ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ ਅਤੇ ਲੁੱਟ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਚਾਰ ਸ਼ੂਟਰਾਂ ਨੂੰ ਆਪਰੇਸ਼ਨ ਸੈੱਲ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰ ਸ਼ਗਨਪ੍ਰੀਤ ਸਿੰਘ ਤੇ ਡੋਨੀ ਬਲ ਦੇ ਇਸ਼ਾਰੇ ’ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਮੁਲਜ਼ਮਾਂ ਕੋਲੋਂ ਤਿੰਨ ਆਧੁਨਿਕ ਆਟੋਮੈਟਿਕ ਪਿਸਤੌਲ ਤੇ 16 ਕਾਰਤੂਸ ਵੀ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਵਾਸੀ ਗੌਰਵ ਉਰਫ਼ ਗੋਲਾ, ਰਜਤ ਉਰਫ਼ ਗੁੱਡਾ, ਆਰੀਅਨ ਤੇ ਸਿਰਸਾ ਵਾਸੀ ਰਵੀ ਨਿੱਝਰ ਉਰਫ਼ ਕਾਲੀ ਵਜੋਂ ਹੋਈ ਹੈ। ਇਹ ਸਾਰੇ ਸ਼ਗਨਪ੍ਰੀਤ ਤੇ ਡੋਨੀ ਬਲ ਦੇ ਮੁੱਖ ਸਹਿਯੋਗੀ ਤੇ ਸ਼ੂਟਰ ਵਜੋਂ ਕੰਮ ਕਰ ਰਹੇ ਸਨ। ਸ਼ੂਟਰਾਂ ਨੇ ਪੀ.ਯੂ. ’ਚ ਗੋਲੀਬਾਰੀ ਤੋਂ ਇਲਾਵਾ ਪੰਜਾਬ ’ਚ ਦੋ ਸਨਸਨੀਖੇਜ਼ ਕਤਲ ਮਾਮਲਿਆਂ ਤੇ ਖੰਨਾ ਗੋਲੀਬਾਰੀ ਕੇਸ ਦਾ ਵੀ ਖੁਲਾਸਾ ਕੀਤਾ ਹੈ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ 17 ਮਾਰਚ ਨੂੰ ਪੀ. ਯੂ. ਦੇ ਬੌਟਨੀ ਵਿਭਾਗ ’ਚ ਜਸ਼ਨ ਜਵੰਧਾ ’ਤੇ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਨੂੰ ਫੜ੍ਹਨ ਲਈ ਸਪੈਸ਼ਲ ਟੀਮਾਂ ਬਣਾਈਆਂ ਸਨ। ਆਪਰੇਸ਼ਨ ਸੈੱਲ ਦੇ ਡੀ. ਐੱਸ. ਪੀ. ਵਿਕਾਸ ਸ਼ਿਓਕੰਦ ਦੀ ਨਿਗਰਾਨੀ ’ਚ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਤੇ ਇੰਸਪੈਕਟਰ ਸਤਵਿੰਦਰ ਸਿੰਘ ਦੀਆਂ ਟੀਮਾਂ ਨੇ ਸ਼ੂਟਰਾਂ ਨੂੰ ਕਾਬੂ ਕੀਤਾ। ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਵਰਿਆਮ ਸਿੰਘ ਕਲੋਨੀ ਵਾਸੀ ਆਰੀਅਨ ਨੂੰ ਸੈਕਟਰ-26 ਸਥਿਤ ਪੈਨ ਏਸ਼ੀਅਨ ਐਕਸਪੀਰੀਅੰਸ ਕਲੱਬ ਦੇ ਪਿੱਛੇ ਵਾਟਰ ਵਰਕਸ ਤੋਂ ਕਾਬੂ ਕੀਤਾ। ਉਸ ਕੋਲੋਂ ਆਟੋਮੈਟਿਕ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਸਨ। ਇਸ ਤੋਂ ਬਾਅਦ ਪੁਲਸ ਟੀਮ ਨੇ ਅੰਮ੍ਰਿਤਸਰ ਦੇ ਪਿੰਡ ਭੂਟਾਨਪੁਰ ਵਾਸੀ ਗੌਰਵ ਤੇ ਰਜਤ ਤੇ ਰਵੀ ਨੂੰ ਕਾਬੂ ਕਰ ਲਿਆ।
ਐਨਕ੍ਰਿਪਟਡ ਐਪਸ ਰਾਹੀਂ ਕਰਦੇ ਸੀ ਗੱਲ
ਸ਼ੂਟਰਾਂ ਨੇ ਪੁੱਛਗਿੱਛ ’ਚ ਦੱਸਿਆ ਕਿ ਵਿਦੇਸ਼ ’ਚ ਬੈਠੇ ਗੈਂਗਸਟਰ ਡੋਨੀ ਬਲ ਤੇ ਸ਼ਗਨਪ੍ਰੀਤ ਸਿੰਘ ਦੇ ਪ੍ਰਮੁੱਖ ਸਹਿਯੋਗੀ ਤੇ ਸ਼ੂਟਰ ਵਜੋਂ ਸਰਗਰਮ ਰੂਪ ਨਾਲ ਕੰਮ ਕਰ ਰਹੇ ਸਨ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਐਨਕ੍ਰਿਪਟਡ ਸੋਸ਼ਲ ਮੀਡੀਆ ਐਪ ਰਾਹੀਂ ਦੋਵਾਂ ਗੈਂਗਸਟਰਾਂ ਨਾਲ ਲਗਾਤਾਰ ਸੰਪਰਕ ’ਚ ਸਨ, ਜੋ ਸੰਗਠਿਤ ਅੰਤਰਰਾਸ਼ਟਰੀ ਨਿਸ਼ਾਨਾ ਕਤਲ ਤੇ ਅਪਰਾਧਿਕ ਗਤੀਵਿਧੀਆਂ ’ਚ ਉਨ੍ਹਾਂ ਦੀ ਡੂੰਘੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ। ਸ਼ਗਨ ਤੇ ਡੋਨੀ ਵੱਖ-ਵੱਖ ਚੈਨਲਾਂ ਜ਼ਰੀਏ ਕਿਊ-ਆਰ ਰਾਹੀਂ ਛੋਟੀ-ਛੋਟੀ ਰਕਮ ਭੇਜਦੇ ਸਨ, ਜਿਸ ਦੀ ਫਿਲਹਾਲ ਜਾਂਚ ਚੱਲ ਰਹੀ ਹੈ।















