗਯੂਰ ਪ੍ਰਭੂਸੱਤਾ ਵਾਲੇ ਸੂਬੇ ‘ਚ ਭਾਰੀ ਵਰਖਾ, ਹਨੇਰੀ ਅਤੇ ਗੜ੍ਹੇਮਾਰੀ ਨੇ ਪਿਛਲੇ ਦੋ ਦਿਨਾਂ ‘ਚ 1.8 ਕਰੋੜ ਯੂਆਨ ਦਾ ਸਿੱਧਾ ਆਰਥਿਕ ਨੁਕਸਾਨ ਪਹੁੰਚਾਇਆ ਹੈ। ਨਾਗਰਿਕ ਮਾਮਲਿਆਂ ਦੇ ਮੰਤਰਾਲੇ ਅਤੇ ਵਿੱਤ ਮੰਤਰਾਲੇ ਨੇ ਹੜ੍ਹ ਪ੍ਰਭਾਵਿਤ ਹੇਨਾਨ ਅਤੇ ਸ਼ਾਂਕਸੀ ਸੂਬਿਆਂ ‘ਚ ਲੋਕਾਂ ਦੀ ਮਦਦ ਲਈ 15 ਕਰੋੜ ਯੂਆਨ ਇਕੱਠੇ ਕੀਤੇ ਹਨ ਜਿਸ ਨਾਲ ਨੁਕਸਾਨੇ ਮਕਾਨਾਂ ਦੀ ਮੁੜ ਉਸਾਰੀ ਆਦਿ ਕਰਵਾਈ ਜਾਵੇਗੀ। ਪਿਛਲੇ ਹਫਤੇ ਭਾਰੀ ਵਰਖਾ ਨੇ ਚੀਨ ‘ਚ ਕਹਿਰ ਵਰ੍ਹਾਇਆ ਸੀ, 164 ਲੋਕਾਂ ਦੀ ਜਾਨ ਚਲੀ ਗਈ ਸੀ ਜਦੋਂ ਕਿ 125 ਹੋਰ ਲਾਪਤਾ ਹੋ ਗਏ ਸਨ। ਇਸ ਸਬੰਧ ‘ਚ ਸੋਮਵਾਰ ਨੂੰ ਅਧਿਕਾਰਤ ਤੌਰ ‘ਤੇ ਅੰਕੜਾ ਜਾਰੀ ਕਰ ਦਿੱਤਾ ਗਿਆ ਸੀ।