ਘੂਮਰ ਨਾਲ ਹੋਵੇਗਾ ਮੈਲਬਰਨ ਦੇ ਭਾਰਤੀ ਫ਼ਿਲਮ ਫ਼ੈਸਟੀਵਲ ਦਾ ਆਗ਼ਾਜ਼

ਇਸ ਵਾਰ ਮੈਲਬਰਨ ‘ਚ ਹੋਣ ਵਾਲੇ ਭਾਰਤੀ ਫ਼ਿਲਮ ਫ਼ੈਸਟੀਵਲ 2023 ਦਾ ਆਗ਼ਾਜ਼ ਆਰ. ਬਾਲਕੀ ਵਲੋਂ ਨਿਰਦੇਸ਼ਿਤ ਅਭਿਸ਼ੇਕ ਬੱਚਨ ਅਤੇ ਸਿਯਾਮੀ ਖੇਰ ਦੀ ਫ਼ਿਲਮ ਘੂਮਰ ਨਾਲ ਹੋਵੇਗਾ। ਇਹ ਫ਼ਿਲਮ ਫ਼ੈਸਟੀਵਲ 12 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਫ਼ਿਲਮ ਦੇ ਨਿਰਮਾਤਾਵਾਂ ਅਨੁਸਾਰ ਇਹ ਫ਼ਿਲਮ ਪੈਰਾਪਲਾਜ਼ੀਆ (ਸ਼ਰੀਰ ਦਾ ਲੱਕ ਤੋਂ ਹੇਠਾਂ ਤਕ ਦਾ ਭਾਗ ਨਕਾਰਾ ਹੋਣਾ) ਬੀਮਾਰੀ ਤੋਂ ਪੀੜਤ ਇੱਕ ਖਿਡਾਰਨ (ਸਿਯਾਮੀ) ਦੀ ਦਮਦਾਰ ਕਹਾਣੀ ਬਿਔਨਦੀ ਹੈ ਜੋ ਆਪਣੇ ਕੋਚ (ਅਭਿਸ਼ੇਕ) ਦੀ ਨਿਗਰਾਨੀ ਹੇਠ ਇੱਕ ਸਫ਼ਲ ਕ੍ਰਿਕਟਰ ਬਣਦੀ ਹੈ। ਇਸ ਫ਼ਿਲਮ ਦੀ ਕਹਾਣੀ ਬਾਲਕੀ, ਰਾਹੁਲ ਸੇਨਗੁਪਤਾ ਅਤੇ ਰਾਸ਼ੀ ਵਿਰਮਾਨੀ ਨੇ ਸਾਂਝੇ ਰੂਪ ‘ਚ ਲਿਖੀ ਹੈ।
ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਅਬਾਲਕੀ ਤੇ ਅਭਿਸ਼ੇਕ ਬੱਚਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਘੂਮਰ ਨਾਲ ਫ਼ਿਲਮ ਫ਼ੈਸਟੀਵਲ ਦੀ ਸ਼ੁਰੂਆਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਇੱਕ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਕਮੀ ਨੂੰ ਤਾਕਤ ਬਣਾਉਣ ਵੱਲ ਪ੍ਰੇਰਦੀ ਹੈ। ਇਹ ਬਾਹਰੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਖ਼ੁਦ ਨੂੰ ਉਜਾਗਰ ਕਰਨ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮਨੁੱਖ ਦੀ ਵਿਦਰੋਹੀ ਤਾਸੀਰ ਅਤੇ ਖੇਡਾਂ ਦੇ ਆਪਸੀ ਸੁਮੇਲ ਰਾਹੀਂ ਦਰਸਾਉਂਦੀ ਹੈ ਕਿ ਖੇਡਾਂ ਜੀਵਨ ਦਾ ਮੁੱਲ ਹੋਰ ਵਧਾ ਦਿੰਦੀਆਂ ਹਨ। ਅਦਾਕਾਰਾ ਸਿਯਾਮੀ ਨੇ ਕਿਹਾ ਕਿ ਇਸ ਫ਼ਿਲਮ ਨਾਲ ਖਿਡਾਰਨ ਦੀ ਭੂਮਿਕਾ ਨਿਭਾਉਣ ਦੀ ਉਸ ਦੀ ਚਿਰਾਂ ਦੀ ਇੱਛਾ ਪੂਰੀ ਹੋਈ ਹੈ। ਸਿਯਾਮੀ ਨੇ ਕਿਹਾ, ”ਇਹ ਫ਼ਿਲਮ ਮੇਰੇ ਦਿਲ ਦੇ ਬਹੁਤ ਨੇੜੇ ਹਨ। ਸਕਰੀਨ ‘ਤੇ ਖਿਡਾਰੀ ਦੀ ਭੂਮਿਕਾ ਨਿਭਾਉਣਾ ਮੇਰਾ ਇੱਕ ਸੁਫ਼ਨਾ ਸੀ।”