ਚਰਨਜੀਤ ਸਿੰਘ ਚੰਨੀ ਨੇ ਅੱਜ ਸੱਦੀ ਯੂਥ ਕਾਂਗਰਸ ਦੀ ਮੀਟਿੰਗ

ਚੰਡੀਗੜ੍ਹ/ਜਲੰਧਰ – ਪੰਜਾਬ ਕਾਂਗਰਸ ‘ਚ ਚੱਲ ਰਹੀਆਂ ਸੰਗਠਨਕ ਚਰਚਾਵਾਂ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਜਲੰਧਰ ‘ਚ ਯੂਥ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ। ਇਸ ਨੂੰ ਸਿਆਸੀ ਤੌਰ ‘ਤੇ ਅਹਿਮ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ‘ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਯੂਥ ਕਾਂਗਰਸ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਸਿਆਸੀ ਹਲਕਿਆਂ ‘ਚ ਇਸ ਮੀਟਿੰਗ ਨੂੰ ਸਿਰਫ਼ ਸੰਗਠਨਕ ਗਤੀਵਿਧੀ ਨਹੀਂ ਸਗੋਂ ਹਾਈਕਮਾਂਡ ਨੂੰ ਜ਼ਮੀਨੀ ਸਮਰਥਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਵੀ ਵੇਖਿਆ ਜਾ ਰਿਹਾ ਹੈ।
ਖ਼ਾਸ ਕਰਕੇ ਉਸ ਵੇਲੇ ਜਦੋਂ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਦਾਅਵਾ ਕੀਤਾ ਸੀ ਕਿ 23 ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਖੜ੍ਹੇ ਹਨ। ਜੇ ਚੰਨੀ ਦੀ ਮੀਟਿੰਗ ‘ਚ ਵੱਡੀ ਗਿਣਤੀ ‘ਚ ਯੂਥ ਕਾਂਗਰਸੀ ਆਗੂ ਅਤੇ ਕਾਰਕੁਨ ਸ਼ਾਮਲ ਹੁੰਦੇ ਹਨ ਤਾਂ ਇਹ ਹਾਈਕਮਾਂਡ ਅੱਗੇ ਉਨ੍ਹਾਂ ਦੀ ਸੰਗਠਨਕ ਪਕੜ ਦਾ ਸੰਕੇਤ ਮੰਨਿਆ ਜਾ ਸਕਦਾ ਹੈ। ਹਾਲਾਂਕਿ ਚੰਨੀ ਜਾਂ ਕਾਂਗਰਸ ਵੱਲੋਂ ਇਸ ਮੀਟਿੰਗ ਨੂੰ ਲੈ ਕੇ ਕੋਈ ਅਧਿਕਾਰਤ ਸਿਆਸੀ ਮਕਸਦ ਨਹੀਂ ਦੱਸਿਆ ਗਿਆ ਹੈ।